ਬਟਾਲਾ, 18 ਅਪ੍ਰੈਲ (ਵਿਕਾਸ ਮਠਾੜੂ – ਮੋਹਿਤ ਜੈਨ) : ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਹਲਕਾ ਵਿਧਾਇਕ ਬਟਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਜਿਥੇ ਵਿਕਾਸ ਕਾਰਜ ਤੇਜ਼ੀ ਨਾਲ ਕਰਵਾਏ ਜਾ ਰਹੇ ਹਨ,ਉਸਦੇ ਨਾਲ ਲੋਕਪੱਖੀ ਭਲਾਈ ਸਕੀਮਾਂ ਦਾ ਲਾਭ ਹੇਠਲੇ ਤੱਕ ਪੁਜਦਾ ਕਰਨ ਨੂੰ ਯਕੀਨੀ ਬਣਾਇਆ ਗਿਆ ਹੈ।ਉਨਾਂ ਵਲੋਂ ਲੋਕਾਂ ਦੀਆਂ ਮੁਸ਼ਕਿਲਾਂ ਸੁਣਕੇ ਉਨਾਂ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ।ਹਲਕੇ ਦਾ ਦੌਰਾ ਕਰਦਿਆਂ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਦੌਰਾਨ ਉਨਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਡਿਪੂਆਂ ’ਤੇ ਲੋਕਾਂ ਨੂੰ ਕਣਕ ਸੁਚਾਰੂ ਢੰਗ ਨਾਲ ਨਹੀਂ ਮਿਲ ਰਹੀ ਹੈ, ਜਿਸਦਾ ਉਨਾਂ ਗੰਭੀਰ ਨੋਟਿਸ ਲੈਦਿਆਂ ਸਬੰਧਤ ਵਿਭਾਗ ਨੂੰ ਦਿਸ਼ਾ-ਨਿਰਦੇਸ਼ ਦਿੱਤੇ।ਵਿਧਾਇਕ ਸ਼ੈਰੀ ਕਲਸੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਤਹਿਤ ਅਨਾਜ ਦੀ ਵੰਡ ਕੀਤੀ ਜਾਵੇ ਅਤੇ ਕਣਕ ਦੀ ਗੁਣਵੱਤਾ ਅਤੇ ਮਾਤਰਾ ਨੂੰ ਬਰਕਰਾਰ ਰੱਖਣ ਵਿੱਚ ਕਿਸੇ ਤਰਾਂ ਦੀ ਕੋਈ ਅਣਗਹਿਲੀ ਨਾ ਵਰਤੀ ਜਾਵੇ। ਉਨਾਂ ਡਿਪੂ ਹੋਲਡਰਾਂ ਨੂੰ ਸਖਤ ਸਬਦਾਂ ਵਿੱਚ ਕਿਹਾ ਕਿ ਸਰਕਾਰ ਵਲੋਂ ਲੋੜਵੰਦ ਲੋਕਾਂ ਦੀ ਸਹਾਇਤਾ ਲਈ ਵੰਡੇ ਜਾਣ ਵਾਲੇ ਅਨਾਜ ਵਿੱਚ ਕੋਈ ਢਿੱਲਮੱਠ ਜਾਂ ਕਮੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ, ਲੋਕਾਂ ਦੇ ਸਰਬਪੱਖੀ ਵਿਕਾਸ ਤੇ ਭਲਾਈ ਸਕੀਮਾਂ ਦਾ ਲਾਭ ਪਾਰਦਰਸ਼ੀ ਢੰਗ ਨਾਲ ਦੇਣ ਲਈ ਵਚਨਬੱਧ ਹੈ।ਉਨਾਂ ਬਟਾਲਾ ਹਲਕੇ ਦੇ ਵਿਕਾਸ ਦੀ ਗੱਲ ਕਰਦਿਆਂ ਕਿਹਾ ਕਿ ਹਲਕੇ ਅੰਦਰ ਵਿਕਾਸ ਕੰਮ ਤੇਜ਼ੀ ਨਾਲ ਚੱਲ ਰਹੇ ਹਨ ਅਤੇ ਮਹਿਜ ਇੱਕ ਸਾਲ ਦੇ ਅੰਦਰ ਕਰੋੜਾਂ ਰੁਪਏ ਦੇ ਵਿਕਾਸ ਕੰਮ ਕਰਵਾਏ ਜਾ ਚੁੱਕੇ ਹਨ।ਇਤਿਹਾਸਕ ਤੇ ਧਾਰਮਿਕ ਸ਼ਹਿਰ ਬਟਾਲਾ ਦੀ ਗੱਲ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਸ਼ਹਿਰ ਦੀਆਂ ਸਾਰੀਆਂ ਵਾਰਡਾਂ ਵਿੱਚ ਵੱਖ-ਵੱਖ ਕੰਮ ਪ੍ਰਗਤੀ ਅਧੀਨ ਹਨ ਅਤੇ ਬਟਾਲਾ ਸ਼ਹਿਰ ਦੇ ਇਤਿਹਾਸਕ ਸਥਾਨਾਂ ਦੀ ਸਾਂਭ ਸੰਭਾਲ ਤੇ ਖੂਬਸੂਰਤੀ ਲਈ ਵੀ ਵਿਸ਼ੇਸ ਰਣਨੀਤੀ ਉਲੀਕੀ ਗਈ ਹੈ।