ਪਿਛਲੇ ਦਿਨੀ ਥਾਣਾ ਅਜਨਾਲਾ ਵਿਖੇ ਪੰਜਾਬ ਦੇ ਵਾਰਿਸ ਪੰਜਾਬ ਦੇ ਸੰਸਥਾ ਦੇ ਆਗੂ ਭਾਈ ਅਮਿ੍ਰਤਪਾਲ ਸਿੰਘ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਪੁਲਿਸ ਸਟੇਸ਼ਨ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਨਾਲ ਲੈ ਕੇ ਜੋ ਕਾਰਵਾਈ ਕੀਤੀ ਉਸਦੀ ਚਰਚਾ ਦੇਸ਼-ਵਿਦੇਸ਼ ’ਚ ਹੋਈ ਅਤੇ ਹਰ ਕੋਈ ਉਸ ਘਟਨਾ ਦਾ ਆਪੋ-ਆਪਣੇ ਤਰੀਕੇ ਨਾਲ ਪ੍ਰਤੀਕਰਮ ਦੇ ਰਿਹਾ ਹੈ। ਕੁਝ ਲੋਕ ਇਸ ਕਾਰਵਾਈ ਨੂੰ ਸਹੀ ਤੇ ਕੁਝ ਨੂੰ ਗਲਤ ਸਮਝ ਰਹੇ ਹਨ। ਵਰਿੰਦਰ ਸਿੰਘ ਨਾਂ ਦੇ ਵਿਅਕਤੀ ਵਲੋਂ ਉਸਦੀ ਕੁੱਟਮਾਰ ਕਰਨ ਦੇ ਦੋਸ਼ ਲਗਾਉਣ ਤੋਂ ਬਾਅਦ ਥਾਣਾ ਅਜਨਾਲਾ ਵਿਖੇ ਭਾਈ ਅਮਿ੍ਰਤਪਾਲ ਸਿੰਘ ਸਮੇਤ 25 ਹੋਰ ਲੋਕਾਂ ਖਿਲਾਫ ਸੰਗੀਨ ਧਾਰਾਵਾਂ ਅਧੀਨ ਮੁਕਦਮਾ ਦਰਜ ਕੀਤਾ ਗਿਆ ਸੀ। ਉਸੇ ਦਿਨ ਤੋਂ ਪੁਲਿਸ ਅਤੇ ਭਾਈ ਅਮਿ੍ਰਤਪਾਲ ਸਿੰਘ ਵਿਚਕਾਰ ਅੱਖ ਮਿਚੋਲੀ ਚੱਲ ਰਹੀ ਸੀ। ਭਾਈ ਅਮਿ੍ਰਤਪਾਲ ਸਿੰਘ ਥਾਣਾ ਅਜਨਾਲਾ ਵਿਖੇ ਉਨ੍ਹਾਂ ਅਤੇ ਉਨ੍ਹਾਂ ਦੇ ਸਮਰਥਕਾਂ ਖਿਲਾਫ ਦਰਜ ਕੀਤੇ ਗਏ ਮੁਕਦਮੇਂ ਨੂੰ ਝੂਠਾ ਅਤੇ ਰਾਜਨੀਤੀ ਤੋਂ ਪ੍ਰੇਰਿਤ ਦੱਸ ਰਹੇ ਸ ਅਤੇ ਲਗਾਤਾਰ ਪੁਲਿਸ ਨੂੰ ਉਸ ਮੁਕਦਮੇ ਵਿਚ ਗਿਰਫਤਾਰੀ ਲਈ ਚੁਣੌਤੀ ਦੇ ਰਹੇ ਸਨ। ਪੁਲਿਸ ਨੇ ਭਾਵੇਂ ਭਾਈ ਅਮਿ੍ਰਤਪਾਲ ਸਿੰਘ ਨੂੰ ਤਾਂ ਗਿਰਫਤਾਰ ਨਹੀਂ ਕੀਤਾ ਪਰ ਉਨ੍ਹੰ ਦੇ ਸਮਰਥਕਾਂ ਨੂੰ ਇਕ ਇਕ ਕਰਕੇ ਗਿਰਫਤਾਰ ਕਰਨਾ ਸ਼ੁਰੂ ਕਰ ਦਿਤਾ ਸੀ। ਜਿਸਦੇ ਤਹਿਤ ਅਮਿ੍ਰਤਸਰ ਦੇ ਲਵਪ੍ਰੀਤ ਸਿੰਘ ਉਰਫ ਤੂਫਾਨ ਸਿੰਘ ਨੂੰ ਪੁਲਿਸ ਨੇ ਗਿਰਫਤਾਰ ਕਰਕੇ ਜੇਲ ਭੇਜ ਦਿਤਾ ਸੀ। ਉਸੇ ਰੋਸ ਵਜੋਂ ਭਾਈ ਅਮਿ੍ਰਤਪਾਲ ਸਿੰਘ ਵਲੋਂ ਸੈਂਕੜੇ ਸਮਰਥਕਾਂ ਨਾਲ ਥਾਣਾ ਅਜਨਾਲਾ ਦਾ ਘੇਰਾਓ ਕੀਤਾ ਗਿਆ ਅਤੇ ਪੁਲਿਸ ਨੂੰ ਉਕਤ ਐਫ ਆਈ ਆਰ ਨੂੰ ਰੱਦ ਕਰਨ ਅਤੇ ਲਵਪ੍ਰੀਤ ਸਿੰਘ ਨੂੰ ਰਿਹਾਅ ਕਰਨ ਦਾ ਸਮਝੌਤਾ ਕਰਨਾ ਪਿਆ। ਥਾਣਾ ਅਜਨਾਲਾ ਵਿਖੇ ਵਰਿੰਦਰ ਸਿੰਘ ਦੀ ਸ਼ਿਕਾਇਤ ਤੇ ਦਰਜ ਕੀਤੀ ਗਈ ਐਫ.ਆਈ.ਆਰ. ਨੂੰ ਪੁਲਿਸ ਰੱਦ ਕਰਨਾ ਮੰਨਦੀ ਹੈ ਤਾਂ ਇਸਦਾ ਸਿੱਧਾ ਜਿਹਾ ਮਤਲਬ ਹੈ ਕਿ ਵਰਿੰਦਰ ਸਿੰਘ ਨਾਂ ਦੇ ਵਿਅਕਤੀ ਵੱਲੋਂ ਲਾਏ ਦੋਸ਼ਾਂ ਤੋਂ ਬਾਅਦ ਜੋ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ, ਉਹ ਸਿਆਸਤ ਤੋਂ ਪ੍ਰੇਰਿਤ ਸੀ। ਹੁਣ ਵੱਡਾ ਸਵਾਲ ਇਹ ਹੈ ਕਿ ਪੁਲੀਸ ਸਿਆਸੀ ਦਬਾਅ ਹੇਠ ਹੈ। ਅਮ੍ਰਿਤਪਾਲ ਸਿੰਘ ਅਤੇ ਉਸ ਦੇ ਸਮਰਥਕਾਂ ਨੇ ਰੋਸ ਪ੍ਰਦਰਸ਼ਨ ਕੀਤਾ ਅਤੇ ਝੂਠੇ ਮੁਕਦਮੇ ਨੂੰ ਰੱਦ ਕਰਵਾਉਣ ਵਿਚ ਸਫਲ ਹੋ ਗਏ। ਪਰ ਆਮ ਲੋਕਾਂ ਦਾ ਕੀ ਹਾਲ ਹੈ? ਹਾਲਤ ਇਹ ਹੈ ਕਿ ਅਜਿਹੇ ਸਿਆਸੀ ਲੋਕਾਂ ਦੇ ਦਬਾਅ ਅਤੇ ਪੁਲਿਸ ਦੇ ਦਲਾਲਾਂ ਕਾਰਨ ਬਹੁਤ ਸਕਾਰੇ ਬੇਕਸੂਰ ਲੋਕਾਂ ਨੂੰ ਝੂਠੇ ਮੁਕਦਮੇ ਦਰਜ ਕਰਕੇ ਕਾਨੂੰਨੀ ਦਾਅ-ਪੇਚਾਂ ਵਿਚ ਉਲਝਾ ਦਿਤਾ ਜਾਂਦਾ ਹੈ। ਕਈ ਤਾਂ ਵਿਚਾਰੇ ਬਿਨ੍ਹਾਂ ਕਿਸੇ ਕਸੂਰ ਦੇ ਜੇਲ ਤੱਕ ਭੇਜ ਦਿਤੇ ਜਾਂਦੇ ਹਨ। ਅਜਿਹੀਆਂ ਅਨੇਕਾਂ ਮਿਸਾਲਾਂ ਪੰਜਾਬ ਦੇ ਹਰ ਪਿੰਡ, ਸ਼ਹਿਰ ਅਤੇ ਜ਼ਿਲ੍ਹੇ ਵਿਚ ਦੇਖਣ ਨੂੰ ਮਿਲਦੀਆਂ ਹਨ। ਜਿਨ੍ਹਾਂ ਵਿਚ ਪੁਲਿਸ ਸਿਆਸੀ ਲੋਕਾਂ ਦੇ ਦਬਾਅ ਕਾਰਨ ਬੇਕਸੂਰ ਲੋਕਾਂ ’ਤੇ ਕੇਸ ਦਰਜ ਕਰ ਦਿੰਦੀ ਹੈ। ਅਜਿਹੇ ਵੀ ਕਈ ਮਾਮਲੇ ਸਾਹਮਣੇ ਆਉਂਦੇ ਹਨ, ਪੀੜਤ ਇਨਸਾਫ ਲੈਣ ਲਈ ਪੁਲਸ ਅਧਿਕਾਰੀਆਂ ਦੇ ਦਫਤਰਾਂ ਦੇ ਗੇੜੇ ਮਾਰ-ਮਾਰ ਕੇ ਥੱਕ ਜਾਂਦੇ ਹਨ। ਪਰ ਪੁਲਿਸ ਉਨ੍ਹਾਂ ਨੂੰ ਇਨਸਾਫ ਨਹੀਂ ਦਿੰਦੀ। ਅਜਿਹੇ ਮਾਮਲਿਆਂ ਵਿੱਚ ਸਿਆਸੀ ਦਖਲਅੰਦਾਜ਼ੀ ਜਾਂ ਪੈਸਾ ਚਲਦਾ ਹੈ ਤਾਂ ਇਨਸਾਫ ਨਾਮ ਦੀ ਚਿੜੀ ਕਿਥੇ ਹੈ ? ਜਿਨ੍ਹਾਂ ਲੋਕਾਂ ਵਿਰੁੱਧ ਪੁਲਿਸ ਗੈਰ-ਜ਼ਮਾਨਤੀ ਧਾਰਾਵਾਂ ਤਹਿਤ ਕੇਸ ਦਰਜ ਕਰ ਦਿੰਦੀ ਹੈ ਉੁਨ੍ਹਾਂ ਦਾ ਕੈਰੀਅਰ ਬਰਬਾਦ ਹੋ ਜਾਂਦਾ ਹੈ ਅਤੇ ਆਪਣੇ ਆਪ ਨੂੰ ਬੇਕਸੂਰ ਸਾਬਤ ਕਰਨ ਲਈ ਲੱਖਾਂ ਰੁਪਏ ਖਰਚਣੇ ਪੈਂਦੇ ਹਨ। ਕਈ ਅਜਿਹੇ ਮਾਮਲੇ ਵੀ ਸਾਹਮਣੇ ਆਉਂਦੇ ਹਨ ਜਿਨ੍ਹਾਂ ’ਚ ਗੈਰ-ਜ਼ਮਾਨਤੀ ਧਾਰਾਵਾਂ ਕਾਰਨ ਪੁਲਿਸ ਬੇਕਸੂਰਾਂ ਨੂੰ ਫੜ ਕੇ ਜੇਲ੍ਹ ’ਚ ਡੱਕ ਦਿੰਦੀ ਹੈ। ਹੁਣ ਸੋਚਣ ਵਾਲੀ ਗੱਲ ਹੈ ਕਿ ਜਿਨ੍ਹਾਂ ਲੋਕਾਂ ਕੋਲ ਪੈਸੇ ਨਹੀਂ ਹਨ ਜਾਂ ਕੋਈ ਸਿਆਸੀ ਸਿਫਾਰਸ਼ ਨਹੀਂ ਹੈ ਤਾਂ ਉੁਨ੍ਹਾਂ ਦੀ ਹਾਲਤ ਕੀ ਹੋਵੇਗੀ। ਥਾਣਾ ਅਜਨਾਲਾ ’ਚ ਕੀਤੀ ਗਈ ਕਾਰਵਾਈ ਤੋਂ ਇਹ ਗੱਲ ਸਾਹਮਣੇ ਆਈ ਹੈ। ਸਿਆਸੀ ਦਬਾਅ ਅਧੀਨ ਪੁਲਿਸ ਕਿਸੇ ’ਤੇ ਕਿਸੇ ਵੀ ਤਰ੍ਹਾਂ ਦਾ ਕੇਸ ਦਰਜ ਕਰ ਸਕਦੀ ਹੈ। ਇਸ ਲਈ ਹੁਣ ਸਾਰਿਆਂ ਨੂੰ ਇਨਸਾਫ਼ ਲੈਣ ਲਈ ਭਾਈ ਅੰਮ੍ਰਿਤਪਾਲ ਸਿੰਘ ਦੇ ਰਾਹ ’ਤੇ ਚੱਲਣਾ ਪਵੇਗਾ ? ਇੱਥੇ ਮੈਂ ਇਹ ਵੀ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਅਸੀਂ ਨਾ ਤਾਂ ਅੰਮ੍ਰਿਤਪਾਲ ਸਿੰਘ ਦੇ ਉਸ ਕਦਮ ਦੇ ਹੱਕ ਵਿੱਚ ਹਾਂ ਅਤੇ ਨਾ ਹੀ ਇਸ ਦੇ ਵਿਰੋਧ ਵਿਚ। ਪਰ ਉਸ ਦੀ ਇਹ ਕਾਰਵਾਈ ਜ਼ਰੂਰ ਹਰ ਕਿਸੇ ਲਈ ਸੋਚਣ ਲਈ ਮਜਬੂਰ ਕਰ ਦਿੰਦੀ ਹੈ ਕਿ ਅਜਿਹੇ ਮਾਮਲਿਆਂ ਵਿਚ ਮੌਜੂਦਾ ਪੰਜਾਬ ਸਰਕਾਰ ਵੀ ਪਿਛਲੀਆਂ ਸਰਕਾਰਾਂ ਦੇ ਨਕਸ਼ੇ-ਕਦਮਾਂ ’ਤੇ ਹੀ ਚੱਲ ਰਹੀ ਹੈ ? ਜੋ ਲੋਕ ਇਨਸਾਫ਼ ਲਈ ਸਾਲਾਂ ਤੋਂ ਭਟਕ ਰਹੇ ਹਨ, ਉਨ੍ਹਾਂ ਨੂੰ ਇਨਸਾਫ਼ ਦਿੱਤਾ ਜਾਣਾ ਚਾਹੀਦਾ ਹੈ। ਜੋ ਅਪਰਾਧ ਕਰਦੇ ਹਨ ਭਾਵੇਂ ਉਹ ਕੋਈ ਵੀ ਕਿਉਂ ਨਾ ਹੋਵੇ ਅਤੇ ਕਿੰਨੇ ਵੀ ਵੱਡੇ ਰੁਤਬੇ ਦਾ ਮਾਲਕ ਕਿਉਂ ਨਾ ਹੋਵੇ ਉਸਨੂੰ ਕਾਨੂੰਨ ਦੇ ਸ਼ਿਕੰਜੇ ’ਚ ਲਿਆਂਦਾ ਜਾਣਾ ਚਾਹੀਦਾ ਹੈ। ਇਸ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਕਿਸੇ ਵੀ ਬੇਕਸੂਰ ’ਤੇ ਅਮਲ ’ਚ ਨਹੀਂ ਲਿਆਂਦੀ ਜਾਣੀ ਚਾਹੀਦੀ। ਇਸ ਲਈ ਪੁਲਸ ਪ੍ਰਸ਼ਾਸਨ ’ਚ ਸਿਆਸੀ ਦਖਲ ਅੰਦਾਜ਼ੀ ਜੋ ਪਹਿਲਾਂ ਵੀ ਚਲਦੀ ਸੀ ਅਤੇ ਹੁਣ ਵੀ ਜਾਰੀ ਹੈ। ਜੇਕਰ ਆਮ ਆਦਮੀ ਪਾਰਟੀ ਸੱਚਮੁੱਚ ਹੀ ਪੰਜਾਬ ਵਿਚ ਬਦਲਾਅ ਦੀ ਰਾਜਨੀਤੀ ਕਰਨੀ ਚਾਹੁੰਦੀ ਹੈ ਤਾਂ ਉਸਨੂੰ ਕਹਿਣੀ ਅਤੇ ਕਰਨੀ ਵਿਚਲਾ ਅੰਤਰ ਸਮਾਪਤ ਕਰਨਾ ਪਏਗਾ।
ਹਰਵਿੰਦਰ ਸਿੰਘ ਸੱਗੂ ।