ਕਾਦੀਆਂ, 26 ਮਾਰਚ, 2022(ਬਿਊਰੋ) ਕਾਦੀਆਂ ਚ ਬਾਹਰੋਂ ਆਕੇ ਭੀਖ ਮੰਗਣ ਵਾਲੀਆਂ ਔਰਤਾਂ ਦੀ ਤਾਦਾਦ ਲਗਾਤਾਰ ਵਧਦੀ ਚਲੀ ਜਾ ਰਹੀ ਹੈ। ਚਿੰਤਾਜਨਕ ਗੱਲ ਇਹ ਹੈ ਕਿ ਮਹਿਲਾਵਾਂ ਆਪਣੇ ਨਵ ਜੰਮੇ ਅਤੇ ਦੁੱਧ ਪੀਂਦੇ ਬੱਚਿਆਂ ਨੂੰ ਗੋਦੀ ਚੁੱਕ ਕੇ ਭੀਖ ਮੰਗਦੀਆਂ ਨਜ਼ਰ ਆਉਂਦੀਆਂ ਹਨ। ਕਈ ਭਿਖਾਰਣਾਂ ਨੇ ਤਾਂ ਆਪਣੇ ਛੋਟ ਛੋਟੇ ਬੱਚੇ ਸਕੂਲ ਭੇਜਣ ਦੀ ਥਾਂ ਮੰਗਣ ਦੇ ਕੰਮ ’ਚ ਲੱਗਾ ਦਿੱਤੇ ਹਨ। ਇਸ ਧੰਦੇ ਚ ਭੀਖ ਮੰਗਣ ਵਾਲੀਆਂ ਨੇ ਤਾਂ ਆਪਣਾ ਪੂਰਾ ਪਰਿਵਾਰ ਹੀ ਝੋਕ ਦਿੱਤਾ ਹੈ। ਇਸ ਸਬੰਧ ਚ ਸਮਾਜ ਸੇਵਕ ਬਲਦੇਵ ਕੁਮਾਰ ਦਾ ਕਹਿਣਾ ਹੈ ਕਿ ਭਿਖਾਰੀਆਂ ਨੇ ਇਸ ਨੂੰ ਬਾਕਾਇਦਾ ਧੰਦਾ ਬਣਾ ਲਿਆ ਹੈ। ਲੋਕਾਂ ਵੱਲੋਂ ਪੈਸੇ ਦਿੱਤੇ ਜਾਣ ਨਾਲ ਉਨ੍ਹਾਂ ਨੂੰ ਭੀਖ ਮੰਗਣ ਦਾ ਹੌਂਸਲਾ ਮਿਲਦਾ ਹੈ। ਬੱਚਿਆਂ ਨੂੰ ਸਕੂਲ ਭੇਜਣ ਦੀ ਬਜਾਏ ਛੋਟੀ ਉਮਰ ’ਚ ਹੀ ਇਨ੍ਹਾਂ ਨੂੰ ਮੰਗਣ ਦੇ ਧੰਦੇ ’ਚ ਧਕੇਲ ਕੇ ਉਨ੍ਹਾਂ ਨਾਲ ਵੱਡੀ ਬੇਇਨਸਾਫ਼ੀ ਹੋ ਰਹੀ ਹੈ। ਸਮਾਜ ’ਚ ਵੀ ਇਸ ਦਾ ਗ਼ਲਤ ਅਸਰ ਪੈਂਦਾ ਹੈ ਅਤੇ ਅਨਪੜ੍ਹਤਾ ਦਰ ਵੱਧ ਜਾਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਜ਼ਿਲ੍ਹਾ ਚ ਬਾਲ ਕਲਿਆਣ ਵਿਭਾਗ ਨੂੰ ਚਾਹੀਦਾ ਹੈ ਕਿ ਉਹ ਇਸ ਤਰ੍ਹਾਂ ਦੇ ਬੱਚਿਆਂ ਦਾ ਭਵਿੱਖ ਖ਼ਰਾਬ ਹੋਣ ਤੋਂ ਬਚਾਉਣ ਲਈ ਅੱਗੇ ਆਵੇ ਅਤੇ ਲੋੜੀਂਦੀ ਕਦਮ ਚੁੱਕੇ।