Home crime ਪ੍ਰੇਮਿਕਾ ਤੋਂ ਪ੍ਰੇਸ਼ਾਨ ਕਬੱਡੀ ਖਿਡਾਰੀ ਨੇ ਨਿਗਲਿਆ ਜ਼ਹਿਰ, ਮੌਤਪ੍ਰੇਮਿਕਾ ਅਤੇ ਉਸ ਦੀ...

ਪ੍ਰੇਮਿਕਾ ਤੋਂ ਪ੍ਰੇਸ਼ਾਨ ਕਬੱਡੀ ਖਿਡਾਰੀ ਨੇ ਨਿਗਲਿਆ ਜ਼ਹਿਰ, ਮੌਤ
ਪ੍ਰੇਮਿਕਾ ਅਤੇ ਉਸ ਦੀ ਮਾਂ ਖਿਲਾਫ ਮੁਕਦਮਾ ਦਰਜ

72
0


ਜਗਰਾਓਂ, 13 ਸਤੰਬਰ ( ਰਾਜੇਸ਼ ਜੈਨ, ਭਗਵਾਨ ਭੰਗੂ )-ਜਗਰਾਉਂ ਦੇ ਮੁਹੱਲਾ ਆਵਿਆਂ ਦੇ ਰਹਿਣ ਵਾਲੇ ਕਬੱਡੀ ਖਿਡਾਰੀ ਗੁਰਪ੍ਰੀਤ ਸਿੰਘ ਉਰਫ ਗੋਪੀ ਦੀ ਸਲਫਾਸ ਦੀਆਂ ਗੋਲੀਆਂ ਨਿਗਲਣ ਕਾਰਨ ਮੌਤ ਹੋ ਗਈ। ਉਸ ਦੀ ਮੌਤ ਲਈ ਉਸ ਦੀ ਪ੍ਰੇਮਿਕਾ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਪਰਿਵਾਰ ਵਾਲਿਆਂ ਨੇ ਥਾਣਾ ਸਿਟੀ ਵਿਖੇ ਪਹੁੰਚ ਕੇ ਰੋਸ ਜਾਹਿਰ ਕੀਤਾ ਅਤੇ ਕਾਰਵਾਈ ਦੀ ਮੰਗ ਕੀਤੀ। ਜਿਸ ’ਤੇ ਥਾਣਾ ਸਿਟੀ ਦੀ ਪੁਲੀਸ ਵੱਲੋਂ ਪ੍ਰੇਮਿਕਾ ਨੇਹਾ ਅਤੇ ਉਸ ਦੀ ਮਾਂ ਅਮਰਜੀਤ ਕੌਰ ਦੇ ਖ਼ਿਲਾਫ਼ ਧਾਰਾ 306 ਤਹਿਤ ਕੇਸ ਦਰਜ ਕੀਤਾ ਗਿਆ। ਮ੍ਰਿਤਕ ਗੁਰਪ੍ਰੀਤ ਸਿੰਘ ਉਰਫ ਗੋਪੀ ਦੇ ਪਿਤਾ ਸਰਵਣ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਵਿਆਹਿਆ ਹੋਇਆ ਹੈ। ਉਹ 32 ਸਾਲਾਂ ਦਾ ਸੀ ਅਤੇ ਉਸ ਦੇ ਤਿੰਨ ਬੱਚੇ ( ਦੋ ਲੜਕੇ ਅਤੇ ਇੱਕ ਲੜਕੀ ) ਹਨ, 11 ਅਗਸਤ ਨੂੰ ਇਕ ਲੜਕੀ ਉਸ ਦੇ ਘਰ ਆਈ। ਜੋ ਆਪਣੇ ਆਪ ਨੂੰ ਪਿੰਡ ਝੱਮਟ ਦਾ ਵਸਨੀਕ ਦੱਸ ਰਹੀ ਸੀ। ਉਸਦੇ ਹੱਥ ਵਿੱਚ ਸਲਫਾਸ ਦੀਆਂ ਗੋਲੀਆਂ ਸਨ। ਜਦੋਂ ਉਹ ਉਸਦੇ ਘਰ ਪਹੁੰਚੀ ਤਾਂ ਗੁਰਪ੍ਰੀਤ ਦੀ ਪਤਨੀ ਅਤੇ ਹੋਰ ਪਰਿਵਾਰਕ ਮੈਂਬਰ ਵੀ ਘਰ ਵਿੱਚ ਮੌਜੂਦ ਸਨ। ਉਸ ਨੇ ਆਉਂਦਿਆਂ ਹੀ ਗੁਰਪ੍ਰੀਤ ਸਿੰਘ ਨੂੰ ਕਿਹਾ ਕਿ ਉਹ ਆਪਣੇ ਨਾਲ ਸਲਫਾਸ ਦੀਆਂ ਗੋਲੀਆਂ ਲੈ ਕੇ ਆਈ ਹੈ। ਹੁਣੇ ਮੇਰੇ ਨਾਲ ਚੱਲੋ ਨਹੀਂ ਤਾਂ ਮੈਂ ਇਨ੍ਹਾਂ ਗੋਲੀਆਂ ਨੂੰ ਨਿਗਲ ਕੇ ਇੱਥੇ ਹੀ ਮਰ ਜਾਵਾਂਗੀ। ਉਥੇ ਝਗੜਾ ਕਰਕੇ ਉਹ ਗੁਰਪ੍ਰੀਤ ਸਿੰਘ ਨੂੰ ਆਪਣੇ ਨਾਲ ਜਲੰਧਰ ਲੈ ਗਈ। ਇਸ ’ਤੇ ਗੁਰਪ੍ਰੀਤ ਸਿੰਘ ਦੇ ਪਰਿਵਾਰ ਵਲੋਂ ਥਾਣਾ ਸਿਟੀ ਜਗਰਾਓਂ ਵਿਖੇ ਉਸਨੂੰ ਮਰਨ ਦੀ ਧਮਕੀ ਦੇ ਕੇ ਅਗਵਾ ਕਰਕੇ ਲੈ ਜਾਣ ਸੰਬੰਧੀ ਸੂਚਨਾ ਦਿਤੀ। ਅਗਲੇ ਦਿਨ ਉਕਤ ਲੜਕੀ ਆਪਣੀ ਮਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਸਮੇਤ ਗੁਰਪ੍ਰੀਤ ਸਿੰਘ ਨੂੰ ਲੈ ਕੇ ਥਾਣਾ ਸਿਟੀ ਵਿਖੇ ਪਹੁੰਚ ਗਈ। ਉਥੇ ਵੀ ਉਨ੍ਹਾਂ ਦੀ ਗੁਰਪ੍ਰੀਤ ਨਾਲ ਲੜਾਈ ਝਗੜਾ ਕੀਤਾ ਅਤੇ ਉਸ ਨਾਲ ਧੱਕਾ-ਮੁੱਕੀ ਕੀਤੀ ਅਤੇ ਬਾਅਦ ਵਿਚ ਸਾਰੇ ਉਥੋਂ ਚਲੇ ਗਏ। ਉਪਰੋਕਤ ਸਾਰੀ ਘਟਨਾ ਤੋਂ ਦੁਖੀ ਹੋ ਕੇ ਗੁਰਪ੍ਰੀਤ ਸਿੰਘ ਨੇ ਬੁੱਧਵਾਰ ਸਵੇਰੇ ਉਕਤ ਸਲਫਾਸ ਦੀਆਂ ਗੋਲੀਆਂ ਨਿਗਲ ਲਈਆਂ ਅਤੇ ਉਸ ਦੀ ਮੌਤ ਹੋ ਗਈ।
ਕਾਰਵਾਈ ਹੋਣ ਤੱਕ ਸੰਸਕਾਰ ਨਾ ਕਰਨ ਦਾ ਫੈਸਲਾ-
ਗੁਰਪ੍ਰੀਤ ਸਿੰਘ ਉਰਫ਼ ਗੋਪੀ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰ ਵਾਰਡ ਦੇ ਕੌਂਸਲਰ ਹਿਮਾਂਸ਼ੂ ਮਲਿਕ ਤੇ ਹੋਰਨਾਂ ਨੂੰ ਨਾਲ ਲੈ ਕੇ ਥਾਣਾ ਸਿਟੀ ਵਿਖੇ ਪੁੱਜੇ ਅਤੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਗੁਰਪ੍ਰੀਤ ਸਿੰਘ ਨੂੰ ਮਰਨ ਲਈ ਮਜਬੂਰ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਸ ਦਾ ਸੰਸਕਾਰ ਨਹੀਂ ਕੀਤਾ ਜਾਵੇਗਾ। ਇਸ ਮੌਕੇ ਥਾਣਾ ਸਿਟੀ ਦੇ ਇੰਚਾਰਜ ਇੰਸਪੈਕਟਰ ਜਗਜੀਤ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਦੀ ਮੌਤ ਦੇ ਸਬੰਧ ’ਚ ਉਸ ਦੇ ਘਰ ਆਈ ਲੜਕੀ ਨੇਹਾ ਅਤੇ ਉਸ ਦੀ ਮਾਤਾ ਅਮਰਜੀਤ ਕੌਰ ਦੇ ਖਿਲਾਫ ਧਾਰਾ 306 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

LEAVE A REPLY

Please enter your comment!
Please enter your name here