ਚੋਰ ਸੋਨੇ ਤੇ ਚਾਂਦੀ ਦੇ ਗਹਿਣੇ ਲੈ ਗਏ
ਹਠੂਰ, 13 ਸਤੰਬਰ ( ਲਿਕੇਸ਼ ਸ਼ਰਮਾਂ, ਵਿਕਾਸ ਮਠਾੜੂ )-ਪਿੰਡ ਭੰਮੀਪੁਰਾ ਕਲਾਂ ਦੇ ਸਾਬਕਾ ਸਰਪੰਚ ਦੇ ਘਰ ਦਿਨ ਦਿਹਾੜੇ ਚੋਰਾਂ ਨੇ ਤਾਲੇ ਤੋੜ ਕੇ ਸੋਨੇ ਤੇ ਚਾਂਦੀ ਦੇ ਗਹਿਣੇ ਲੈ ਗਏ। ਇਸ ਸਬੰਧੀ ਥਾਣਾ ਹਠੂਰ ਵਿੱਚ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਥਾਣਾ ਹਠੂਰ ਦੇ ਏ.ਐਸ.ਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਸਾਬਕਾ ਸਰਪੰਚ ਭੰਮੀਪੁਰਾ ਬਲੌਰ ਸਿੰਘ ਵੱਲੋਂ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ 8 ਅਗਸਤ ਨੂੰ ਸਵੇਰੇ 11.30 ਤੋਂ 2 ਵਜੇ ਤੱਕ ਆਪਣੇ ਘਰੋਂ ਬਾਹਰ ਗਏ ਹੋਏ ਸੀ ਅਤੇ ਘਰ ਨੂੰ ਤਾਲਾ ਲੱਗਿਆ ਹੋਇਆ ਸੀ। ਜਦੋਂ ਅਸੀਂ ਵਾਪਸ ਘਰ ਆਏ ਤਾਂ ਦੇਖਿਆ ਕਿ ਘਰ ਦੇ ਮੁੱਖ ਗੇਟ ਦਾ ਤਾਲਾ ਖੁੱਲ੍ਹਾ ਸੀ ਅਤੇ ਘਰ ਦੇ ਅੰਦਰਲੇ ਕਮਰਿਆਂ ਦੇ ਦਰਵਾਜ਼ਿਆਂ ਦੇ ਤਾਲੇ ਵੀ ਟੁੱਟੇ ਹੋਏ ਸਨ ਅਤੇ ਦਰਵਾਜ਼ੇ ਖੁੱਲ੍ਹੇ ਪਏ ਸਨ। ਤਫਤੀਸ਼ ਕਰਨ ’ਤੇ ਪਤਾ ਲੱਗਾ ਕਿ ਚੋਰਾਂ ਨੇ ਘਰ ’ਚ ਰੱਖੇ ਬਾਕਸ ਬੈੱਡ ’ਚੋਂ ਡੇਢ ਤੋਲੇ ਦਾ ਸੋਨੇ ਦਾ ਕੜਾ, ਦੋ ਤੋਲੇ ਸੋਨੇ ਦੀਆਂ ਜੈਂਟਸ ਮੁੰਦਰੀਆਂ, ਇਕ ਜੋੜੀ ਕੰਨਾਂ ਦੀਆਂ ਵਾਲੀਆਂ, ਚਾਂਦੀ ਦੇ ਸਗਲੇ ਦਾ ਸੈੱਟ ਅਤੇ ਕੰਗਣ ਦੀ ਜੋੜੀ ਚੋਰੀ ਕਰ ਲਈ। ਇਸ ਤੋਂ ਇਲਾਵਾ ਘਰ ਵਿੱਚ ਪਈ 18 ਹਜ਼ਾਰ ਰੁਪਏ ਦੀ ਨਕਦੀ ਵੀ ਲੈ ਗਏ। ਬਲੌਰ ਸਿੰਘ ਦੀ ਸ਼ਿਕਾਇਤ ’ਤੇ ਪੜਤਾਲ ਕਰਨ ਉਪਰੰਤ ਸੁਖਵਿੰਦਰ ਸਿੰਘ ਅਤੇ ਸੰਦੀਪ ਸਿੰਘ ਵਾਸੀ ਪਿੰਡ ਭੰਮੀਪੁਰਾ ਕਲਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਚੋਰੀ ਦੇ ਗਹਿਣੇ ਬਰਾਮਦ ਕੀਤੇ ਗਏ ਹਨ।