ਲੱਖਾਂ ਦੀ ਤਾਦਾਦ ‘ਚ ਸੰਗਤਾਂ ਗੁਰੂ ਘਰ ਹੋਈਆਂ ਨਤਮਸਤਕ
ਸ੍ਰੀ ਅਨੰਦਪੁਰ ਸਾਹਿਬ 17 ਮਾਰਚ (ਬਿਊਰੋ ) ਖ਼ਾਲਸਾ ਪੰਥ ਦੇ ਪਾਵਨ ਅਸਥਾਨ, ਗੁਰੂ ਕੀ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਅੱਜ ਸਿੱਖ ਪ੍ਰੰਪਰਾਵਾਂ, ਸਿੱਖੀ ਸਿਧਾਤਾਂ ‘ਤੇ ਪੂਰੀ ਤਰ੍ਹਾਂ ਖ਼ਾਲਸਾਈ ਜਾਹੋ ਜਲਾਲ ਨਾਲ ਹੋਲੇ ਮਹੱਲੇ ਦੀ ਅਰੰਭਤਾ ਹੋ ਗਈ। ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਪਾਵਨ ਅਸਥਾਨ ਤੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸ਼ੋ੍ਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਦਲਜੀਤ ਸਿੰਘ ਭਿੰਡਰ, ਸੁਰਿੰਦਰ ਸਿੰਘ, ਹੈੱਡ ਗੰ੍ਥੀ ਗਿਆਨੀ ਜੋਗਿੰਦਰ ਸਿੰਘ ਵੱਲੋਂ ਅਰਦਾਸ ਕਰਕੇ ਜੈਕਾਰਿਆਂ ਦੀ ਗੂੰਜ ‘ਚ ਹੋਲੇ ਮਹੱਲੇ ਦੀ ਆਰੰਭਤਾ ਕਰ ਦਿਤੀ ਗਈ। ਇਸ ਤੋਂ ਪਹਿਲਾ ਹੋਲਾ ਮਹੱਲਾ ਪਹਿਲੇ ਤਿੰਨ ਦਿਨ ਸ੍ਰੀ ਕੀਰਤਪੁਰ ਸਾਹਿਬ ਵਿਖੇ ਮਨਾਇਆ ਗਿਆ ਸੀ ਜੋ ਬੀਤੇ ਬੁੱਧਵਾਰ ਨੂੰ ਸਮਾਪਤ ਹੋ ਗਿਆ ਸੀ।
ਅੱਜ ਇਸ ਪਾਵਨ ਤਿਉਹਾਰ ਦੇ ਪਹਿਲੇ ਦਿਨ ਸੰਗਤਾਂ ਲੱਖਾਂ ਦੀ ਤਾਦਾਦ ‘ਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੇ ਹੋਰ ਗੁਰਦੁਆਰਿਆਂ ‘ਚ ਨਤਮਸਤਕ ਹੋਈਆਂ। ਸ੍ਰੀ ਅਖੰਡ ਪਾਠ ਸਾਹਿਬ ਅਰੰਭ ਹੋਣ ਤੋ ਬਾਅਦ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੰਗਤਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸੰਨ 1700 ਵਿਚ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਅਰੰਭ ਕੀਤਾ ਸੀ। ਗੁਰੂ ਸਾਹਿਬ ਨੇ ਸਿੰਘਾਂ ‘ਚ ਜੋਸ਼ ਪੈਦਾ ਕਰਨ ਲਈ ਹੋਲੇ ਮਹੱਲੇ ਦੀ ਅਰੰਭਤਾ ਕੀਤੀ ਸੀ।ਉਨ੍ਹਾਂ ਕਿਹਾ ਕਿ ਹੋਲੇ ਦਾ ਹੋਲੀ ਨਾਲ ਕੋਈ ਸਬੰਧ ਨਹੀਂ। ਗੁਰੂ ਸਾਹਿਬ ਨੇ ਸਿੱਖਾਂ ਦਾ ਨਿਆਰਾਪਨ ਕਾਇਮ ਰੱਖਣ ਤੇ ਖ਼ਾਲਸੇ ਦੀ ਚੜ੍ਹਦੀ ਕਲਾ ਲਈ ਹੋਲੇ ਮਹੱਲੇ ਮੌਕੇ ਜੰਗਜੂ ਕਰਤੱਬ ਕਰਨੇ, ਘੋੜ ਸਵਾਰੀ ਤੇ ਸ਼ਸ਼ਤਰ ਵਿੱਦਿਆ ਦੇ ਅਭਿਆਸ ਕਰਨ ਦੇ ਹੁਕਮ ਦਿਤੇ ਸਨ। ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਨੇ ਸਮੁੱਚੇ ਸਿੱਖਾਂ ਨੂੰ ਅੰਮਿ੍ਤਧਾਰੀ ਹੋਣ ਦਾ ਹੁਕਮ ਕੀਤਾ ਸੀ ਪਰ ਇਹ ਅਫਸੋਸ ਦੀ ਗੱਲ ਹੈ ਕਿ ਅੱਜ ਬਹੁਤੇ ਨੌਜਵਾਨ ਫੈਸ਼ਨ ਦੇ ਦੌਰ ‘ਚ ਵਿਚਰਦਿਆਂ ਗੁਰੂ ਹੁਕਮਾਂ ਨੂੰ ਭੁੱਲ ਕੇ ਆਪਣੀ ਸਰਦਾਰੀ ਦੇ ਆਪ ਕਾਤਲ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਗੁਰੂ ਹੁਕਮਾਂ ਮੁਤਾਬਿਕ ਖੰਡੇ ਬਾਟੇ ਦਾ ਅਮਿੰ੍ਤ ਛਕ ਕੇ ਗੁਰੂ ਵਾਲੇ ਬਨਣਾ ਚਾਹੀਦਾ ਹੈ।