ਬਟਾਲਾ (ਮੁਕੇਸ ਕੁਮਾਰ) ਪਿੰਡ ਦਾਲਮ ’ਚ ਵਿਕਾਸ ਕਾਰਜਾਂ ਲਈ ਆਈ ਗਰਾਂਟ ’ਚ ਘਪਲੇ ਦਾ ਪਿੰਡ ਵਾਸੀਆਂ ਨੇ ਦੋਸ਼ ਲਾਇਆ ਹੈ। ਕੁਝ ਪਿੰਡ ਵਾਸੀਆਂ ਵੱਲੋਂ ਹਾਈ ਕੋਰਟ ’ਚ ਕੀਤੀ ਗਈ ਅਪੀਲ ਤੋਂ ਬਾਅਦ ਹਾਈ ਕੋਰਟ ਵੱਲੋਂ ਜਾਰੀ ਹੁਕਮਾਂ ਤਹਿਤ ਪੰਚਾਇਤ ਵਿਭਾਗ ਦੇ ਐੱਸਡੀਓ ਦੀ ਅਗਵਾਈ ਹੇਠ ਜਾਂਚ ਟੀਮ ਵੱਲੋਂ ਪਿੰਡ ਦਾਲਮ ’ਚ ਹੋਏ ਵਿਕਾਸ ਕਾਰਜਾਂ ਦਾ ਨਿਰੀਖਣ ਕੀਤਾ ਗਿਆ।ਦੱਸਣਯੋਗ ਹੈ ਕਿ ਪਿੰਡ ਦੇ ਵਿਕਾਸ ਲਈ 1 ਕਰੋੜ 35 ਲੱਖ ਦੀ ਗ੍ਰਾਂਟ ਆਈ ਸੀ। ਪਿੰਡ ਦੇ ਸਰਪੰਚ ਜੋਗਾ ਸਿੰਘ ਅਨੁਸਾਰ ਉਸ ਨੇ ਉਕਤ ਗ੍ਰਾਂਟ ਇਮਾਨਦਾਰੀ ਨਾਲ ਪਿੰਡ ਦੇ ਵਿਕਾਸ ’ਚ ਖਰਚ ਕੀਤੀ ਹੈ। ਪਿੰਡ ਵਾਸੀ ਅਮਰਪ੍ਰੀਤ ਸਿੰਘ ਨੇ ਗ੍ਰਾਂਟ ’ਚ ਹੋਈ ਹੇਰਾ ਫੇਰੀ ਨੂੰ ਲੈ ਕੇ ਪਹਿਲਾਂ ਪੰਚਾਇਤ ਵਿਭਾਗ ’ਚ ਜਾਂਚ ਲਈ ਅਪੀਲ ਕੀਤੀ ਸੀ। ਸ਼ਿਕਾਇਤਕਰਤਾ ਅਮਰਪ੍ਰੀਤ ਸਿੰਘ ਅਨੁਸਾਰ ਸੁਣਵਾਈ ਨਾ ਹੋਣ ਕਾਰਨ ਉਸ ਨੇ ਗ੍ਰਾਂਟ ’ਚ ਹੋਏ ਘਪਲੇਬਾਜ਼ੀ ਨੂੰ ਲੈ ਕੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਕਰੀਬ ਡੇਢ ਸਾਲ ਬਾਅਦ ਹਾਈ ਕੋਰਟ ਨੇ ਪੰਚਾਇਤੀ ਵਿਭਾਗ ਨੂੰ ਆਦੇਸ਼ ਜਾਰੀ ਕੀਤੇ ਕਿ ਪਿੰਡ ਦਾਲਮ ਵਿਚ ਹੋਏ ਵਿਕਾਸ ਕਾਰਜਾਂ ਦੀ ਜਾਂਚ ਕੀਤੀ ਜਾਵੇ ਅਤੇ ਉਸ ਦੀ ਰਿਪੋਰਟ ਹਾਈ ਕੋਰਟ ’ਚ ਭੇਜੀ ਜਾਵੇ, ਜਿਸ ਤੋਂ ਬਾਅਦ ਪੰਚਾਇਤ ਵਿਭਾਗ ਦੀ ਟੀਮ ਨੇ ਐੱਸਡੀਓ ਗਗਨਦੀਪ ਸਿੰਘ ਦੀ ਅਗਵਾਈ ਹੇਠ ਪਿੰਡ ’ਚ ਹੋਏ ਵਿਕਾਸ ਕਾਰਜਾਂ ਦਾ ਨਿਰੀਖਣ ਕਰਦਿਆਂ ਹੋਏ ਵਿਕਾਸ ਕਾਰਜਾਂ ਦੀ ਮਿਣਤੀ ਕੀਤੀ ਅਤੇ ਖਰਚ ਕੀਤੀ ਗਈ ਰਕਮ ਦਾ ਵੇਰਵਾ ਲਿਆ।ਇਸ ਮੌਕੇ ਸ਼ਿਕਾਇਤਕਰਤਾ ਅਮਰਪ੍ਰੀਤ ਸਿੰਘ ਤੇ ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਪਿੰਡ ਵਿਚ ਵਿਕਾਸ ਕਾਰਜਾਂ ਲਈ ਸਰਕਾਰ ਵੱਲੋਂ 1 ਕਰੋੜ 35 ਲੱਖ ਦੀ ਗਰਾਂਟ ਆਈ ਸੀ, ਜਿਸ ਵਿਚ ਸਰਪੰਚ ਦੀ ਮਿਲੀਭੁਗਤ ਨਾਲ ਅੱਧੇ ਤੋਂ ਵੱਧ ਗ੍ਰਾਂਟ ਰਾਸ਼ੀ ਵਿਚ ਘਪਲੇਬਾਜ਼ੀ ਹੋਈ ਹੈ।
ਆਈ ਗਰਾਂਟ ਦਾ ਇਮਾਨਦਾਰੀ ਨਾਲ ਪਿੰਡ ਦਾ ਵਿਕਾਸ ਕਰਾਇਆ : ਸਰਪੰਚ ਜੋਗਾ ਸਿੰਘ
ਸਰਪੰਚ ਜੋਗਾ ਸਿੰਘ ਨੇ ਕਿਹਾ ਕਿ ਵਿਕਾਸ ਕਾਰਜਾਂ ਲਈ ਜੋ ਵੀ ਗਰਾਂਟ ਸਰਕਾਰ ਵੱਲੋਂ ਪ੍ਰਾਪਤ ਹੋਈ ਹੈ, ਉਸ ਨੂੰ ਇਮਾਨਦਾਰੀ ਨਾਲ ਪਿੰਡ ਦੇ ਵਿਕਾਸ ਉੱਤੇ ਖਰਚ ਕੀਤਾ ਗਿਆ ਹੈ। ਉਨ੍ਹਾਂ ਨੇ ਵਿਕਾਸ ਕਾਰਜਾਂ ’ਚ ਹੋਈ ਘਪਲੇਬਾਜ਼ੀ ਦੇ ਦੋਸ਼ਾਂ ਨੂੰ ਮੂਲੋਂ ਨਕਾਰਦਿਆਂ ਕਿਹਾ ਕਿ ਪਿੰਡ ਦਾ ਅਥਾਹ ਵਿਕਾਸ ਹੋਇਆ ਹੈ ਅਤੇ ਪਾਰਟੀਬਾਜ਼ ਤੋਂ ਉੱਪਰ ਉੱਠ ਕੇ ਪਿੰਡ ਦੇ ਵਿਕਾਸ ਕਾਰਜ ਕੀਤੇ ਗਏ ਹਨ। ਦੋ ਵਾਰ ਪਹਿਲਾਂ ਵੀ ਵਿਭਾਗ ਵੱਲੋਂ ਜਾਂਚ ਕੀਤੀ ਗਈ ਸੀ, ਜਿਸ ਵਿੱਚ ਉਸ ਵੱਲੋਂ ਖ਼ਰਚ ਕੀਤੀ ਗਈ ਰਕਮ ਸਹੀ ਪਾਈ ਗਈ
ਜਾਂਚ ਤੋਂ ਬਾਅਦ ਹੋਵੇਗੀ ਅਗਲੇਰੀ ਕਾਰਵਾਈ : ਐੱਸਡੀਓ
ਐੱਸਡੀਓ ਗਗਨਦੀਪ ਸਿੰਘ ਨੇ ਕਿਹਾ ਕਿ ਵਿਭਾਗ ਵੱਲੋਂ ਹਾਈ ਕੋਰਟ ਦੇ ਹੁਕਮਾਂ ਮੁਤਾਬਕ ਇਹ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਿੰਡ ਦਾਲਮ ’ਚ ਹੋਏ ਵਿਕਾਸ ਕਾਰਜਾਂ ਦਾ ਮੁੜ ਨਿਰੀਖਣ ਕੀਤਾ ਗਿਆ ਹੈ ਅਤੇ ਇਸ ਦੀ ਰਿਪੋਰਟ ਬਣਾ ਕੇ ਵਿਭਾਗ ਨੂੰ ਭੇਜ ਦਿੱਤੀ ਜਾਵੇਗੀ, ਜੋ ਵਿਭਾਗ ਵੱਲੋਂ ਹਾਈ ਕੋਰਟ ’ਚ ਦਾਖਲ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਾਂਚ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।