Home ਸਭਿਆਚਾਰ ਅਲਵਿਦਾ ! ਸੁਰਿੰਦਰ ਸ਼ਿੰਦਾਲੋਕ ਗਾਇਕੀ ਦੇ ਯੁੱਗ ਦਾ ਅੰਤ

ਅਲਵਿਦਾ ! ਸੁਰਿੰਦਰ ਸ਼ਿੰਦਾ
ਲੋਕ ਗਾਇਕੀ ਦੇ ਯੁੱਗ ਦਾ ਅੰਤ

76
0


-ਸੁਰਿੰਦਰ ਸ਼ਿੰਦਾ ਪੰਜਾਬੀ ਲੋਕ ਗਾਇਕੀ ਦੇ ਉਹ ਯੁੱਗ ਪੁਰਸ਼ ਸਨ , ਜਿੰਨ੍ਹਾਂ ਉੱਚੀ ਤੇ ਦਮਦਾਰ ਆਵਾਜ਼ ਸਦਕਾ ਪੰਜਾਬ ਦੇ ਲੋਕ ਨਾਇਕਾਂ ਨੂੰ ਲੋਕ ਗਾਥਾਵਾਂ ਜ਼ਰੀਏ ਮੁੜ ਤੋਂ ਜਿਊਂਦਾ ਦਿੱਤਾ ਸੀ।ਨਾਂ ਤਾਂ ਬੜਾ ਹੀ ਸੋਹਣਾਂ ਸੀ ਸੁਰਿੰਦਰਪਾਲ ਸਿੰਘ ਧਾਮੀ ਪ੍ਰੰਤੂ ਗਾਇਕੀ ਦੇ ਅੰਬਰ ‘ਚ ਉਡਾਰੀਆਂ ਮਾਰਦਾ ਸੁਰਿੰਦਰਪਾਲ ਇਕ ਦਿਨ ਸੁਰਿੰਦਰ ਸ਼ਿੰਦਾ ਦੇ ਨਾਂ ਨਾਲ ਇਕ ਕੱਦਾਵਾਰ ਗਾਇਕ ਵਜੋਂ ਉੱਭਰ ਕੇ ਸਾਹਮਣੇ ਆਇਆ। ਸੁਰਿੰਦਰ ਸ਼ਿੰਦਾ ਨੇ ਲੰਮਾਂ ਸਮਾਂ ਸੰਘਰਸ਼ ਕੀਤਾ।ਸੰਗੀਤ ਸਮਰਾਟ ਚਰਨਜੀਤ ਆਹੂਜਾ ਨੇ ਉਸਨੂੰ ਰਾਹ ਦਿਖਾਇਆ। ਜਨਾਬ ਅਹੂਜਾ ਨੇ ਸੁਰਿੰਦਰ ਸ਼ਿੰਦੇ ਦਾ ਪਲੇਠਾ ਰਿਕਾਰਡ ‘ਨੈਣਾਂ ਦੇ ਵਣਜਾਰੇ’ ਐਚ.ਐਮ.ਵੀ ਲਈ ਰਿਕਾਰਡ ਕੀਤਾ। ਜਦੋਂ ਇਹ ਰਿਕਾਰਡ ਕੋਠਿਆਂ ‘ਤੇ ਵੱਜਦੇ ਸਪੀਕਰਾਂ ‘ਚ ਵੱਜਿਆ ਤਾਂ ਟੱਲੀ ਵਾਂਗ ਟੁਣਕਦੀ ਆਵਾਜ਼ ਨੇ ਲੋਕ ਮਨਾਂ ਨੂੰ ਕੀਲ ਕੇ ਰੱਖ ਦਿੱਤਾ। ਸੁਰਿੰਦਰ ਸ਼ਿੰਦਾ ਦਾ ਆਪਣਾਂ ਮੌਲਿਕ ਤੇ ਦਿਲਚਸਪ ਗਾਉਣ ਅੰਦਾਜ਼ ਸੀ। ਰਵਾਇਤੀ ਦੋਗਾਣਾਂ ਗਾਇਕੀ ਤੋਂ ਹਟਕੇ ਜਦੋਂ ਸ਼ਿੰਦਾ ਦੀ ਅਵਾਜ਼ ‘ਚ ਲੋਕ ਗਾਥਾਵਾਂ ਦੇ ਰੂਪ ਵਿੱਚ ” ਜਿਉਂਣਾ ਮੌੜ ” ਮਾਰਕਿਟ ਵਿੱਚ ਆਇਆ ਤਾਂ ਸੁਰਿੰਦਰ ਸ਼ਿੰਦਾ ਨੇ ਸਮਕਾਲੀ ਦੌਰ ਦੇ ਸਥਾਪਿਤ ਗਾਇਕਾਂ ਨੂੰ ਪਛਾੜ ਸੁੱਟਿਆ।ਲੋਕ ਗਾਥਾਵਾਂ, ਕਲੀਆਂ ਦੇ ਨਾਲ-ਨਾਲ ਉਨ੍ਹਾਂ ਦੋਗਾਣਾਂ ਗਾਇਕੀ ਨੂੰ ਵੀ ਨਾਲੋ-ਨਾਲ ਬਰਕਰਾਰ ਰੱਖਿਆ।ਸੁਰਿੰਦਰ ਸ਼ਿੰਦਾ ਨੇ ਕੁਝ ਤੱਤੇ ਗੀਤ ਵੀ ਰਿਕਾਰਡ ਕੀਤੇ ਪ੍ਰੰਤੂ ਸਮੇਂ ਦੇ ਬਦਲਾਅ ਤੇ ਸਰੋਤਿਆਂ ਦੀ ਪਸੰਦ ਨੂੰ ਸਮਝਦਿਆਂ ਉਨ੍ਹਾਂ ਸਮੇਂ ਤੋਂ ਪਹਿਲਾਂ ਹੀ ਚੰਗੇ ਗਾਣਿਆਂ ਵੱਲ ਮੋੜਾ ਕੱਟ ਲਿਆ। ਪੰਜਾਬੀ ਲੋਕ ਸੰਗੀਤ ਦੇ ਖੇਤਰ ਵਿੱਚ ਸੁਰਿੰਦਰ ਸ਼ਿੰਦਾ ਨੂੰ ਸਭ ਤੋਂ ਵੱਧ ਸਹਿ ਗਾਇਕਾਵਾਂ ਨਾਲ ਗਾਉਣ ਦਾ ਮਾਣ ਹਾਸਿਲ ਹੋਇਆ। ਸ਼ਿੰਦਾ ਨੇ ਬਹੁਤ ਸਾਰੀਆਂ ਅਸਲੋਂ ਨਵੀਆਂ ਅਵਾਜ਼ਾਂ ਨੂੰ ਰਿਕਾਡਿੰਗ ਅਤੇ ਸਟੇਜਾਂ ‘ਤੇ ਪੇਸ਼ਕਾਰੀ ਕਰਨ ਦੇ ਅਸੀਮ ਮੌਕੇ ਪ੍ਰਦਾਨ ਕੀਤੇ। ਸੁਰਿੰਦਰ ਸ਼ਿੰਦਾ ਨਾਲ ਸਹਿ ਗਾਇਕਾਵਾਂ ਵਜੋਂ ਚਰਚਿਤ ਗਾਇਕਾਵਾਂ ਅਨੁਰਾਧਾ ਪੌਡੋਂਵਾਲ, ਅਲਕਾ ਯਾਗਨਿਕ, ਕਵਿਤਾ ਕ੍ਰਿਸ਼ਨਾਮੂਰਤੀ, ਸਵਿਤਾ ਸਾਥੀ, ਨਰਿੰਦਰ ਬੀਬਾ, ਗੁਲਸ਼ਨ ਕੋਮਲ, ਸੁਖਵੰਤ ਸੁੱਖੀ, ਸੁਰਿੰਦਰ ਸੋਨੀਆ, ਰੁਪਿੰਦਰ ਰੰਜਨਾ, ਕੁਲਦੀਪ ਕੌਰ, ਪਰਮਿੰਦਰ ਸੰਧੂ ਅਤੇ ਸੁਦੇਸ਼ ਕੁਮਾਰੀ ਆਦਿ ਨੇ ਬੇਸ਼ੁਮਾਰ ਹਿੱਟ ਗੀਤਾਂ ਨੂੰ ਅਵਾਜ਼ ਦਿੱਤੀ। ਸੁਰਿੰਦਰ ਸ਼ਿੰਦਾ ਦੇ ਚਰਚਿਤ ਗੀਤਾਂ ਵਿੱਚ ‘ਦੋ ਊਠਾਂ ਵਾਲੇ ,‘ਜੰਞ ਚੜ੍ਹੀ ਅਮਲੀ ਦੀ’, ‘ਬੱਦਲਾਂ ਨੂੰ ਪੁੱਛ ਗੋਰੀਏ’, ‘ਜਿਊਣਾ ਮੋੜ’, ‘ਉੱਚਾ ਬੁਰਜ ਲਾਹੌਰ ਦਾ’, ‘ਜੱਟ ਮਿਰਜ਼ਾ ਖਰਲਾਂ ਦਾ’, ‘ਸੁੱਚਾ ਸੂਰਮਾ’, ‘ਤਾਰਾ ਰੋਂਦੀ ਤੇ ਕਰਲਾਉਂਦੀ’, ‘ਪੁੱਤ ਜੱਟਾਂ ਦੇ ਬੁਲਾਉਂਦੇ ਬੱਕਰੇ’, ‘ਮਾਲਵੇ ਦੇ ਜੱਟ’, ‘ਮੈਂ ਕਿਹੜੀ ਖੁਦਾਈ ਮੰਗ ਲਈ’, ‘ਦਿੱਲੀ ਸ਼ਹਿਰ ਦੀਆਂ ਕੁੜੀਆਂ’ ਆਦਿ ਨੇ ਪੰਜਾਬੀ ਸੰਗੀਤਕ ਖੇਤਰ ਵਿੱਚ ਜ਼ਿਕਰਯੋਗ ਸਥਾਨ ਹਾਸਿਲ ਕੀਤਾ। ਸੁਰਿੰਦਰ ਸ਼ਿੰਦਾ ਇਕ ਨਾਮਵਰ ਗਾਇਕ ਹੋਣ ਦੇ ਨਾਲ-ਨਾਲ ਮੰਝੇ ਹੋਏ ਅਦਾਕਾਰ ਵੀ ਸਨ‌। ਉਨ੍ਹਾਂ ਉਸ ਵੇਲੇ ਦੀਆਂ ਅਨੇਕਾਂ ਚਰਚਿਤ ਪੰਜਾਬੀ ਫ਼ਿਲਮਾਂ ਵਿੱਚ ਅਭਿਨੈ ਕਰਕੇ ਅਦਾਕਾਰੀ ਦਾ ਲੋਹਾ ਮਨਵਾਇਆ। ਸੁਰਿੰਦਰ ਸ਼ਿੰਦਾ ਨੇ ਕੁਝ ਫ਼ਿਲਮਾਂ ਲਈ ਸੰਗੀਤ ਵੀ ਦਿੱਤਾ ਤੇ ਇੱਕ ਹਿੰਦੀ ਫ਼ਿਲਮ ਵਿੱਚ ਵੀ ਗੀਤ ਗਾਉਣ ਦਾ ਮਾਣ ਵੀ ਮਿਲਿਆ। ਸੁਰਿੰਦਰ ਛਿੰਦਾ ਤੇ ਦੇਵ ਥਰੀਕੇ ਦੀ ਜੋੜੀ ਪੰਜਾਬੀ ਸੰਗੀਤਕ ਖੇਤਰ ਵਿੱਚ ਆਪਣੇ ਵੇਲਿਆਂ ਦੀ ਹਿੱਟ ਜੋੜੀ ਰਹੀ ਹੈ। ਸ਼ਿੰਦਾ ਤੇ ਦੇਵ ਥਰੀਕੇ ਰਿਸ਼ਤੇ ਵਿੱਚੋਂ ਸਾਢੂ ਸਨ। ਦੋਵਾਂ ਦੀਆਂ ਪਤਨੀਆਂ ਚਚੇਰੀਆਂ ਭੈਣਾਂ ਸਨ। ਸ਼ਿੰਦਾ ਤੇ ਦੇਵ ਦੀ ਇਸ ਸਾਂਝ ਨੂੰ ਕਰਕੇ ਦੇਵ ਥਰੀਕੇ ਨੇ ਉਨ੍ਹਾਂ ਲਈ ਅਨੇਕਾਂ ਲੋਕ ਗਾਥਾਵਾਂ ਲਿਖੀਆਂ। ਦੇਵ ਥਰੀਕੇ ਵਲੋਂ ਲਿਖੀਆਂ ਨਵੀਆਂ ਲਿਖਤਾਂ ਰਿਕਾਰਡ ਕਰਵਾਉਣ ਦੇ ਮਾਮਲੇ ‘ਚ ਸੁਰਿੰਦਰ ਸ਼ਿੰਦਾ ਤੇ ਕੁਲਦੀਪ ਮਾਣਕ ਵਿਚਾਲੇ ਕਸ਼ਮਕਸ਼ ਰਹਿੰਦੀ ਸੀ। ਸੰਗੀਤਕ ਸਫ਼ਰ ਦੇ ਦਿਲਚਸਪ ਦੌਰ ਅੰਦਰ ਦੇਵ ਤੇ ਸ਼ਿੰਦਾ ਦੀ ਜੋੜੀ ਨੇ ਨਵੇਂ-ਨਵੇਂ ਤਜੱਰਬੇ ਕੀਤੇ। ਇਨ੍ਹਾਂ ਤਜੱਰਬਿਆਂ ਨੇ ਸ਼ਿੰਦਾ ਦੀ ਅਵਾਜ਼ ਵਿੱਚ‘ਜਿਊਣਾ ਮੋੜ ‘ਉੱਚਾ ਬੁਰਜ ਲਾਹੌਰ ਦਾ’, ‘ਤੀਆਂ ਲੌਂਗੋਵਾਲ ਦੀਆਂ’, ‘ਮੈਂ ਡਿੱਗੀ ਤਿਲਕ ਕੇ’, ‘ਜੱਟ ਮਿਰਜ਼ਾ ਖਰਲਾਂ ਦਾ’, ‘ਰੱਖ ਲੈ ਕਲੰਡਰ ਯਾਰਾ’, ‘ਜੰਞ ਚੜੀ ਅਮਲੀ ਦੀ’, ‘ਤਲਾਕ ਅਮਲੀ ਦਾ’, ‘ਘੁੱਢ ਚੱਕ ਮਾਰਦੇ ਸਲੂਟ ’, ‘ਗੱਲਾਂ ਸੋਹਣੇ ਯਾਰ ਦੀਆਂ’, ‘ਮੈਂ ਨਾ ਅੰਗਰੇਜ਼ੀ ਜਾਣਦੀ’, ‘ਦਿਲ ਪੇਂਡੂ ਜੱਟ ਲੈ ਗਿਆ’, ‘ਤੋਹਫ਼ੇ’ ਆਦਿ ਮਕਬੂਲ ਰਿਕਾਰਡ ਸੰਗੀਤ ਪ੍ਰੇਮੀਆਂ ਦੀ ਝੋਲੀ ਪਾਏ, ਜਿੰਨ੍ਹਾਂ ਗਾਣਿਆਂ ਨੇ ਪੰਜਾਬੀ ਸੰਗੀਤਕ ਖੇਤਰ ਅੰਦਰ ਨਵੇਂ ਦਿਸਹੱਦੇ ਕਾਇਮ ਕੀਤੇ। ਸੁਰਿੰਦਰ ਸ਼ਿੰਦਾ ਦੀਆਂ ਕੈਸਿਟਾਂ ਦੀ ਮੰਗ ਇਸ ਕਦਰ ਸੀ ,ਕਿ ਉਸ ਵੇਲੇ ਨਵੀਂ ਰਿਲੀਜ਼ ਹੋਈਆਂ ਟੇਪਾਂ ਦੀ ਮੰਗ ਪੂਰੀ ਨਹੀਂ ਸੀ ਹੁੰਦੀ ਤੇ ਉਨ੍ਹਾਂ ਦੀਆਂ ਟੇਪਾਂ ਦੀਆਂ ਡੁਪਲੀਕੇਟ ਕਾਪੀਆਂ ਵੀ ਧੜਾਧੜ ਵਿਕ ਜਾਂਦੀਆਂ ਸਨ। ਸੁਰਿੰਦਰ ਸ਼ਿੰਦਾ ਖੁੱਲ੍ਹੇ ਸੁਭਾਅ ਦੇ ਮਜਾਈਆ ਫ਼ਨਕਾਰ ਸਨ। ਨਵੇਂ ਕਲਾਕਾਰਾਂ ਨੂੰ ਮੁਹੱਬਤੀ ਮਜ਼ਾਕ ਕਰਨਾਂ ਉਨ੍ਹਾਂ ਦੀ ਫ਼ਿਤਰਤ ਸੀ‌।ਉਹ ਸੰਗੀਤ ਸਮਰਾਟ ਜਸਵੰਤ ਭੰਵਰਾ ਜੀ ਦੇ ਸ਼ਾਗਿਰਦ ਹੋਣ ਕਰਕੇ ਕਲਾਸੀਕਲ ਤੇ ਸੁਰ ਸੰਗੀਤ ਦੀਆਂ ਸੂਖਮ ਬਾਰੀਕੀਆਂ ਬਾਖੂਬੀ ਜਾਣਦੇ ਸਨ ਪ੍ਰੰਤੂ ਉਨ੍ਹਾਂ ਨੇ ਆਪਣੀ ਗਾਇਨ ਸ਼ੈਲੀ ‘ਤੇ ਰਵਾਇਤੀ ਫੋਕੀ ਰੰਗ ਹੀ ਭਾਰੂ ਰੱਖਿਆ।ਉਹ ਜਦ ਉੱਚੀ ਤੇ ਦਮਦਾਰ ਆਵਾਜ਼ ਰਾਹੀਂ ਮਿਰਜ਼ਾ,ਜਿਊਣਾਂ ਮੌੜ ਆਦਿ ਗਾਉਣ ਲੱਗਦੇ ਤਾਂ ਨਵੇਂ ਪੋਚ ਦੇ ਸੰਭਾਵੀ ਗਵੱਈਏ ਦੰਦਾਂ ਹੇਠਾਂ ਜੀਭ ਲੈ ਦੰਗ ਰਹਿ ਜਾਂਦੇ। ਸੁਰਿੰਦਰ ਸ਼ਿੰਦਾ ਨੇ ਆਖ਼ਰੀ ਸਾਹ ਤੱਕ ਪੰਜਾਬ ਦੇ ਲੋਕ ਰੰਗ ਨੂੰ ਆਪਣੇ ਅੰਗ ਸੰਗ ਰੱਖਿਆ। ਸੁਰਿੰਦਰ ਸ਼ਿੰਦਾ ਦੀਆਂ ਪ੍ਰਾਪਤੀਆਂ ਦੀ ਸੂਚੀ ਵਿੱਚ ਇਹ ਗੱਲ ਜ਼ਿਕਰ-ਏ-ਖਾਸ ਰਹੇਗੀ ਕਿ ਉਨ੍ਹਾਂ ਆਪਣੇ ਕਲਾਤਮਿਕ ਸਫ਼ਰ ਨੂੰ ਸੁਥਰਾ ਤੇ ਗਾਉਣ ਅੰਦਾਜ਼ ਨੂੰ ਪੇਂਡੂ ਜਨ ਜੀਵਨ ਦੇ ਬੇਹੱਦ ਕਰੀਬ ਰੱਖਿਆ। ਇਹ ਉਨ੍ਹਾਂ ਦੀ ਗਾਇਕੀ ਦਾ ਅਮੀਰ ਪੱਖ ਹੀ ਹੈ ਕਿ ਅੱਜ ਜਿੱਥੇ ਸਾਲਾਂ ਬਾਅਦ ਵੀ ਉਨ੍ਹਾਂ ਦੀ ਅਵਾਜ਼ ਵਿੱਚ ਰਿਕਾਰਡ ਗੀਤਾਂ ਨੂੰ ਸੁਣਨ ਦੀ ਮੰਗ ਕਾਇਮ ਹੈ ਉੱਥੇ ਹੀ ਉਨ੍ਹਾਂ ਦੇ ਅਨੇਕਾਂ ਸ਼ਗਿਰਦਾਂ ਨੇ ਵੀ ਗਾਇਕੀ ਵਿੱਚ ਬੇਹੱਦ ਨਾਮਣਾਂ ਖੱਟਿਆ ਹੈ,ਜਿਨ੍ਹਾਂ ਵਿੱਚੋਂ ਮਰਹੂਮ ਅਮਰ ਸਿੰਘ ਚਮਕੀਲਾ, ਕੁਲਦੀਪ ਪਾਰਸ, ਸੋਹਨ ਸਿਕੰਦਰ ਨੇ ਗਾਇਕੀ ਖੇਤਰ ਵਿੱਚ ਚੰਗਾ ਨਾਮਣਾਂ ਖੱਟਿਆ। ਸੁਰੀਲੀ ਤੇ ਦਮਦਾਰ ਆਵਾਜ਼ ਦਾ ਇਹ ਬਾਬਾ ਗਵੱਈਆ 26 ਜੁਲਾਈ ਨੂੰ ਸੰਖੇਪ ਬਿਮਾਰੀ ਮਗਰੋਂ ਪੰਜਾਬੀ ਸੰਗੀਤ ਦੇ ਲੱਖਾਂ ਪ੍ਰਸੰਸਕਾਂ ਨੂੰ ਰੋੰਦੇ ਵਿਲਕਦੇ ਛੱਡ ਕੇ ਸਦਾ ਲਈ ਅਲਵਿਦਾ ਆਖ ਗਿਆ। ਸੁਰਿੰਦਰ ਸ਼ਿੰਦਾ ਦੀ ਸਾਫ਼ ਸੁਥਰੀ ਗਾਇਕੀ ਨੂੰ ਸਦੀਆਂ ਤੀਕਰ ਚੇਤੇ ਕੀਤਾ ਜਾਂਦਾ ਰਹੇਗਾ। -ਕੁਲਦੀਪ ਸਿੰਘ ਲੋਹਟ 9876492410

LEAVE A REPLY

Please enter your comment!
Please enter your name here