ਦਿੜ੍ਹਬਾ , 2 ਅਗਸਤ ( ਲਿਕੇਸ਼ ਸ਼ਰਮਾਂ, ਰਿਤੇਸ਼ ਭੱਟ)-: ਦਿੜ੍ਹਬਾ ਨੇੜੇ ਪਿੰਡ ਹਰੀਗੜ੍ਹ ‘ਚ ਇਕ ਡੇਰੇ ਦੇ ਮਹੰਤ ਨੇ ਮਾਮੂਲੀ ਝਗੜੇ ਕਾਰਨ ਇਕ ਵਿਅਕਤੀ ਉੱਤੇ ਗੋਲ਼ੀ ਚਲਾ ਦਿੱਤੀ। ਵਿਅਕਤੀ ਗੰਭੀਰ ਰੂਪ ਸਿੰਘ ਜ਼ਖਮੀ ਹੋ ਗਿਆ ਤੇ ਉਸ ਨੂੰ ਜ਼ਖਮੀ ਹਾਲਤ ਵਿੱਚ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾਇਆ ਗਿਆ। ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਘਟਨਾ ਦਾ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀ ਮਹੰਤ ਗੁਰਦੀਪ ਸਿੰਘ ਅਤੇ ਉਸ ਦੇ ਸਾਥੀ ਪਰਮਜੀਤ ਸਿੰਘ ਨੂੰ ਮੌਕੇ ਉਤੇ ਹਥਿਆਰ ਸਮੇਤ ਕਾਬੂ ਕਰ ਲਿਆ ਹੈ।ਜਾਣਕਾਰੀ ਅਨੁਸਾਰ ਪਿੰਡ ਹਰੀਗੜ੍ਹ ਵਿੱਚ ਭਗਵਾਨ ਪੁਰੀ ਦਾ ਇੱਕ ਡੇਰਾ ਹੈ ਜਿਸ ਵਿੱਚ ਪਿਛਲੇ ਕਰੀਬ 25 ਸਾਲਾਂ ਤੋਂ ਗੁਰਦੀਪ ਸਿੰਘ ਮਹੰਤ ਹੀ ਸਾਂਭ-ਸੰਭਾਲ ਕਰ ਰਿਹਾ ਸੀ। ਉਸ ਡੇਰੇ ਦਾ ਹਾਲਤ ਵੇਖਣ ਤੋਂ ਤਰਸਯੋਗ ਲੱਗ ਰਹੀ ਹੈ। ਬਾਰਿਸ਼ ਪੈਣ ਉਤੇ ਡੇਰੇ ਅੰਦਰ ਪਾਣੀ ਭਰ ਜਾਂਦਾ ਹੈ। ਪਿੰਡ ਵਾਲਿਆਂ ਨੇ ਡੇਰੇ ‘ਚ ਮਿੱਟੀ ਪਾ ਕੇ ਉਚਾ ਚੁੱਕਣ ਲਈ ਪੈਸੇ ਇੱਕਠੇ ਕੀਤੇ ਸਨ। ਸਵੇਰੇ ਪਿੰਡ ਵਾਲਿਆਂ ਵੱਲੋਂ ਪੰਚਾਇਤ ਨੂੰ ਨਾਲ ਲੈ ਕੇ ਕੰਮ ਸ਼ੁਰੂ ਕਰਨਾ ਸੀ ਪਰ ਡੇਰੇ ਦਾ ਮਹੰਤ ਸਾਰੇ ਪੈਸੇ ਆਪਣੇ ਕੋਲ ਜਮ੍ਹਾਂ ਕਰਵਾਉਣ ਲਈ ਕਹਿ ਰਿਹਾ ਸੀ, ਪਰ ਪਿੰਡ ਵਾਲੇ ਆਪ ਮਿੱਟੀ ਪਾਉਣਾ ਚਾਹੁੰਦੇ ਸੀ। ਇਸ ਗੱਲ ਉੱਤੇ ਝਗੜਾ ਹੋਇਆ ਅਤੇ ਡੇਰੇ ਦੇ ਮਹੰਤ ਨੇ ਬਾਰਾਂ ਬੋਰ ਛੋਟੀ ਰਾਇਫਲ ਨਾਲ ਗੋਲ਼ੀ ਚਲਾ ਦਿੱਤੀ।ਗੋਲ਼ੀ ਪਿੰਡ ਦੇ ਇੱਕ ਨੌਜਵਾਨ ਤਰਸਵੀਰ ਸਿੰਘ ਦ ਵੱਖੀ ਵਿੱਚ ਵੱਜੀ ਜਿਸ ਨਾਲ ਉਹ ਜ਼ਖਮੀ ਹੋ ਗਿਆ। ਪਿੰਡ ਵਾਲਿਆਂ ਨੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਡੀਐਸਪੀ ਦਿੜ੍ਹਬਾ ਪ੍ਰਿਥਵੀ ਸਿੰਘ ਚਾਹਲ ਨੇ ਕਿਹਾ ਕਿ ਗੋਲ਼ੀ ਚਲਾਉਣ ਵਾਲੇ ਵਿਅਕਤੀ ਗੁਰਦੀਪ ਸਿੰਘ ਅਤੇ ਉਸ ਦੇ ਸਾਥੀ ਪਰਮਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਪਿੰਡ ਵਾਸੀ ਕਿ੍ਰਸ਼ਨ ਸਿੰਘ ਅਤੇ ਹੈਪੀ ਸਿੰਘ ਨੇ ਕਿਹਾ ਕਿ ਡੇਰੇ ਦਾ ਮਹੰਤ ਗੁਰਦੀਪ ਸਿੰਘ ਹਮੇਸ਼ਾ ਗੁੰਡਾਗਰਦੀ ਕਰਦਾ ਸੀ ਜੋ ਵੀ ਪਿੰਡ ਵਾਸੀ ਉਸ ਦੇ ਖਿਲਾਫ ਬੋਲਦਾ ਸੀ ਉਸ ਨੂੰ ਗੋਲੀ ਮਾਰਨ ਦੀ ਧਮਕੀ ਦਿੰਦਾ ਸੀ। ਇਸ ਬਾਰੇ ਪਹਿਲਾਂ ਵੀ ਪੁਲਿਸ ਚੌਂਕੀ ਕੌਹਰੀਆਂ ਨੂੰ ਮਹੰਤ ਦੇ ਖਿਲਾਫ ਧਮਕੀਆਂ ਦੇਣ ਸਬੰਧੀ ਦੱਸਿਆਂ ਗਿਆ ਸੀ। ਪਿੰਡ ਵਾਸੀਆਂ ਨੇ ਡੇਰੇ ਵਿੱਚ ਮਹੰਤ ਦੁਆਰਾ ਨਸ਼ੇ ਸੇਵਨ ਕਰਨ ਦਾ ਦੋਸ਼ ਵੀ ਲਾਇਆ।
