ਤਪਾ ਮੰਡੀ (ਲਿਕੇਸ਼ ਸ਼ਰਮਾਂ, ਰਿਤੇਸ਼ ਭੱਟ ) : ਅੱਜ ਸਵੇਰੇ ਨਕਾਬਪੋਸ਼ ਲੁਟੇਰਿਆਂ ਵੱਲੋਂ ਘਰ ‘ਚ ਔਰਤਾਂ ਨੂੰ ਬੰਦੀ ਬਣਾ ਕੇ ਲੁੱਟੀ ਸਕਾਰਪੀਓ ਗੱਡੀ ਨੂੰ ਪੁਲਸ ਨੇ ਕੁਝ ਹੀ ਘੰਟਿਆਂ ‘ਚ ਬਰਾਮਦ ਕਰ ਲਿਆ ਹੈ ਅਤੇ ਦੋ ਲੁਟੇਰੇ ਵੀ ਪੁਲਸ ਹੱਥੇ ਚੜ੍ਹ ਗਏ ਹਨ। ਨਕਾਬਪੋਸ਼ ਲੁਟੇਰਿਆਂ ਨੇ ਇਕ ਘਰ ‘ਚ ਦਾਖਲ ਹੋ ਕੇ ਪਿਸਤੌਲ ਦੀ ਨੋਕ ‘ਤੇ ਪਹਿਲਾਂ ਔਰਤਾਂ ਨੂੰ ਬੰਦੀ ਬਣਾਇਆ ਅਤੇ ਫਿਰ ਸਕਾਰਪੀਓ ਗੱਡੀ ਚੋਰੀ ਕਰਕੇ ਫ਼ਰਾਰ ਹੋ ਗਏ ਸਨ।ਹਰਕਤ ‘ਚ ਆਈ ਪੁਲਸ ਨੇ ਇਸ ਘਟਨਾ ਦੇ ਕੁਝ ਹੀ ਘੰਟਿਆਂ ਮਗਰੋਂ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ ਜਿੱਥੇ ਲੁੱਟੀ ਹੋਈ ਸਕਾਰਪੀਓ ਬਰਾਮਦ ਕਰ ਲਈ ਹੈ ਉਥੇ ਹੀ ਦੋ ਲੁਟੇਰਿਆਂ ਨੂੰ ਵੀ ਕਾਬੂ ਕੀਤਾ ਹੈ।ਜ਼ਿਕਰਯੋਗ ਹੈ ਕਿ ਸਥਾਨਕ ਮੰਡੀ ਦੇ ਬਾਬਾ ਮੱਠ ਨਜ਼ਦੀਕ ਇੱਕ ਘਰ ’ਚ ਔਰਤ ਮੈਂਬਰਾਂ ਨੂੰ ਬੰਦੀ ਬਣਾ ਕੇ ਪਿਸਤੌਲ ਦੀ ਨੋਕ ’ਤੇ ਘਰੋਂ ਗੱਡੀ ਲੁੱਟਕੇ ਲੈ ਕੇ ਨਕਾਬਪੋਸ਼ ਚਾਰ ਵਿਅਕਤੀ ਫ਼ਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਸੀ।ਇਸ ਸੰਬੰਧੀ ਘਰੇਲੂ ਔਰਤ ਸੁਖਪਾਲ ਕੌਰ ਨੇ ਦੱਸਿਆ ਕਿ ਜਦੋਂ ਆਪਣੇ ਘਰ ਦੇ ਗੇਟ ਨੂੰ ਸਾਫ ਕਰ ਰਹੀ ਸੀ ਤਾਂ ਉਥੇ ਚਾਰ ਵਿਅਕਤੀਆ ਜੋ ਕਪੜੇ ਨਾਲ ਮੂੰਹ ਬੰਨੇ ਹੋਏ ਸਨ।ਜਦੋਂ ਉਹ ਘਰ ਅੰਦਰ ਦਾਖ਼ਲ ਹੋਏ ਤਾਂ ਔਰਤ ਨੇ ਉਨ੍ਹਾਂ ਨੂੰ ਆਪਣੇ ਮੂੰਹ ’ਤੇ ਬੰਨੇ ਕਪੜੇ ਨੂੰ ਖੋਲ੍ਹਣ ਲਈ ਕਿਹਾ,ਜਿਨ੍ਹਾਂ ਨੇ ਜ਼ਬਰਦਸਤੀ ਘਰ ਅੰਦਰ ਦਾਖ਼ਲ ਹੋ ਕੇ ਘਰ ਵਿਚ ਮੌਜੂਦ ਔਰਤਾਂ ਨੂੰ ਪਿਸਤੌਲ ਦਿਖਾ ਕੇ ਬੰਦੀ ਬਣਾ ਲਿਆ ਸੀ ਅਤੇ ਘਰ ਅੰਦਰੋਂ ਖੜ੍ਹੀ ਗੱਡੀ ਦੀ ਚਾਬੀ ਲੈ ਕੇ ਉਥੋਂ ਫਰਾਰ ਹੋ ਗਏ। ਜਦੋਂ ਇਸ ਘਟਨਾ ਸਬੰਧੀ ਰੌਲਾ ਪਿਆ ਤਾਂ ਘਰ ਦੇ ਨਾਲ ਲਗਦੇ ਇਕ ਢੁੱਲਾ ਸਟੋਰ ਦੀ ਛੱਤ ਖੜ੍ਹੇ ਵਿਅਕਤੀ ਨੇ ਅੱਖੀਂ ਦੇਖਿਆ ਤਾਂ ਉਸ ਨੇ ਗੱਡੀ ਵੱਲ ਢੂਲਾ ਸਟੋਰ ਦੀਆਂ ਫੱਟੀਆਂ ਵਰ੍ਹਾ ਦਿੱਤੀਆਂ ਜਿਸ ਕਾਰਨ ਉਸ ਗੱਡੀ ਦਾ ਅਗਲਾ ਸ਼ੀਸ਼ਾ ਟੁੱਟ ਗਿਆ। ਫਿਰ ਵੀ ਹਮਲਾਵਰ ਅਤੇ ਲੁਟੇਰੇ ਗੱਡੀ ਲੈ ਕੇ ਫ਼ਰਾਰ ਹੋ ਗਏ।ਇਹ ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ ਵਿੱਚ ਕੈਦ ਹੋ ਗਈ। ਜਿਸ ਸੰਬੰਧੀ ਪੁਲਸ ਨੂੰ ਸੂਚਿਤ ਕੀਤਾ ਤਾਂ ਮੌਕੇ ’ਤੇ ਪਹੁੰਚੇ ਡੀ. ਐੱਸ. ਪੀ. ਗੁਰਵਿੰਦਰ ਸਿੰਘ ਅਤੇ ਸਿਟੀ ਇੰਚਾਰਜ ਗੁਰਪਾਲ ਸਿੰਘ ਸਮੇਤ ਐੱਸ.ਐੱਚ.ਓ ਨਰੈਣ ਸਿੰਘ ਟੀਮ ਸਮੇਤ ਪੁੱਜੇ। ਉਨ੍ਹਾਂ ਨੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ। ਡੀ.ਐੱਸ.ਪੀ ਤਪਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਸੀ.ਸੀ.ਟੀ.ਵੀ. ਫੁਟੇਜ ਨੂੰ ਕੈਮਰੇ ’ਚੋਂ ਕੱਢ ਕੇ ਦੋਸ਼ੀਆਂ ਨੂੰ ਜਲਦੀ ਫੜਿਆ ਜਾਵੇਗਾ।
