ਜਗਰਾਓਂ, 17 ਜੁਲਾਈ ( ਭਗਵਾਨ ਭੰਗੂ, ਮੋਹਿਤ ਜੈਨ )-ਭਾਵੇਂ ਸਰਕਾਰ ਡੇਂਗੂ, ਮਲੇਰੀਆ ਅਤੇ ਹੋਰ ਭਿਆਨਕ ਬਿਮਾਰੀਆਂ ਦੀ ਰੋਕਥਾਮ ਲਈ ਅਤੇ ਸਵੱਛ ਭਾਰਤ ਅਭਿਆਨ ਮੁਹਿਮ ਉਪਰ ਰੋਜ਼ਾਨਾ ਸੈਮੀਨਾਰ ਅਤੇ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ’ਤੇ ਪਾਣੀ ਵਾਂਗ ਵਹਾ ਰਹੀ ਹੈ, ਪਰ ਅਸਲੀਅਤ ’ਚ ਨਾ ਤਾਂ ਸਵੱਛ ਭਾਰਤ ਅਭਿਆਨ ਤਹਿਤ ਸਿਰਫ ਸੈਮੀਨਾਰਾਂ ਤੋਂ ਅੱਗੇ ਕੋਈ ਕੰਮ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਡੇਂਗੂ ਅਤੇ ਮਲੇਰੀਆ ਵਰਗੀਆਂ ਗੰਭੀਰ ਬਿਮਾਰੀਆਂ ਨੂੰ ਫੈਲਣ ਤੋਂ ਰੋਕਣ ਲਈ ਕੋਈ ਪ੍ਰਭਾਵੀ ਕਾਰਵਾਈ ਕੀਤੀ ਜਾ ਰਹੀ ਹੈ। ਸ਼ਹਿਰ ਵਿੱਚ ਥਾਂ-ਥਾਂ ਲੱਗੇ ਗੰਦਗੀ ਦੇ ਵੱਡੇ-ਵੱਡੇ ਢੇਰ ਸਰਕਾਰ ਦੀਆਂ ਇਨ੍ਹਾਂ ਮਨਮੋਹਕ ਯੋਜਨਾਵਾਂ ਦੀ ਪੋਲ ਖੋਲ੍ਹ ਰਹੇ ਹਨ। ਕੁਝ ਦਿਨ ਪਹਿਲਾਂ ਪੁਰਾਣੀ ਦਾਣਾ ਮੰਡੀ ਦੇ ਲੋਕਾਂ ਨੇ ਨਗਰ ਕੌਸਲ ਨੂੰ ਉਥੇ ਲੱਗੇ ਵੱਡੇ ਕੂੜੇ ਦੇ ਡੰਪ ਨੂੰ ਹਟਾਉਣ ਦੀ ਬੇਨਤੀ ਕੀਤੀ ਸੀ ਪਰ ਜਦੋਂ ਕੋਈ ਕਾਰਵਾਈ ਨਹੀਂ ਹੋਈ ਤਾਂ ਦੁਕਾਨਦਾਰਾਂ ਨੂੰ ਰੋਸ ਪ੍ਰਦਰਸ਼ਨ ਕਰਨਾ ਪਿਆ। ਇਸ ਦੇ ਬਾਵਜੂਦ ਨਗਰ ਕੌਸਲ ਵਲੋਂ ਭਰੋਸਾ ਦੇਣ ਤੋਂ ਅੱਗੇ ਹੋਰ ਕੋਈ ਕਦਮ ਨਹੀਂ ਉਠਾਏ ਗਏ। ਉਥੋਂ ਕੂੜੇ ਦੇ ਢੇਰ ਨੂੰ ਨਹੀਂ ਚੁੱਕਿਆ ਗਿਆ ਅਤੇ ਮੀਂਹ ਪੈਣ ’ਤੇ ਕੂੜੇ ਦਾ ਢੇਰ ਪਾਣੀ ਵਿਚ ਰੁੜ੍ਹ ਗਿਆ ਅਤੇ ਪੂਰੀ ਨਮੰਡੀ ਵਿਚ ਫੈਲ ਗਿਆ ਅਤੇ ਸੀਵਰੇਜ ਵਿੱਚ ਚਲਾ ਗਿਆ। ਜਿਸ ਕਾਰਨ ਹੁਣ ਉਥੇ ਸੀਵਰੇਜ ਵੀ ਜਾਮ ਹੋ ਗਿਆ ਹੈ। ਜਿਸ ਤੋਂ ਬਾਅਦ ਹੁਣ ਡਿਸਪੋਜ਼ਲ ਰੋਡ ’ਤੇ ਦੁਕਾਨਦਾਰਾਂ ਵੱਲੋਂ ਨਗਰ ਕੌਂਸਲ ਵਿਰੁੱਧ ਵਾਰਡ ਨੰ: 16 ਦੀ ਕੌਂਸਲਰ ਡਿੰਪਲ ਗੋਇਲ ਅਤੇ ਹੋਰ ਸ਼ਹਿਰ ਵਾਸੀਆਂ ਵੱਲੋਂ ਵਿਸ਼ਾਲ ਪ੍ਰਦਰਸ਼ਨ ਕੀਤਾ ਗਿਆ ਅਤੇ ਪੁਰਾਣੀ ਦਾਣਾ ਮੰਡੀ ਤੋਂ ਵੀ ਵੱਡਾ ਕੂੜਾ ਡੰਪ ਹਟਾਉਣ ਦੀ ਮੰਗ ਕੀਤੀ ਗਈ। ਇਸ ਮੌਕੇ ਕੌਂਸਲਰ ਡਿੰਪਲ ਗੋਇਲ ਤੇ ਹੋਰਨਾਂ ਨੇ ਕਿਹਾ ਕਿ ਜੇਕਰ ਨਗਰ ਕੌਂਸਲ ਵੱਲੋਂ ਇਸ ਡੰਪ ਨੂੰ ਨਾ ਹਟਾਇਆ ਗਿਆ ਤਾਂ ਉਹ ਹਰ ਰੋਜ਼ ਈ.ਓ ਦਫ਼ਤਰ ਅੱਗੇ ਕੂੜਾ ਸੁੱਟਣਾ ਸ਼ੁਰੂ ਕਰ ਦੇਣਗੇ। ਉਨ੍ਹਾਂ ਕਿਹਾ ਕਿ ਬਰਸਾਤ ਦਾ ਮੌਸਮ ਚੱਲ ਰਿਹਾ ਹੈ ਅਤੇ ਗੰਦਗੀ ਕਾਰਨ ਇਲਾਕੇ ਦੇ ਲੋਕਾਂ ਦਾ ਜੀਣਾ ਮੁਸ਼ਕਲ ਹੋ ਗਿਆ ਹੈ। ਆਲੇ-ਦੁਆਲੇ ਦੇ ਲੋਕਾਂ ਤੋਂ ਇਲਾਵਾ ਹਰ ਸਮੇਂ ਬਦਬੂ ਵਾਲਾ ਮਾਹੌਲ ਬਣਿਆ ਰਹਿੰਦਾ ਹੈ। ਆਉਣ-ਜਾਣ ਵਾਲੇ ਲੋਕਾਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਦੁਬਾਰਾ ਮੀਂਹ ਪੈਂਦਾ ਹੈ ਤਾਂ ਇਸ ਗੰਦਗੀ ਕਾਰਨ ਕੋਈ ਭਿਆਨਕ ਬਿਮਾਰੀ ਫੈਲ ਸਕਦੀ ਹੈ। ਇਸ ਲਈ ਕੋਈ ਵੀ ਅਣਸੁਖਾਵੀਂ ਘਟਨਾ ਵਾਪਰਨ ਤੋਂ ਪਹਿਲਾਂ ਨਗਰ ਕੌਸਲ ਦੇ ਅਧਿਕਾਰੀਆਂ ਅਤੇ ਪ੍ਰਸ਼ਾਸਨ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਕੂੜੇ ਦੇ ਵੱਡੇ ਡੰਪ ਨੂੰ ਇੱਥੋਂ ਹਟਾਉਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ।
ਕੀ ਕਹਿਣਾ ਹੈ ਈਓ ਦਾ-
ਇਸ ਸਬੰਧੀ ਜਦੋਂ ਨਗਰ ਕੌਂਸਲ ਦੇ ਈ.ਓ ਸੁਖਦੇਵ ਸਿੰਘ ਰੰਧਾਵਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਰਾਣੀ ਦਾਣਾ ਮੰਡੀ ਅਤੇ ਡਿਸਪੋਜ਼ਲ ਰੋਡ ਤੋਂ ਕੂੜਾ ਡੰਪ ਹਟਾਉਣ ਲਈ ਮੁਲਾਜ਼ਮਾਂ ਨੂੰ ਆਦੇਸ਼ ਦਿੱਤੇ ਗਏ ਹਨ। ਉਥੋਂ ਕੂੜਾ ਕਰਕਟ ਹਟਾ ਕੇ ਸਫ਼ਾਈ ਕਰਵਾ ਦਿਤੀ ਜਾਵੇਗੀ। ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਪ੍ਰਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਏਗਾ।