Home Punjab ਮੂਲ ਅਨਾਜਾਂ ਦੀ ਕਾਸ਼ਤ ਸਬੰਧੀ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਅਤੇ ਸਬ ਜੇਲ੍ਹ...

ਮੂਲ ਅਨਾਜਾਂ ਦੀ ਕਾਸ਼ਤ ਸਬੰਧੀ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਅਤੇ ਸਬ ਜੇਲ੍ਹ ਪੱਟੀ ਵੱਲੋਂ ਪਹਿਲਕਦਮੀ

34
0


“ਮੂਲ ਅਨਾਜ ਸਾਡੀ ਰੋਜ਼ਾਨਾ ਖੁਰਾਕ ਦਾ ਮੁੱਖ ਅੰਗ – ਯਾਦਵਿੰਦਰ ਸਿੰਘ”
ਤਰਨਤਾਰਨ 21 ਜੂਨ (ਭਗਵਾਨ ਭੰਗੂ – ਲਿਕੇਸ਼ ਸ਼ਰਮਾ) : ਮੂਲ ਅਨਾਜਾਂ ਨੂੰ ਆਮ ਤੌਰ ‘ਤੇ ਮੋਟੇ ਅਨਾਜਾਂ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਅਤੇ ਅੱਜ ਤੱਕ ਇਹਨਾਂ ਨੂੰ ਇਸੇ ਨਾਮ ਨਾਲ ਹੀ ਪ੍ਰਚਾਰਿਆ ਜਾਂਦਾ ਰਿਹਾ ਹੈ। ਇੰਨਾ ਦੀ ਸਿਹਤ ਵਿੱਚ ਮਹੱਤਤਾ ਨੂੰ ਮੁੱਖ ਰੱਖਦਿਆਂ ਹੋਇਆਂ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਕੁਮਾਰ ਆਈ ਏ ਐਸ ਨੇ ਜਿਲੇ ਅੰਦਰ ਇਹਨਾਂ ਦੀ ਕਾਸ਼ਤ ਨੂੰ ਉਤਸਾਹਿਤ ਕਰਨ ਸਬੰਧੀ ਇੱਕ ਵਿਸ਼ੇਸ ਮੁਹਿੰਮ ਚਲਾਈ ਹੈ|ਪ੍ਰੈਸ ਨਾਲ ਗੱਲਬਾਤ ਕਰਦਿਆਂ ਕੇਂਦਰੀ ਜੇਲ ਗੋਇੰਦਵਾਲ ਸਾਹਿਬ ਦੇ ਸੁਪਰਡੈਂਟ ਸਰਦਾਰ ਗੁਰਚਰਨ ਸਿੰਘ ਧਾਲੀਵਾਲ ਅਤੇ ਸਬ ਜੇਲ ਪੱਟੀ ਦੇ ਸੁਪਰਡੈਂਟ ਸਰਦਾਰ ਜਤਿੰਦਰ ਪਾਲ ਸਿੰਘ ਨੇ ਕਿਹਾ ਕਿ ਮੂਲ ਅਨਾਜ ਬਾਜ਼ਰਾ,ਜ਼ਵਾਰ, ਰਾਗੀ, ਕੰਗਣੀ, ਕੋਧਰਾ ਆਦਿ ਕਣਕ ਅਤੇ ਚੌਲਾਂ ਨਾਲੋਂ ਜਿਆਦਾ ਪੌਸ਼ਟਿਕ ਹਨ ਅਤੇ ਇਹਨਾਂ ਵਿੱਚ ਫਾਈਬਰ ਕੈਲਸ਼ੀਅਮ ਮਗਨੀਸ਼ੀਅਮ ਭਰਪੂਰ ਮਾਤਰਾ ਵਿੱਚ ਹੈ । ਇਸਦੀਆਂ ਸਪੱਸ਼ਟ ਮਿਸਾਲਾਂ ਹਨ। ਵਿਗਿਆਨਕ ਰਿਪੋਰਟਾਂ ਦੱਸਦੀਆਂ ਹਨ ਕਿ ਪਾਣੀ ਦੀ ਖਖਤ ਤੋਂ ਲੈ ਕੇ ਵਾਤਾਵਰਨ ਤਬੀਦੀਲੀਆਂ ਅਤੇ ਸਿਹਤਾਂ ਦੀ ਦ੍ਰਿਸ਼ਟੀ ਤੋਂ ਮੂਲ ਅਨਾਜ ਹਰ ਪੱਖੋਂ ਕਣਕ ਅਤੇ ਚਾਵਲ ਤੋਂ ਵਧੇਰੇ ਲਾਭਕਾਰੀ ਹਨ। ਪਰੰਤੂ ਹਰੀ ਕਰਾਂਤੀ ਦੀ ਅੰਨੀ ਦੌੜ ਨੇ ਮੂਲ ਅਨਾਜਾਂ ਦੀ ਪਰਿਭਾਸ਼ਾ ਦੇ ਕੇ ਸਿਰੇ ਤੋਂ ਨਕਾਰ ਦਿੱਤਾ ਹੈ ।ਉਹਨਾਂ ਦੱਸਿਆ ਕਿ ਮੂਲ ਅਨਾਜ ਸਾਉਣੀ ਦੀ ਫਸਲ ਹਨ ਅਤੇ ਇਹ ਤਿੰਨ ਤੋਂ ਚਾਰ ਮਹੀਨਿਆਂ ਵਿੱਚ ਪੱਕ ਜਾਂਦੀ ਹੈ । ਇਸ ਨੂੰ ਬੀਜਣ ਵਾਸਤੇ ਬਹੁਤੀਆਂ ਖਾਦਾਂ ਦਵਾਈਆਂ ਅਤੇ ਪਾਣੀ ਦੀ ਲੋੜ ਨਹੀਂ ਹੁੰਦੀ ਜਿਸ ਕਰਕੇ ਇਹ ਵਾਤਾਵਰਨ ਪੱਖੀ ਹਨ । ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਸੰਦੀਪ ਕੁਮਾਰ ਆਈ ਏਐਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਖੇਤੀਬਾੜੀ ਵਿਭਾਗ ਤੋਂ ਸਰਦਾਰ ਯਾਦਵਿੰਦਰ ਸਿੰਘ ਬਲਾਕ ਟੈਕਨੋਲੋਜੀ ਮੈਨੇਜਰ ਨੇ ਦੋਵਾਂ ਜੇਲਾਂ ਦਾ ਦੌਰਾ ਕੀਤਾ ਅਤੇ ਮੂਲ ਅਨਾਜਾਂ ਦੇ ਬੀਜ ਮੁਹਈਆ ਕੀਤੇ । ਯਾਦਵਿੰਦਰ ਸਿੰਘ ਨੇ ਦੱਸਿਆ ਕਿ ਮੂਲ ਅਨਾਜਾਂ ਦੀਆਂ ਫਸਲਾਂ ਜਿੱਥੇ ਕਮਜ਼ੋਰ ਜਾਂ ਮਾਰੂ ਭੂਮੀ ਵਿੱਚ ਵਧੀਆ ਉਪਜ ਦੇਣ ਦੇ ਸਮਰੱਥ ਹੁੰਦੀਆਂ ਹਨ, ਉੱਥੇ ਹੀ ਕਣਕ ਅਤੇ ਚੌਲਾਂ ਦੇ ਮੁਕਾਬਲੇ ਕਿਤੇ ਘੱਟ ਸਮੇਂ ਵਿੱਚ ਅਤੇ ਬਹੁਤ ਘੱਟ ਜਾਂ ਨਾਂਹ ਦੇ ਬਰਾਬਰ ਪਾਣੀ ਨਾਲ ਤਿਆਰ ਹੋ ਜਾਂਦੀਆਂ ਹਨ। ਜੇ ਦੇਖਿਆ ਜਾਵੇ ਤਾਂ ਮੂਲ ਅਨਾਜਾਂ ਦੀਆਂ ਜਿਆਦਾਤਰ ਫਸਲਾਂ 3-4 ਮਹੀਨੇ ਦੇ ਸਮੇਂ ਵਿੱਚ ਹੀ ਪੱਕ ਕੇ ਖੇਤੋਂ ਬਾਹਰ ਆ ਜਾਂਦੀਆਂ ਹਨ। ਅੱਜ ਆਪਣੇ ਪੋਸ਼ਣ ਮੁੱਲ ਕਰਕੇ ਮੂਲ ਅਨਾਜ ਅਮੀਰਾਂ ਦੇ ਖਾਣੇ ਦਾ ਅਟੁੱਟ ਅੰਗ ਬਣਦੇ ਜਾ ਰਹੇ ਹਨ। ਵੱਡੇ-ਵੱਡੇ ਪੰਜ ਤਾਰਾ ਹੋਟਲਾਂ ਵਿੱਚ ਜਵਾਰ, ਬਾਜ਼ਰੇ, ਕੰਗਣੀ ਅਤੇ ਰਾਗੀ ਵਰਗੇ ਮੂਲ ਅਨਾਜਾਂ ਤੋਂ ਬਣੇ ਵਿਅੰਜਨ ਪੰਜ-ਪੰਜ ਸੌ ਰੁਪਏ ਪਲੇਟ ਪਰੋਸੇ ਜਾ ਰਹੇ ਹਨ। ਪਰ ਆਮ ਆਦਮੀ ਅੱਜ ਵੀ ਸਿਹਤਾਂ, ਵਾਤਾਵਰਨ ਅਤੇ ਭੂਮੀ-ਪਾਣੀ ਵਰਗੇ ਅਨਮੋਲ ਕੁਦਰਤੀ ਸੋਮਿਆਂ ਦੇ ਅਨੁਕੂਲ ਮੂਲ ਅਨਾਜਾਂ ਮਹੱਤਵ ਅਤੇ ਆਲੋਕਾਰੀ ਗੁਣਾਂ ਤੋਂ ਅਨਜਾਣ ਹੈ।

ਕੋਈ 40 ਕੁ ਵਰ੍ਹੇ ਪਹਿਲਾਂ ਪੰਜਾਬ ਵਿੱਚ ਮੂਲ ਅਨਾਜਾਂ ਦਾ ਖੂਬ ਪ੍ਰਚਲਨ ਸੀ। ਮੂਲ ਅਨਾਜ ਲੋਕਾਂ ਦੀ ਰੋਜ਼ਾਨਾ ਦੀ ਖ਼ਰਾਕ ਦਾ ਮੁੱਖ ਅੰਗ ਹੋਇਆ ਕਰਦੇ ਸਨ। ਪੰਜਾਬ ਦੇ ਹਰੇਕ ਘਰ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਮੂਲ ਅਨਾਜ ਖਾਧੇ ਜਾਂਦੇ ਸਨ। ਫਿਰ ਚਾਹੇ ਇਹ ਮੋਠ-ਬਾਜ਼ਰੇ ਦੀ ਖਿਚੜੀ, ਮੱਕੀ ਦੇ ਦਲੀਏ, ਬਾਜ਼ਰੇ-ਜਵਾਰ ਦੀ ਰੋਟੀ ਦੇ ਰੂਭ ਵਿੱਚ ਰੂਪ ਵਿੱਚ ਸਾਡੇ ਅੰਗ ਸੰਗ ਵਿਚਰਦੇ ਸਨ ਚਾਹੇ ਮੱਕੀ, ਬਾਜ਼ਰੇ ਤੇ ਜਵਾਰ ਦੇ ਭੂਤ ਪਿੰਨਿਆਂ ਦੇ ਰੂਪ ਵਿੱਚ। ਮੂਲ ਅਨਾਜਾਂ ਦੇ ਨਾਲ-ਨਾਲ ਬਰਾਨੀ ਖੇਤੀ ਦੇ ਰਾਜੇ ਛੋਲੇ ਅਤੇ ਜੌਂ ਵੀ ਸਾਡੀ ਭੋਜਨ ਲੜੀ ਦੇ ਅਨਿੱਖੜਵੇਂ ਅੰਗ ਵਜੋਂ ਸਾਡੀ ਰੋਜ਼ਾਨਾ ਖ਼ੁਰਾਕ ਵਿੱਚ ਸ਼ਾਮਿਲ ਸਨ। ਜੇ ਦੂਜੇ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਉਹਨਾਂ ਵੇਲਿਆਂ ਵਿੱਚ ਸਾਡੀ ਖੇਤੀ ਦੀ ਵਿਉਂਤਬੰਦੀ ਸਾਡੀ ਰਸੋਈ ਦੀਆਂ ਲੋੜਾਂ ਨਾਲ ਸਿੱਧੇ ਰੂਪ ਵਿੱਚ ਜੁੜੀ ਹੋਈ ਸੀ। ਅਸੀਂ ਖੇਤਾਂ ਵਿੱਚ ਉਹ ਹੀ ਉਗਾਂਉਦੇ ਸੀ ਜਿਹੜਾ ਕਿ ਘਰ ਅਤੇ ਸਮਾਜ ਵਿੱਚ ਖਾਧਾ ਜਾਂਦਾ ਸੀ, ਸਿਹਤ ਵਰਧਕ ਅਤੇ ਸਰੀਰ ਦੀਆਂ ਪੋਸ਼ਣ ਸਬੰਧੀ ਸਾਰੀਆਂ ਲੋੜਾਂ ਪੂਰੀਆਂ ਕਰਨ ਵਾਲਾ ਹੁੰਦਾ ਸੀ। ਉਹਨਾਂ ਵੇਲਿਆਂ ‘ਚ ਲੋਕਾਂ ਦੇ ਸਰੀਰਾਂ ਵਿੱਚ ਅੱਜ ਵਾਂਗੂੰ ਆਇਰਨ, ਕੈਲਸੀਅਮ, ਜਿੰਕ ਆਦਿ ਘਾਟ ਨਹੀਂ ਸੀ ਪਾਈ ਜਾਂਦੀ। ਸਭ ਤੰਦਰੁਸਤ ਅਤੇ ਨੌ-ਬਰ-ਨੌ ਅਵਸਥਾ ਵਿੱਚ ਮਿਲਦੇ ਸਨ। ਹਾਲਾਤ ਅੱਜ ਨਾਲੋਂ ਬਿਲਕੁੱਲ ਵੱਖਰੇ ਸਨ। ਕਾਰਨ ਸਿਰਫ ਇਹ ਕਿ ਅਸੀਂ ਖਾਂਦੇ ਹੀ ਐਸਾ ਸੀ ਜਿਹੜਾ ਕਿ ਪੋਸ਼ਣ ਅਤੇ ਤੰਦਰੁਸਤੀ ਸਬੰਧੀ ਸਾਡੀਆਂ ਸਾਰੀਆਂ ਲੋੜਾਂ ਪੂਰੀਆਂ ਕਰਦਾ ਸੀ।ਉਦਾਹਰਣ ਵਜੋਂ ਕਣਕ ਅਤੇ ਚੌਲਾਂ ਦੇ ਮੁਕਾਬਲੇ ਬਾਜ਼ਰੇ ਵਿੱਚ 95 ਫੀਸਦੀ ਵਧੇਰੇ ਆਇਰਨ (ਲੋਹਾ), 92 ਫੀਸਦੀ ਵਧੇਰੇ ਕੈਲਸੀਅਮ ਪਾਇਆ ਜਾਂਦਾ ਹੈ।ਅੱਜ ਪੰਜਾਬ ਦੀ ਰਗ-ਰਗ ਵਿੱਚ ਜ਼ਹਿਰ ਦੌੜ ਰਹੇ ਹਨ। ਸਾਡੀ ਖ਼ਰਾਕ ਵਿੱਚ ਵੰਨ-ਸੁਵੰਨਤਾ ਬੀਤੇ ਦੀ ਗੱਲ ਹੋ ਗਈ ਹੈ। ਅਸੀਂ ਭਾਂਤ-ਭਾਂਤ ਦੇ ਨਾਮੁਰਾਦ ਰੋਗਾਂ ਦੇ ਸ਼ਿਕਾਰ ਹੋ ਚੁੱਕੇ ਹਾਂ। ਯਾਦਵਿੰਦਰ ਸਿੰਘ ਨੇ ਕਿਹਾ ਅੰਤ ਅਸੀਂ ਸਮੂਹ ਕਿਸਾਨ ਵੀਰਾਂ ਨੂੰ ਇਸ ਵਾਰ ਸਾਉਣੀ ਰੁੱਤੇ ਮੂਲ ਅਨਾਜਾਂ ਨੂੰ ਆਪਣੀ ਖੇਤੀ ਵਿੱਚ ਬਣਦਾ ਥਾਂ ਦੇ ਕੇ ਚਿਰਜੀਵੀ ਪੰਜਾਬ ਦੀ ਪੁਨਰ ਸੁਰਜੀਤੀ ਵੱਲ ਠੋਸ ਉਪਰਾਲਾ ਕਰਨ ਦੀ ਅਪੀਲ ਕੀਤੀ।