ਪਤਨੀ, ਸੱਸ ਅਤੇ ਸਹੁਰੇ ਖਿਲਾਫ ਮਾਮਲਾ ਦਰਜ
ਜਗਰਾਉਂ, 7 ਜੁਲਾਈ ( ਬੌਬੀ ਸਹਿਜਲ, ਧਰਮਿੰਦਰ )-ਲੜਕੀ ਵੱਲੋਂ ਆਪਣੇ ਸਹੁਰੇ ਪਰਿਵਾਰ ਦੇ ਪੈਸਿਆਂ ’ਤੇ ਕੈਨੇਡਾ ਪੜ੍ਹਨ ਲਈ ਪਹੁੰਚ ਕੇ ਆਪਣੇ ਪਤੀ ਨੂੰ ਕੈਨੇਡਾ ਨਾ ਬੁਲਾਉਣ ਅਤੇ ਉਥੋਂ ਤਲਾਕ ਦੇ ਦਸਤਾਵੇਜ਼ ਭੇਜ ਕੇ ਤਲਾਕ ਮੰਗਣ ਦੇ ਦੋਸ਼ ਲਗਾ ਕੇ ਸ਼ਿਕਾਇਤਕਰਤਾ ਵੱਲੋਂ ਦਿੱਤੀ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਪਤਨੀ, ਉਸਦੀ ਮਾਂ ਅਤੇ ਬਾਪ ਦੇ ਖਿਲਾਫ ਥਾਣਾ ਸਿਟੀ ’ਚ ਧੋਖਾਧੜੀ ਅਤੇ ਸਾਜ਼ਿਸ਼ ਤਹਿਤ ਮਾਮਲਾ ਦਰਜ ਕੀਤਾ ਗਿਆ। ਬੱਸ ਅੱਡਾ ਪੁਲਿਸ ਚੌਂਕੀ ਦੇ ਇੰਚਾਰਜ ਏ.ਐਸ.ਆਈ ਗੁਰਸੇਵਕ ਸਿੰਘ ਨੇ ਦੱਸਿਆ ਕਿ ਗੋਲਡਨ ਬਾਗ ਦੇ ਰਹਿਣ ਵਾਲੇ ਹਿੰਮਤ ਵਰਮਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸਦਾ ਵਿਆਹ ਸਾਲ 2019 ਵਿੱਚ ਪਿੰਡ ਬਲੀਪੁਰ ਥਾਣਾ ਮੇਹਬਨਾ, ਜਿਲਾ ਲੁਧਿਆਣਾ ਦੀ ਰਹਿਣ ਵਾਲੀ ਸਿਮਰਨ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਸ ਨੂੰ ਕੈਨੇਡਾ ਪੜ੍ਹਨ ਲਈ ਭੇਜਣ ’ਤੇ ਕਰੀਬ 20 ਲੱਖ ਰੁਪਏ ਉਨ੍ਹਾਂ ਦਾ ਖਰਚ ਹੋਇਆ। ਉਥੇ ਪਹੁੰਚ ਕੇ ਸਿਮਰਨ ਨੇ ਉਸ ਨੂੰ ਕੈਨੇਡਾ ਬੁਲਾਉਣ ਦੀ ਬਜਾਏ ਤਲਾਕ ਦੇ ਕਾਗਜ਼ ਭੇਜ ਕੇ ਤਲਾਕ ਦੀ ਮੰਗ ਕੀਤੀ। ਸਿਮਰਨ ਨੇ ਆਪਣੇ ਪਿਤਾ ਸੁਰਿੰਦਰ ਕੁਮਾਰ ਅਤੇ ਮਾਂ ਪ੍ਰਵੀਨ ਨਾਲ ਮਿਲ ਕੇ ਇੱਕ ਸਾਜ਼ਿਸ਼ ਤਹਿਤ ਉਨ੍ਹਾਂ ਨਾਲ 20 ਲੱਖ ਰੁਪਏ ਦੀ ਠੱਗੀ ਮਾਰੀ ਹੈ। ਇਸ ਸ਼ਿਕਾਇਤ ਦੀ ਜਾਂਚ ਐਸ.ਪੀ.ਡੀ. ਵਲੋਂ ਕੀਤੀ ਗਈ। ਜਾਂਚ ਤੋਂ ਬਾਅਦ ਸਿਮਰਨ, ਉਸ ਦੇ ਪਿਤਾ ਸੁਰਿੰਦਰ ਕੁਮਾਰ ਅਤੇ ਮਾਂ ਪ੍ਰਵੀਨ ਖਿਲਾਫ ਥਾਣਾ ਸਿਟੀ ’ਚ ਮਾਮਲਾ ਦਰਜ ਕਰ ਲਿਆ ਗਿਆ।