ਬਟਾਲਾ, 3 ਮਾਰਚ (ਰਾਜ਼ਨ ਜੈਨ – ਰੋਹਿਤ ਗੋਇਲ) : ਹਲਕਾ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਅਤੇ ਡਾ. ਹਿਮਾਂਸ਼ੂ ਅਗਰਵਾਲ ਡਿਪਟੀ ਕਮਿਸ਼ਨਰ ਵਲੋਂ ਬਟਾਲਾ ਸ਼ਹਿਰ ਅੰਦਰ ਚੱਲ ਰਹੇ ਵੱਖ-ਵੱਖ ਕਾਰਜਾਂ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਡਾ ਸ਼ਾਇਰੀ ਭੰਡਾਰੀ,ਕਮਿਸ਼ਨਰ ਕਾਰਪੋਰੇਸ਼ਨ-ਕਮ-ਐਸ.ਡੀ.ਐਮ ਬਟਾਲਾ ਤੇ ਤਹਿਸੀਲਦਾਰ ਲਖਵਿੰਦਰ ਸਿੰਘ ਵੀ ਮੋਜੂਦ ਸਨ।ਇਸ ਮੌਕੇ ਵਿਧਾਇਕ ਸ਼ੈਰੀ ਕਲਸੀ ਤੇ ਡਿਪਟੀ ਕਮਿਸ਼ਨਰ ਡਾ ਹਿਮਾਸ਼ੂ ਅਗਰਵਾਲ ਵਲੋਂ ਬੱਸ ਅੱਡਾ ਬਟਾਲਾ ਵਿਖੇ ਕੂੜੇ ਦੀ ਸਾਂਭ ਸੰਭਾਲ ਲਈ ਬਣਾਏ ਗਏ ‘ਮਟੀਰੀਅਲ ਰਿਕਰਵਰੀ ਫੈਸੀਲਿਟੀ’ (ਐਮ.ਆਰ.ਐਫ) ਦਾ ਜਾਇਜ਼ਾ ਲਿਆ ਗਿਆ। ਇਥੇ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖੋ ਵੱਖਰਾ ਕਰਕੇ ਉਸ ਤੋ ਖਾਦ ਤਿਆਰ ਕੀਤੀ ਜਾਂਦੀ ਹੈ ਅਤੇ ਪਲਾਸਟਿਕ ਵੇਸਟੇਜ ਦਾ ਨਿਪਟਾਰਾ ਕੀਤਾ ਜਾਂਦਾ ਹੈ। ਉਨਾਂ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਉਹ ਡੋਰ ਟੂ ਡੋਰ ਗਿੱਲਾ ਤੇ ਸੁੱਕਾ ਕੂੜਾ ਇਕੱਠਾ ਕਰਨ ਨੂੰ ਯਕੀਨੀ ਬਣਾਇਆ ਜਾਵੇ ਅਤੇ ਜਿਥੇ ਡੋਰ ਟੂ ਡੋਰ ਕੂੜਾ ਇਕੱਠਾ ਨਹੀਂ ਕੀਤਾ ਜਾ ਸਕਦਾ ਹੈ, ਓਥੇ ਵੱਡੇ ਅਕਾਰ ਦੇ ਡਸਟਬੀਨ ਲਗਾਏ ਜਾਣ। ਨਾਲ ਹੀ ਉਨਾਂ ਕਿਹਾ ਕਿ ਕੂੜੇ ਦੀ ਸਾਂਭ ਸੰਭਾਲ ਲਈ ਸ਼ਹਿਰ ਵਿੱਚ ਵੱਖ ਵੱਖ ਥਾਵਾਂ ਤੋਂ ਹੋਰ ਐਮ.ਆਰ ਐਫ ਕੇਦਰਾਂ ਦੀ ਉਸਾਰੀ ਕੀਤੀ ਜਾਵੇ।ਉਪਰੰਤ ਉਨਾਂ ਨੇ ਸੁੱਖਾ ਸਿੰਘ ਮਹਿਤਾਬ ਸਿੰਘ ਚੋਂਕ, ਹੰਸਲੀ ਪੁਲ, ਕਾਦੀਆਂ ਚੂੰਗੀ ਤੇ ਉਮਰਪੁਰਾ ਚੋਂਕ ਨੂੰ ਚੋੜੇ ਕੀਤੇ ਜਾਣ ਅਤੇ ਬਣ ਰਹੀ ਸੜਕ ਦੇ ਵਿਕਾਸ ਕੰਮਾਂ ਦਾ ਨਿਰੀਖਣ ਕੀਤਾ। ਉਨਾਂ ਕਿਹਾ ਕਿ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਆਵਾਜਾਈ ਨੂੰ ਸੁਖਲਾ ਕਰਨ ਦੇ ਮੰਤਵ ਨਾਲ ਚੌਂਕਾਂ ਨੂੰ ਚੋੜਿਆ ਕੀਤਾ ਗਿਆ ਹੈ ਤੇ ਸੜਕ ਚੋੜੀ ਕਰਕੇ ਨਵੀਂ ਬਣਾਈ ਜਾ ਰਹੀ ਹੈ। ਉਨਾਂ ਕਿਹਾ ਕਿ ਚੱਲ ਰਹੇ ਵਿਕਾਸ ਕਾਰਜ ਨਿਸ਼ਚਿਤ ਸਮੇਂ ਅੰਦਰ ਮੁਕੰਮਲ ਕਰਨ ਲਈ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਜਾ ਚੁੱਕੇ ਹਨ।ਉਨਾਂ ਅੱਗੇ ਕਿਹਾ ਕਿ ਇਤਿਹਾਸਕ ਤੇ ਧਾਰਮਿਕ ਸ਼ਹਿਰ ਬਟਾਲਾ ਦੇ ਸੁੰਦਰੀਕਰਨ ਅਤੇ ਵਿਕਾਸ ਕੰਮਾਂ ਵਿੱਚ ਕੋਈ ਕਮੀਂ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ ਤੇ ਵਿਕਾਸ ਕੰਮ ਤੇਜ਼ਗਤੀ ਨਾਲ ਮੁਕੰਮਲ ਕੀਤੇ ਜਾਣਗੇ।
