ਬਟਾਲਾ, 3 ਮਾਰਚ (ਬੋਬੀ ਸਹਿਜਲ – ਧਰਮਿੰਦਰ) : ਸਰਕਾਰੀ ਹਾਈ ਸਮਾਰਟ ਸਕੂਲ ਗੌਸਪੁਰਾ ਦੇ ਪ੍ਰਿੰਸੀਪਲ ਚਰਨਜੀਤ ਕੌਰ ਅਤੇ ਕੈਰੀਅਰ ਕੌਂਸਲਿੰਗ ਸੈਲ ਵੱਲੋਂ ਦਸਵੀਂ ਦੇ ਵਿਦਿਆਰਥੀਆਂ ਨੂੰ ਤਕਨੀਕੀ ਸਿਖਿਆ ਅਧੀਨ ਡਿਪਲੋਮਾ ਕੋਰਸਾਂ ਦੀ ਜਾਣਕਾਰੀ ਦੇਣ ਲਈ ਸੈਮੀਨਾਰ ਕਰਵਾਇਆ ਗਿਆ।ਇਸ ਸੈਮੀਨਾਰ ਵਿੱਚ ਵਿਦਿਆਰਥੀਆਂ ਨੂੰ ਜਾਣਕਾਰੀ ਦੇਣ ਲਈ ਸਰਕਾਰੀ ਪੋਲੀਟੈਕਨਿਕ ਕਾਲਜ ਬਟਾਲਾ ਤੋਂ ਪਲੇਸਮੈਂਟ ਅਫਸਰ ਜਸਬੀਰ ਸਿੰਘ ਅਤੇ ਕੈਮੀਕਲ ਵਿਭਾਗ ਤੋੰ ਮੈਡਮ ਸ਼ਾਲਿਨੀ ਮਹਾਜਨ ਵਿਸ਼ੇਸ਼ ਤੌਰ ’ਤੇ ਹਾਜਰ ਹੋਏ।ਇਸ ਮੌਕੇ ਜਸਬੀਰ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹਨਾਂ ਦਾ ਆਉਣ ਵਾਲਾ ਭਵਿੱਖ ਅੱਜ ਦੀ ਉਹਨਾਂ ਦੀ ਕੀਤੀ ਗਈ ਚੋਣ ’ਤੇ ਨਿਰਭਰ ਕਰਦਾ ਹੈ ਅਤੇ ਇਸ ਲਈ 10ਵੀਂ ਤੋਂ ਬਾਅਦ ਉਹਨਾਂ ਨੂੰ ਆਪਣੇ ਖੇਤਰ ਦੀ ਚੋਣ ਸੋਚ ਸਮਝ ਕੇ ਕਰਨੀ ਚਾਹੀਦੀ ਹੈ। ਉਹਨਾਂ ਦੱਸਿਆ ਕਿ ਪੋਲੀਟੈਕਨੀਕਲ ਕਾਲਜ ਵਿੱਚ ਮਕੈਨੀਕਲ, ਇਲੈਕਟ੍ਰੀਕਲ, ਸਿਵਲ, ਈ.ਸੀ.ਈ ਅਤੇ ਕੈਮੀਕਲ ਦੇ ਤਿੰਨ ਸਾਲਾ ਡਿਪਲੋਮਾਂ ਕੋਰਸ ਚੱਲਦੇ ਹਨ ਅਤੇ ਪਿਛਲੇ ਸਾਲਾਂ ਵਿੱਚ ਜਿਆਦਾਤਰ ਵਿਦਿਆਰਥੀਆਂ ਨੂੰ ਕੋਰਸ ਦੇ ਆਖਰੀ ਸਾਲ ਦੌਰਾਨ ਹੀ ਆਨ-ਕੈਂਪਸ ਅਤੇ ਆਫ-ਕੈਂਪਸ ਪਲੇਸਮੈਂਟ ਰਾਹੀਂ ਨੌਕਰੀਆਂ ਦਵਾਈਆਂ ਗਈਆਂ ਹਨ। ਉਨਾਂ ਇਹ ਵੀ ਕਿਹਾ ਕਿ ਅੱਜ ਦੇ ਸਮੇਂ ਵੱਖ-ਵੱਖ ਖੇਤਰਾਂ ਵਿੱਚ ਹੁਨਰਮੰਦ ਨੌਜਵਾਨਾਂ ਦੀ ਬਹੁਤ ਲੋੜ ਹੈ ਅਤੇ ਵਿਦਿਆਰਥੀਆਂ ਨੂੰ ਆਪਣੇ ਆਪ ਨੂੰ ਹੁਨਰਮੰਦ ਬਣਾਉਣਾ ਚਾਹੀਦਾ ਹੈ ਤਾਂ ਜੋ ਉਹ ਭਵਿੱਖ ਵਿੱਚ ਜਿਥੇ ਆਪਣੇ ਲਈ ਰੁਜ਼ਗਾਰ ਪ੍ਰਾਪਤ ਸਕਣ ਉਥੇ ਨਾਲ ਹੀ ਹੋਰਨਾਂ ਲਈ ਵੀ ਰੁਜ਼ਗਾਰ ਦੇ ਮੌਕੇ ਪੈਦਾ ਕਰ ਸਕਣ।ਮੈਡਮ ਸ਼ਾਲਿਨੀ ਮਹਾਜਨ ਨੇ ਵਿਦਿਆਰਥੀਆਂ ਨੂੰ ਵਜ਼ੀਫਾ ਸਕੀਮ ਬਾਰੇ ਜਾਣਕਾਰੀ ਦੇਂਦਿਆਂ ਉਹਨਾਂ ਨੇ ਦੱਸਿਆ ਕਿ ਇਸ ਸਕੀਮ ਅਧੀਨ ਦੱਸਵੀਂ ਸ਼੍ਰੇਣੀ ਵਿੱਚ 60% ਤੋਂ ਜਿਆਦਾ ਨੰਬਰ ਲੈਣ ਵਾਲੇ ਵਿਦਿਆਰਥੀ ਨੂੰ ਕੋਰਸ ਦੌਰਾਨ 70% ਟਿਊਸ਼ਨ ਫੀਸ ਮੁਆਫ ਹੋਏਗੀ। ਇਸੇ ਤਰਾਂ 70% ਤੋਂ ਜਿਆਦਾ ਨੰਬਰ ਲੈਣ ਵਾਲੇ ਨੂੰ 80%, 80% ਤੋਂ ਜਿਆਦਾ ਨੰਬਰ ਲੈਣ ਵਾਲੇ ਨੂੰ 90% ਅਤੇ 90% ਤੋਂ ਜਿਆਦਾ ਨੰਬਰ ਲੈਣ ਵਾਲੇ ਨੂੰ ਪੂਰੀ ਟਿਊਸ਼ਨ ਫੀਸ ਦੀ ਮੁਆਫੀ ਦਾ ਲਾਭ ਦਿੱਤਾ ਜਾਵੇਗਾ।ਉਨਾਂ ਦੱਸਿਆ ਕਿ ਇਸ ਸਕੀਮ ਦਾ ਲਾਭ ਕਿਸੇ ਵੀ ਕੈਟਾਗਰੀ ਦਾ ਵਿਦਿਆਰਥੀ ਲੈ ਸਕਦਾ ਹੈ। ਇਸ ਸਕੀਮ ਤੋਂ ਇਲਾਵਾ ਇਹ ਵੀ ਦੱਸਿਆ ਕਿ ਅਨੁਸੂਚਿਤ ਜਾਤੀ ਦੇ ਵਿਦਿਆਰਥੀ ਜਿਨਾਂ ਦੀ ਸਲਾਨਾ ਪਰਿਵਾਰਕ ਆਮਦਨ 2.5 ਲੱਖ ਤੋਂ ਘੱਟ ਹੈ ਪਾਸੋਂ ਕੋਰਸ ਦੌਰਾਨ ਕੋਈ ਫੀਸ ਨਹੀ ਲਈ ਜਾਂਦੀ।ਸੈਮੀਨਾਰ ਦੀ ਸਮਾਪਤੀ ਕਰਦਿਆਂ ਮੈਡਮ ਲਖਵਿੰਦਰ ਕੌਰ ਨੇ ਆਏ ਹੋਏ ਮਾਹਿਰਾਂ ਦਾ ਅਤੇ ਵਿਸ਼ੇਸ਼ ਤੌਰ ’ਤੇ ਪੋਲੀਟੈਕਨਿਕ ਕਾਲਜ ਦੇ ਪ੍ਰਿੰਸੀਪਲ ਸ਼੍ਰੀ ਰਾਜ ਕੁਮਾਰ ਚੋਪੜਾ ਜੀ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਯਤਨਾਂ ਸਦਕਾ ਕਾਲਜ ਦੀਆਂ ਟੀਮਾਂ ਵੱਖ ਵੱਖ ਸਕੂਲਾਂ ਵਿੱਚ ਜਾਕੇ ਵਿਦਿਆਰਥੀਆਂ ਨੂੰ ਜਾਗਰੂਕ ਕਰ ਰਹੀਆਂ ਹਨ । ਇਸ ਸੈਮੀਨਾਰ ਦੌਰਾਨ ਪ੍ਰਿੰਸੀਪਲ ਚਰਨਜੀਤ ਕੌਰ ਅਤੇ ਮੈਡਮ ਲਖਵਿੰਦਰ ਕੌਰ ਤੋਂ ਇਲਾਵਾ ਸਕੂਲ ਦਾ ਸਮੂਹ ਸਟਾਫ ਵੀ ਮੌਜੂਦ ਸੀ ।
