ਜਗਰਾਉਂ, 15 ਅਪ੍ਰੈਲ ( ਵਿਕਾਸ ਮਠਾੜੂ) -ਸਰਕਾਰੀ ਪ੍ਰਾਇਮਰੀ ਸਕੂਲ, ਭੋਡੀਪੁਰ ਦੀ ਬੋਰਡ ਜਮਾਤ (ਪੰਜਵੀਂ) ਦੇ ਵਿਦਿਆਰਥੀਆਂ ਦਾ ਨਤੀਜਾ ਰਿਹਾ ਸ਼ਤ-ਪ੍ਰਤੀ-ਸ਼ਤ; ਸਾਰੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਸਕੂਲ ਮੁਖੀ ਜਸਵੀਰ ਸਿੰਘ ‘ਸ਼ਾਇਰ’ ਹੁਰਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ, ਭੋਡੀਪੁਰ ਦੀਆਂ ਸਾਰੀਆਂ ਜਮਾਤਾਂ ਦਾ ਨਤੀਜਾ ਸ਼ਾਨਦਾਰ ਰਿਹਾ। ਇਸੇ ਤਰ੍ਹਾਂ ਬੋਰਡ ਜਮਾਤ ਦੀ ਵਿਦਿਆਰਥਣ ਰਾਜਵੀਰ ਨੇ, ਜਿੱਥੇ ਸਕੂਲ ਵਿੱਚੋਂ ਪਹਿਲਾ ਸਥਾਨ ਲਿਆ, ਉੱਥੇ ਹੀ ਕਲੱਸਟਰ ਪੱਧਰੀ ਤੀਜਾ ਸਥਾਨ ਹਾਸਲ ਕਰਕੇ ਮਾਪਿਆਂ, ਪਿੰਡ ਅਤੇ ਸਕੂਲ ਦਾ ਨਾਂ ਰੌਸ਼ਨ ਕੀਤਾ। ਇਸੇ ਤਰ੍ਹਾਂ ਦੂਜਾ ਸਥਾਨ ਵਿਦਿਆਰਥਣ ਅਨਮੋਲ ਅਤੇ ਤੀਜਾ ਸਥਾਨ ਵਿਦਿਆਰਥੀ ਤਰਨਵੀਰ ਨੇ ਪ੍ਰਾਪਤ ਕੀਤਾ। ਉਨ੍ਹਾਂ ਨੇ ਆਪਣੀ ਗੱਲ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਸਾਡੇ ਸਕੂਲ ਦੀਆਂ ਲਗਭਗ ਸਾਰੀਆਂ ਪੁਜੀਸ਼ਨਾਂ ਮਹਿਜ਼ ਇੱਕ ਇੱਕ ਅੰਕ ਦੇ ਫ਼ਰਕ ਨਾਲ਼ ਹੀ ਆਈਆਂ ਹਨ।
ਇਸ ਦੌਰਾਨ ਵਿਦਿਆਰਥੀਆਂ ਨੂੰ ਸਨਮਾਨਿਤ ਅਤੇ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ਼ ਰਚਾਏ ਗਏ ਸਮਾਗਮ ਦੌਰਾਨ ਪਹਿਲੀਆਂ ਤਿੰਨ ਪੁਜੀਸ਼ਨਾਂ ਤੋਂ ਇਲਾਵਾ ਜਮਾਤ ਦੇ ਸਾਰੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਸਿੱਧ ਸਮਾਜ ਸੇਵੀ ਪਰਮਜੀਤ ਸਿੰਘ ਭੋਡੀਪੁਰ ਹੁਰਾਂ ਪੁਜੀਸ਼ਨ ਹੋਲਡਰ ਵਿਦਿਆਰਥੀਆਂ ਨੂੰ ਨਕਦ ਇਨਾਮ ਦਿੱਤੇ। ਇਸੇ ਤਰ੍ਹਾਂ ਪਿੰਡ ਭੋਡੀਪੁਰ ਦੇ ਸਰਪੰਚ ਬੀਬੀ ਕੁਲਵੰਤ ਕੌਰ ਹੁਰਾਂ ਵੀ ਬਣਦੀ ਭੂਮਿਕਾ ਨਿਭਾਈ। ਇਸ ਸਮੇਂ ਸਮੂਹ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪਿਆਂ ਤੋਂ ਇਲਾਵਾ ਅਧਿਆਪਕਾ ਅਮਨਦੀਪ ਕੌਰ, ਪਿੰਡ ਮੂਸੇਵਾਲ ਦੇ ਸਰਪੰਚ ਕ੍ਰਿਸ਼ਨਾ ਕੁਮਾਰੀ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਅਮਰਜੀਤ ਕੌਰ, ਆਂਗਣਵਾੜੀ ਵਰਕਰ ਹਰਜੀਤ ਕੌਰ ਭੋਡੀਪੁਰ, ਆਂਗਣਵਾੜੀ ਵਰਕਰ ਪਵਨਪ੍ਰੀਤ ਕੌਰ ਮੂਸੇਵਾਲ, ਬੀਬੀ ਬਲਵਿੰਦਰ ਕੌਰ ਤੇ ਮਹਿੰਦਰ ਕੌਰ ਆਦਿ ਹਾਜ਼ਰ ਸਨ।