“ਸੁਰੱਖਿਆ ਮਾਣਕਾਂ ਨੂੰ ਪੂਰਾ ਨਾ ਕਰਨ ਵਾਲੇ ਵਾਹਨਾਂ ਦੇ ਕੀਤੇ ਚਲਾਨ”
ਫਾਜ਼ਿਲਕਾ , 15 ਅਪ੍ਰੈਲ (ਲਿਕੇਸ਼ ਸ਼ਰਮਾ) : ਜਿਲੇ ਦੇ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਆਈਏਐਸ ਦੀ ਨਿਗਰਾਨੀ ਹੇਠ ਅੱਜ ਸ਼ਹਿਰ ਵਿੱਚ ਸਕੂਲ ਵਾਹਨਾਂ ਦੀ ਚੈਕਿੰਗ ਲਈ ਇੱਕ ਵਿਸ਼ੇਸ਼ ਅਭਿਆਨ ਚਲਾਇਆ ਗਿਆ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਖੁਦ ਵਾਹਨਾਂ ਦੀ ਜਾਂਚ ਕੀਤੀ ਅਤੇ ਜੋ ਵਾਹਨ ਸੁਰੱਖਿਆ ਮਾਣਕਾਂ ਜਾਂ ਹੋਰ ਤੈਅ ਮਾਪਦੰਡ ਪੂਰੇ ਨਹੀਂ ਕਰਦੇ ਸਨ ਉਹਨਾਂ ਖਿਲਾਫ ਪੁਲਿਸ ਵਿਭਾਗ ਵੱਲੋਂ ਚਲਾਨ ਕੀਤੇ ਗਏ।ਇਸ ਮੌਕੇ ਡਿਪਟੀ ਕਮਿਸ਼ਨਰ ਨੇ ਆਖਿਆ ਕਿ ਵਿਦਿਆਰਥੀਆਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ ਅਤੇ ਜੋ ਕੋਈ ਵੀ ਸਕੂਲ ਵਾਹਣ ਤੈਅ ਮਾਪਦੰਡਾਂ ਦੇ ਅਨੁਸਾਰ ਨਹੀਂ ਹੋਵੇਗਾ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨਾਂ ਆਖਿਆ ਕਿ ਇਸ ਸਬੰਧੀ ਸਬੰਧਤ ਸਕੂਲ ਪ੍ਰਬੰਧਨ ਦੀ ਵੀ ਜਿੰਮੇਵਾਰੀ ਤੈਅ ਕੀਤੀ ਜਾਵੇਗੀ। ਉਨਾਂ ਨੇ ਆਖਿਆ ਕਿ ਇਸ ਤਰ੍ਹਾਂ ਦੇ ਚੈਕਿੰਗ ਅਭਿਆਨ ਲਗਾਤਾਰ ਜਾਰੀ ਰਹਿਣਗੇ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਕੋਈ ਵੀ ਵਿਦਿਆਰਥੀਆਂ ਲਈ ਅਸੁਰੱਖਿਅਤ ਵਾਹਨ ਨਾ ਚੱਲੇ।ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਕਿਹਾ ਕਿ ਵਿਦਿਆਰਥੀ ਕਿਸੇ ਵੀ ਦੇਸ਼ ਦਾ ਸ਼ਰਮਾਇਆ ਹਨ ਅਤੇ ਕਿਸੇ ਨੂੰ ਵੀ ਉਨ੍ਹਾਂ ਦੀ ਸੁਰੱਖਿਆ ਨੂੰ ਖਤਰੇ ਵਿਚ ਪਾਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਨਿਰਧਾਰਤ ਫਿਟਨਸ ਜਾਂ ਹੋਰ ਸਾਰੇ ਮਾਪਦੰਡ ਪੂਰੇ ਨਾ ਕਰਦੇ ਵਾਹਨਾਂ ਖਿਲਾਫ ਸਖਤੀ ਇਸੇ ਤਰਾਂ ਜਾਰੀ ਰਹੇਗੀ।ਉਨਾਂ ਨੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਸਕੂਲ ਵਾਹਨ ਵਿੱਚ ਭੇਜਦੇ ਸਮੇਂ ਯਕੀਨੀ ਬਣਾਉਣ ਕੇ ਸਕੂਲ ਵਾਹਨ ਸਾਰੇ ਸੁਰੱਖਿਆ ਮਾਪਦੰਡ ਪੂਰੇ ਕਰਦਾ ਹੋਵੇ ਅਤੇ ਡਰਾਈਵਰ ਕੋਲ ਬਕਾਇਦਾ ਡਰਾਈਵਿੰਗ ਲਾਈਸੈਂਸ ਹੋਵੇ। ਇਸ ਮੌਕੇ ਏਆਰਟੀਓ ਗੁਰਪਾਲ ਸਿੰਘ ਬਰਾੜ, ਸੰਜੇ ਸ਼ਰਮਾ, ਜਿਲਾ ਬਾਲ ਸੁਰੱਖਿਆ ਅਫਸਰ ਰੀਤੂ ਵੀ ਹਾਜ਼ਰ ਸਨ।