ਲਾਸ਼ ਹਵਨ ਕੁੰਡ ਦੇ ਹੇਠਾਂ ਟੋਆ ਪੁੱਟ ਕੇ ਦੱਬੀ, ਦੋਸ਼ੀ ਨੇ ਕਬੂਲਿਆ ਕਿ ਕਿਵੇਂ ਕੀਤਾ ਉਸਨੇ ਕਤਲ
ਸੰਗਰੂਰ, 4 ਮਈ ( ਰਾਜੇਸ਼ ਜੈਨ, ਭਗਵਾਨ ਭੰਗੂ)-ਸੰਗਰੂਰ ਦੇ ਦੋਹਾਲਾ ਰੇਲਵੇ ਫਾਟਕ ਬਿਲਕੁਲ ਕੋਲ ਬੰਗਲਾਮੁਖੀ ਮੰਦਰ ਦੇ ਦੋ ਪੁਜਾਰੀਆਂ ਨੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਉਸਦੀ ਲਾਸ਼ ਨੂੰ ਹਵਨ-ਕੁੰਡ ਦੇ ਹੇਠਾਂ ਟੋਆ ਪੁੱਟ ਕੇ ਦੱਬ ਦਿੱਤੀ। ਮ੍ਰਿਤਕ ਨੌਜਵਾਨ ਦੀ ਪਹਿਚਾਣ ਸੁਦੀਪ ਕੁਮਾਰ ਪੁੱਤਰ ਗੁਰਿੰਦਰ ਕੁਮਾਰ ਵਾਸੀ ਧੂਰੀ ਵਜੋਂ ਹੋਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਦਿੰਦੇ ਹੋਏ ਪੁਲਿਸ ਥਾਣਾ ਸਿਟੀ ਧੂਰੀ ਦੇ ਇੰਚਾਰਜ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਥਾਣਾ ਸਿਟੀ ਧੂਰੀ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਨ੍ਹਾਂ ਦਾ ਪੁੱਤਰ ਸੁਦੀਪ ਕੁਮਾਰ ਜੋ ਕਿ ਛੋਟੇ ਬੱਚਿਆਂ ਨੂੰ ਪੰਡਿਤ ਵਿਦਿਆ ਪੜ੍ਹਾਉਂਦਾ, ਉਹ 2 ਦਿਨਾਂ ਤੋਂ ਘਰ ਨਹੀਂ ਆਇਆ। ਜਦੋਂ ਪਰਿਵਾਰਕ ਮੈਂਬਰਾਂ ਨੇ ਮੰਦਰ ਜਾ ਕੇ ਪੁੱਛਿਆ ਤਾਂ ਮੰਦਰ ਦੇ ਪੁਜਾਰੀ ਪਰਮਾਨੰਦ ਨੇ ਦੱਸਿਆ ਕਿ ਉਹ 2 ਦਿਨਾਂ ਤੋਂ ਮੰਦਰ ਨਹੀਂ ਆਇਆ।
ਜਦੋ ਪੁਲਿਸ ਨੇ ਮੰਦਰ ਦੇ ਪੁਜਾਰੀ ਪਰਮਾਨੰਦ ਤੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੂੰ ਸ਼ੱਕ ਹੋਇਆ ਤਾਂ ਪੁਲਿਸ ਪੁਜਾਰੀ ਨੂੰ ਥਾਣੇ ਲੈ ਕੇ ਪੁੱਛਗਿੱਛ ਕੀਤੀ, ਇਸ ਦੌਰਾਨ ਪੁਜਾਰੀ ਪਰਮਾਨੰਦ ਨੇ ਕਤਲ ਦੀ ਸਾਰੀ ਕਹਾਣੀ ਦੱਸੀ ਅਤੇ ਮੰਨਿਆ ਕਿ ਉਸ ਨੇ ਹੀ ਉਸ ਦਾ ਕਤਲ ਕਰਕੇ ਲਾਸ਼ ਨੂੰ ਹਵਨਕੁੰਡ ਹੇਠਾਂ ਟੋਆ ਪੁੱਟ ਕੇ ਦੱਬ ਦਿੱਤੀ ਸੀ।ਥਾਣਾ ਧੂਰੀ ਦੀ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਹਵਨ-ਕੁੰਡ ਦੇ ਹੇਠੋਂ ਦੱਬੀ ਲਾਸ਼ ਨੂੰ ਬਾਹਰ ਕੱਢ ਕੇ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ‘ਚ ਰਖਵਾਇਆ ਹੈ। ਥਾਣਾ ਇੰਚਾਰਜ ਨੇ ਦੱਸਿਆ ਕਿ ਬਗਲਾਮੁਖੀ ਮੰਦਰ ਦੇ ਪੁਜਾਰੀ ਪਰਮਾਨੰਦ ਅਤੇ ਮੁੱਖ ਪੁਜਾਰੀ ਅਸ਼ੋਕ ਸ਼ਾਸਤਰੀ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।