ਜਗਰਾਓਂ, 8 ਨਵੰਬਰ ( ਵਿਕਾਸ ਮਠਾੜੂ )-ਸੜਕ ਹਾਦਸੇ ’ਚ 60 ਸਾਲਾ ਬਜ਼ੁਰਗ ਔਰਤ ਦੀ ਸੜਕ ਪਾਰ ਕਰਦੇ ਸਮੇਂ ਕਾਰ ਦੀ ਲਪੇਟ ’ਚ ਆਉਣ ਨਾਲ ਮੌਕੇ ’ਤੇ ਹੀ ਮੌਤ ਹੋ ਗਈ। ਥਾਣਾ ਸਿੱਧਵਾਂਬੇਟ ਤੋਂ ਏ ਐਸ ਆਈ ਜ਼ੋਰਾਵਰ ਸਿੰਘ ਨੇ ਦੱਸਿਆ ਕਿ ਮਨਜੀਤ ਕੌਰ ਪਤਨੀ ਨਛੱਤਰ ਸਿੰਘ ਨਿਵਾਸੀ ਪਿੰਡ ਛੱਜਾਵਾਲ ਆਪਣੀ ਧੀ ਗੁਰਪ੍ਰੀਤ ਕੌਰ ਨਿਵਾਸੀ ਪਿੰਡ ਸਦਰਪੁਰਾ ਕੋਲ ਆਈ ਹੋਈ ਸੀ। ਮੰਗਲਵਾਰ ਦੁਪਹਿਰ ਉਹ ਆਪਣੀ ਬੇਟੀ ਗੁਰਪ੍ਰੀਤ ਕੌਰ ਅਤੇ ਛੋਟੇ ਬੱਚਿਆਂ ਨਾਲ ਗੁਰਦੁਆਰਾ ਨਾਨਕਸਰ ਸਾਹਿਬ ਵਿਖੇ ਮੱਥਾ ਟੇਕਣ ਲਈ ਜਾ ਰਹੀਅਆੰ ਸਨ। ਜਦੋਂ ਉਹ ਬੰਗਸੀਪੁਰਾ ਚੌਕ ਤੋਂ ਸੜਕ ਪਾਰ ਕਰਨ ਲੱਗੀ ਤਾਂ ਤੇਜ ਰਫਤਾਰ ਸਫੇਦ ਰੰਗ ਦੀ ਸਵਿਫਟ ਕਾਰ ਦੇ ਡਰਾਇਵਰ ਨੇ ਉਸਨੂੰ ਟੱਕਰ ਮਾਰ ਦਿਤੀ। ਜਦੋਂ ਉਸ ਨੂੰ ਸਵਿਫਟ ਕਾਰ ਦੇ ਡਰਾਈਵਰ ਨੇ ਟੱਕਰ ਮਾਰੀ ਤਾਂ ਉਸ ਸਮੇਂ ਉਸ ਵਲੋਂ ਆਪਣੀ ਦੋ ਮਹੀਨੇ ਦੀ ਦੋਹਤੀ ਗੋਦੀ ਚੁੱਕੀ ਹੋਈ ਸੀ। ਟੱਕਰ ’ਚ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ। ਜਦੋਂ ਕਿ ਛੋਟੀ ਬੱਚੀ ਨੂੰ ਝਰੀਟ ਤੱਕ ਨਹੀਂ ਆਈ। ਏ ਐਸ ਆਈ ੍ਟਜ਼ੋਰਾਵਰ ਸਿੰਘ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਕਾਰ ਸਮੇਤ ਫਰਾਰ ਹੋਣ ’ਚ ਕਾਮਯਾਬ ਹੋ ਗਿਆ। ਜਿਸ ਕਾਰਨ ਇਲਾਕੇ ’ਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਦੋਸ਼ੀ ਨੂੰ ਕਾਬੂ ਕਰ ਲਿਆ ਜਾਵੇਗਾ।
