ਪੰਜਾਬ ਦੇ ਮੌਜੂਦਾ ਸਿਆਸੀ ਸਮੀਕਰਨ ਕਈ ਵਾਰ ਦਿਲਚਸਪ ਮੋੜ ’ਤੇ ਆ ਜਾਂਦੇ ਹਨ। ਲੀਡਰਾਂ ਦੀ ਸੱਤਾ ਦੀ ਭੁੱਖ ਉਨ੍ਹਾਂ ਨੂੰ ਇਕ ਪਾਰਟੀ ਤੋਂ ਦੂਜੀ ਪਾਰਟੀ ਵਿਚ ਜਾਣ ਲਈ ਮਜਬੂਰ ਕਰ ਦਿੰਦੀ ਹੈ। ਆਪਣੀ ਪਾਰਟੀ ਛੱਡ ਕੇ ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਵਧੇਰੇਤਰ ਆਗੂ ਦੋਵਾਂ ਪਾਸਿਆਂ ਤੋਂ ਕੱਟੇ ਜਾਂਦੇ ਹਨ। ਪੰਜਾਬ ਦੇ ਸਦਾ ਬਹਾਰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਿਨਾਂ ਕਿਸੇ ਮਿਹਨਤ ਦੇ ਉੱਚਾ ਰਾਜਨੀਤਿਕ ਮੁਕਾਮ ਹਾਸਿਲ ਕੀਤਾ। ਉਨ੍ਹਾਂ ਨੂੰ ਪਿਤਾਪੁਰਖੀ ਰਾਜਨੀਤਿਕ ਵਿਰਾਸਤ ਮਿਲ ਗਈ। ਉਸਤੋਂ ਬਾਅਦ ਚਾਚਾ ਪ੍ਰਕਾਸ਼ ਸਿੰਘ ਬਾਦਲ ਵੱਲੋਂ ਉਨ੍ਹਾਂ ਨੂੰ ਵਿੱਤ ਮੰਤਰੀ ਬਣਨ ਦਾ ਮਾਣ ਬਖ਼ਸ਼ਿਆ ਗਿਆ। ਪਰ ਆਪਣੇ ਆਪ ਨੂੰ ਵਿੱਤ ਮੰਤਰੀ ਤੋਂ ਮੁੱਖ ਮੰਤਰੀ ਦੇ ਅਹੁਦੰ ਤੇ ਬਿਰਾਜਮਾਨ ਹੋਣ ਦੀ ਇੱਛਾ ਨੇ ਉਨ੍ਹਾਂ ਨੂੰ ਆਪਣੇ ਹੀ ਘਰ ਵਿੱਚ ਬਗਾਵਤ ਕਰਨ ਲਈ ਮਜਬੂਰ ਕਰ ਦਿੱਤਾ ਅਤੇ ਉਹ ਆਪਣਾ ਪਰਿਵਾਰ ਛੱਡ ਕੇ ਕਾਂਗਰਸ ’ਚ ਸ਼ਾਮਿਲ ਹੋਣ ਵਾਲੇ ਪਹਿਲੇ ਆਗੂ ਹਨ, ਜਿਨ੍ਹਾਂ ਨੂੰ ਕਿਸੇ ਹੋਰ ਪਾਰਟੀ ’ਚ ਸ਼ਾਮਿਲ ਹੋਣ ਤੋਂ ਤੁਰੰਤ ਬਾਅਦ ਵੱਡਾ ਸਨਮਾਨ ਮਿਲਿਆ। ਉਨ੍ਹਾਂ ਨੂੰ ਕਾਂਗਰਸ ਪਾਰਟੀ ਵਲੋਂ ਟਿਕਟ ਵੀ ਦਿੱਤੀ ਗਈ ਅਤੇ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਨੂੰ ਮੁੜ ਵਿੱਤ ਮੰਤਰੀ ਦਾ ਅਹੁਦਾ ਦਿੱਤਾ ਗਿਆ। ਪੰਜਾਬ ਦੇ ਮੰਤਰੀ ਇਹ ਸਦਾ ਬਹਾਰ ਰਹੇ ਖਜ਼ਾਨਾ ਮੰਤਰੀ ਆਪਣੇ ਚਾਚੇ ਦੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਖਜ਼ਾਨਾ ਖਾਲੀ ਹੋਣ ਦਾ ਰੌਲਾ ਪਾਉਂਦੇ ਰਹੇ, ਜਦੋਂ ਕਾਂਗਰਸ ਵਿਚ ਸ਼ਾਮਲ ਹੋ ਕੇ ਵਿੱਤ ਮੰਤਰੀ ਬਣੇ ਤੋਂ ਉਦੋਂ ਵੀ ਖਜ਼ਾਨਾ ਖਾਲੀ ਹੋਣ ਦਾ ਹੀ ਰੋਣਾ ਰੋਂਦੇ ਰਹੇ। ਜਦੋਂ ਪੰਜਾਬ ਕਾਂਗਰਸ ’ਚ ਬਗਾਵਤ ਸ਼ੁਰੂ ਹੋਈ ਤਾਂ ਉਨ੍ਹਾਂ ਨੂੰ ਉਮੀਦ ਸੀ ਕਿ ਪਾਰਟੀ ਉਨ੍ਹਾਂ ਨੂੰ ਕੋਈ ਵੱਡਾ ਸਨਮਾਨ ਦੇਵੇਗੀ ਪਰ ਅਜਿਹਾ ਨਹੀਂ ਹੋਇਆ, ਆਖਰਕਾਰ ਉਨ੍ਹਾਂ ਨੇ ਕਾਂਗਰਸ ਨੂੰ ਅਲਵਿਦਾ ਕਹਿ ਦਿੱਤਾ ਅਤੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ, ਜਿਸ ਨੂੰ ਉਨ੍ਹਾਂ ਨੇ ਦੇਸ਼ ਨੂੰ ਬਰਬਾਦ ਕਰਨ ਵਾਲੀ ਪਾਰਟੀ ਦੇ ਖਿਤਾਬ ਨਾਲ ਨਵਾਜਿਆ ਸੀ। ਕਾਂਗਰਸ ਸਰਕਾਰ ਵੇਲੇ ਉਨ੍ਹਾਂ ਵੱਲੋਂ ਆਪਣੇ ਕਾਰਜਕਾਲ ਦੌਰਾਨ ਕੀਤੇ ਕੰਮਾਂ ਦਾ ਜਾਇਜ਼ਾ ਲਿਆ ਗਿਆ ਤਾਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਬਠਿੰਡਾ ਸ਼ਹਿਰੀ ਦੇ ਸਾਬਕਾ ਵਿਧਾਇਕ ਅਤੇ ਮੌਜੂਦਾ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸਵਰੂਪ ਚੰਦ ਸਿੰਗਲਾ ਵੱਲੋਂ ਸਾਲ 2021 ਵਿੱਚ ਵਿਜੀਲੈਂਸ ਕੋਲ ਦਰਜ ਕਰਵਾਈ ਗਈ ਸ਼ਿਕਾਇਤ ਦੀ ਲੰਬੀ ਜਾਂਚ ਤੋਂ ਬਾਅਦ ਵਿਜੀਲੈਂਸ ਵੱਲੋਂ ਮਨਪ੍ਰੀਤ ਬਾਦਲ ਸਮੇਤ ਚਾਰ ਹੋਰ ਵਿਅਕਤੀਆਂ ਖਿਲਾਫ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ। ਹਮੇਸ਼ਾ ਇਮਾਨਦਾਰ ਹੋਣ ਦਾ ਦਿਖਾਵਾ ਕਰਨ ਵਾਲੇ ਮਨਪ੍ਰੀਤ ਬਾਦਲ ਹੁਣ ਖੁਦ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਲਪੇਟ ਵਿੱਚ ਆ ਗਏ ਹਨ। ਇੱਥੇ ਦਿਲਚਸਪ ਗੱਲ ਇਹ ਹੈ ਕਿ ਮੰਨਿਆ ਜਾਂਦਾ ਹੈ ਕਿ ਜੇਕਰ ਕੋਈ ਦਾਗੀ ਨੇਤਾ ਆਪਣੀ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਜਾਂਦਾ ਹੈ ਤਾਂ ਉਸ ਦੇ ਸਾਰੇ ਦਾਗ ਧੋਤੇ ਜਾਂਦੇ ਹਨ, ਪਰ ਮਨਪ੍ਰੀਤ ਬਾਦਲ ਦੇ ਮਾਮਲੇ ਵਿਚ ਫਿਲਹਾਲ ਅਜਿਹਾ ਕੁਝ ਵੀ ਨਜ਼ਰ ਨਹੀਂ ਆ ਰਿਹਾ ਕਿਉਂਕਿ ਜੇਕਰ ਭਾਜਪਾ ਹਾਈਕਮਾਂਡ ਚਾਹੁੰਦੀ ਤਾਂ ਸਵਰੂਪ ਚੰਦ ਸਿੰਗਲਾ ਨੂੰ ਆਪਣੀ ਸ਼ਿਕਾਇਤ ਵਾਪਸ ਲੈਣ ਲਈ ਕਹਿੰਦੀ ਜਾਂ ਸਿੰਗਲਾ ਨੂੰ ਹੁਕਮ ਦੇ ਕੇ ਕੇਸ ਨੂੰੰ ਇੰਨਾ ਕਮਜ਼ੋਰ ਕਰ ਸਕਦੀ ਸੀ ਕਿ ਵਿਜੀਲੈਂਸ ਦਾ ਹੱਥ ਮਨਪ੍ਰੀਤ ਬਾਦਲ ਦੇ ਗਲੇ ਤੱਕ ਨਾ ਪਹੁੰਚਦਾ। ਪਰ ਅਜਿਹਾ ਕੁਝ ਨਹੀਂ ਹੋਇਆ। ਸਰੂਪ ਚੰਦ ਸਿੰਗਲਾ ਨੇ ਆਪਣੀ ਸਿਕਾਇਤ ਦੀ ਪੂਰੀ ਪੈਰਵਾਈ ਕੀਤੀ ਅਤੇ ਮਨਪ੍ਰੀਤ ਬਾਦਲ ਨੂੰ ਇਸ ਪੱਧਰ ’ਤੇ ਲੈ ਆਏ। ਮੈਂ ਤੁਹਾਨੂੰ ਮਨਪ੍ਰੀਤ ਬਾਦਲ ਦੇ ਕੰਮ ਕਰਨ ਦੇ ਤਰੀਕੇ ਦੀ ਉਦਾਹਰਣ ਦਿੰਦਾ ਹਾਂ ਜੋ ਕਿ ਬਹੁਤ ਦਿਲਚਸਪ ਹੈ। ਕਾਂਗਰਸ ਸਰਕਾਰ ਵਿੱਚ ਜਦੋਂ ਉਹ ਵਿੱਤ ਮੰਤਰੀ ਸਨ ਤਾਂ ਮੈਨੂੰ ਵੀ ਆਪਣੇ ਕਰੀਬੀ ਦੋਸਤ ਨਾਲ ਉਨ੍ਹਾਂ ਕੋਲ ਜਾਣ ਦਾ ਮੌਕਾ ਮਿਲਿਆ। ਅਸੀਂ ਕਿਸੇ ਜਾਇਜ਼ ਮੁੱਦੇ ਨੂੰ ਲੈ ਕੇ ਮਿਲਣ ਗਏ ਸੀ। ਉਨ੍ਹਾਂ ਦੀ ਕੋਠੀ ਵਿਚ ਉਸ ਸਮੇਂ ਬਹੁਤ ਭੀੜ ਸੀ। ਉਹ ਲੋਕਾਂ ਦੀਆਂ ਮੁਸ਼ਿਕਲਾਂ ਸੁਣ ਰਹੇ ਸਨ। ਜਦੋਂ ਅਸੀਂ ਉਨ੍ਹਾਂ ਕੋਲ ਪਹੁੰਚੇ ਤਾਂ ਉਨ੍ਹਾਂ ਨੂੰ ਸਾਰੀ ਗੱਲ ਦੱਸੀ ਤਾਂ ਉਨ੍ਹਾਂ ਹੈਰਾਨੀ ਜਾਹਿਰ ਕਰਦਿਆਂ ਕਿਹਾ ਕਿ ਪੁਲਿਸ ਇਸ ਤਰ੍ਹਾਂ ਦਾ ਜਾਇਜ਼ ਕੰਮ ਵੀ ਨਹੀਂ ਕਰ ਰਹੀ ? ਪਰ ਇਸ ਮਾਮਲੇ ਦੀ ਗੰਭੀਰਤਾ ਅਤੇ ਸੱਚਾਈ ਨੂੰ ਜਾਣਦਿਆਂ ਵੀ ਮਨਪ੍ਰੀਤ ਬਾਦਲ ਨੇ ਕਿਸੇ ਵੀ ਪੁਲਿਸ ਅਧਿਕਾਰੀ ਨਾਲ ਇਸ ਵਿਸ਼ੇ ਤੇ ਗੱਲ ਕਰਨ ਦੀ ਹਿੰਮਤ ਨਹੀਂ ਕੀਤੀ। ਉਸਦਾ ਕਾਰਨ ਉਨ੍ਹਾਂ ਇਹ ਦੱਸਿਆ ਕਿ ਜੇਕਰ ਮੈਂ ਹੁਣ ਤੱਕ ਲਗਾਤਾਰ ਚੋਣ ਜਿੱਤਦਾ ਰਿਹਾ ਹਾਂ ਤਾਂ ਉਸਦੀ ਵਜਹ ਹੀ ਇਹ ਹੈ ਕਿ ਮੈਂ ਕਦੇ ਕਿਸੇ ਦੇ ਹੱਕ ਜਾਂ ਵਿਰੋਧ ਵਿਚ ਪੁਲਿਸ ਨੂੰ ਨਹੀਂ ਕਿਹਾ। ਹੁਣ ਜੇਕਰ ਆਪਣੀ ਹੀ ਸਰਕਾਰ ਵਿੱਚ ਕੋਈ ਮੰਤਰੀ ਪੁਲਿਸ ਦੀ ਕੀਤੀ ਹਈ ਬੇਇਨਸਾਫੀ ਨੂੰ ਦੇਖਦੇ ਹੋਏ ਵੀ ਸੱਚ ਨੂੰ ਸੱਚ ਕਹਿਣ ਦੀ ਜੁਰਅੱਤ ਨਹੀਂ ਕਰ ਸਕਦਾ ਤਾਂ ਅਜਿਹੇ ਨੇਤਾ ਦੀ ਪੰਜਾਬ ਨੂੰ ਕੀ ਲੋੜ ਹੈ ? ਸਰਕਾਰ ਵਿੱਚ ਖਜ਼ਾਨਾ ਮੰਤਰੀ ਹੋਣ ਦੇ ਬਾਵਜੂਦ ਪੁਲਿਸ ਅਫਸਰ ਨੂੰ ਸਹੀ ਕੰਮ ਕਰਨ ਦਾ ਨਿਰਦੇਸ਼ ਵੀ ਨਾ ਦੇ ਸਕਣ ਦੀ ਹਿੰਮਤ ਨਹੀਂ ਹੈ ਤਾਂ ਫਿਰ ਉਸ ਸਿਆਸੀ ਵਿਅਕਤੀ ਨੂੰ ਕਾਬਿਲ ਕਿਵੇਂ ਮੰਨਿਆ ਜਾ ਸਕਦਾ ਹੈ? ਅਸਲੀਅਤ ਵਿਚ ਮਨਪ੍ਰੀਤ ਬਾਦਲ ਵਰਗੇ ਨੇਤਾ ਕਿਸੇ ਆਮ ਪਾਰਟੀ ਵਰਕਰ ਵਾਂਗ ਦਰੀਆਂ ਵਿਛਾ ਕੇ ਮਿਹਨਤ ਨਾਲ ਮੁਕਾਮ ਤੇ ਨਹੀਂ ਪਹੁੰਚਦੇ ਸਗੋਂ ਸਿੱਧੀ ਐੰਟਰੀ ਨਾਲ ਲੀਡਰ ਅਤੇ ਮੰਤਰੀ ਬਣਦੇ ਹਨ। ਮੌਜੂਦਾ ਸਮੇਂ ਦੇ ਸਿਆਸੀ ਸਮੀਕਰਨਾਂ ਅਨੁਸਾਰ ਮਨਪ੍ਰੀਤ ਬਾਦਲ ਦੇ ਨੇ ਭਾਵੇਂ ਹਰ ਸਰਕਾਰ ਵਿਚ ਉਊੱਚੇ ਅਹੁਦੇ ਦਾ ਅਨੰਦ ਮਾਣਿਆ ਪਰ ਇਸ ਸਮੇਂ ਇਕ ਪ੍ਰਸਿੱਧ ਸ਼ੇਅਰ ‘‘ ਨਾ ਖੁਦਾ ਹੀ ਮਿਲਾ ਨਾ ਵਿਸਾਲੇ ਸਨਮ, ਨਾ ਇਧਰ ਕੇ ਰਹੇ ਨਾ ਉਧਰ ਕੇ ਰਹੇ ’’ ਮਨਪ੍ਰੀਤ ਬਾਦਲ ਤੇ ਖੂਬ ਢੁਕਦਾ ਹੈ। ਮਨਪ੍ਰੀਤ ਬਾਦਲ ਖਿਲਾਫ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਉਹ ਪੂਰੀ ਤਰ੍ਹਾਂ ਅਲੱਗ-ਥਲੱਗ ਹੋ ਗਏ ਹਨ, ਨਾ ਹੀ ਉਨ੍ਹਾਂ ਦੇ ਪੁਰਾਣੇ ਕਾਂਗਰਸੀ ਸਾਥੀ ਅਤੇ ਨਾ ਹੀ ਭਾਜਪਾ ਲੀਡਰਸ਼ਿਪ ਵੱਲੋਂ ਉਨ੍ਹਾਂ ਲਈ ਕੋਈ ਹਾਅ ਦਾ ਨਾਅਰਾ ਮਾਰਿਆ ਗਿਆ। ਇਥੋਂ ਤੱਕ ਕਿ ਉਨ੍ਹਾਂ ਦੇ ਪੁਰਾਣੇ ਸਾਥੀ ਸੁਨੀਲ ਜਾਖੜ ਪੰਜਾਬ ਭਾਜਪਾ ਦੇ ਮੁਖੀ ਹਨ, ਉਹ ਵੀ ਮਨਪ੍ਰੀਤ ਬਾਦਲ ਵਾਂਗ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਉਨ੍ਹਾਂ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ, ਰਾਜ ਕੁਮਾਰ ਵੇਰਕਾ ਸਮੇਤ ਹੋਰ ਵੱਡੇ ਲੀਡਰ ਸਾਥੀ ਭਾਜਪਾ ਦੇ ਭਗਵੇਂ ਰੰਗ ਵਿਚ ਰੰਗੇ ਹੋਏ ਹਨ। ਪਰ ਉਨ੍ਹਾਂ ਵਲੋਂ ਵੀ ਕਿਸੇ ਨੇ ਮੂੰਹ ਨਹੀਂ ਖੋਲਿ੍ਹਆ। ਜਿਸ ਕਾਰਨ ਮਨਪ੍ਰੀਤ ਬਾਦਲ ਦਾ ਸਿਆਸੀ ਭਵਿੱਖ ਹਨੇਰੇ ਵਿੱਚ ਨਜ਼ਰ ਆ ਰਿਹਾ ਹੈ ਅਤੇ ਹੁਣ ਉਨ੍ਹਾਂ ਕੋਲ ਭਾਜਪਾ ਛੱਡ ਕੇ ਵਾਪਸ ਕਾਂਗਰਸ ਜਾਂ ਅਕਾਲੀ ਦਲ ਵਿਚ ਜਾਣ ਦਾ ਕੋਈ ਵਿਕਲਪ ਨਹੀਂ ਬਚਿਆ ਹੈ। ਹੁਣ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਮਨਪ੍ਰੀਤ ਸਿੰਘ ਬਾਦਲ ਇਸ ਭੰਵਰ ਵਿਚੋਂ ਕਿਸ ਤਰ੍ਹਾਂ ਨਾਲ ਬਾਹਰ ਨਿਕਲਦੇ ਹਨ।
ਹਰਵਿੰਦਰ ਸਿੰਘ ਸੱਗੂ ।