558 ਦਿਨਾਂ ਤੋਂ ਥਾਣੇ ਮੂਹਰੇ ਬੈਠਾ ਏ ਪੀੜ੍ਹਤ ਪਰਿਵਾਰ !
ਜਗਰਾਉਂ 2 ਅਕਤੂਬਰ ( ਜਗਰੂਪ ਸੋਹੀ )- ਕੌਮੀ ਅਨੁਸੂਚਿਤ ਜਾਤੀਆਂ ਕਮਿਸ਼ਨ ਦਿੱਲੀ ਦੇ ਹੁਕਮਾਂ ਅਨੁਸਾਰ ਪੁਲਿਸ ਤਸ਼ੱਦਦ ਸਬੰਧੀ ਦਰਜ ਮੁਕੱਦਮੇ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਅਤੇ ਪੀੜ੍ਤ ਪਰਿਵਾਰ ਲਈ ਮੁਆਵਜਾ ਤੇ ਤਰਸ ਦੇ ਅਧਾਰ ‘ਤੇ ਨੌਕਰੀ ਦੇਣ ਲਈ ਖਿਲਾਫ਼ ਥਾਣੇ ਮੂਹਰੇ ਕਰੀਬ ਡੇਢ ਸਾਲ ਪੱਕਾ ਮੋਰਚਾ ਲਗਾਈ ਬੈਠੀਆਂ ਕਿਸਾਨ-ਮਜ਼ਦੂਰ ਜੱਥੇਬੰਦੀਆਂ ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ ਤੇ ਸਾਧੂ ਸਿੰਘ ਅੱਚਰਵਾਲ, ਸਤਿਕਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਢੋਲ਼ਣ ਤੇ ਬਲਜੀਤ ਸਿੰਘ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਤੇ ਸਕੱਤਰ ਜਸਦੇਵ ਸਿੰਘ ਲਲਤੋ, ਪੇਂਡੂ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਤੇ ਸਕੱਤਰ ਸੁਖਦੇਵ ਸਿੰਘ ਮਾਣੂੰਕੇ, ਜ਼ਬਰ ਵਿਰੋਧੀ ਤਾਲ਼ਮੇਲ ਕਮੇਟੀ ਦੇ ਪ੍ਰਧਾਨ ਗੁਰਦੇਵ ਸਿੰਘ ਮੁਲਾਂਪੁਰ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਆਗੂ ਬਲਦੇਵ ਸਿੰਘ ਜਗਰਾਉਂ, ਸੀਟੂ ਦੇ ਤਹਿਸੀਲ ਸਕੱਤਰ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਨੇ 9 ਅਕਤੂਬਰ ਨੂੰ ਜਿਲ੍ਹਾ ਪੁਲਿਸ ਮੁਖੀ ਦੇ ਦਫ਼ਤਰ ਵੱਲ਼ ਰੋਸ-ਮੁਜ਼ਾਹਰਾ ਕਰਨ ਦੇ ਫੈਸਲ਼ੇ ਨੂੰ ਅੱਜ ਦੀ ਮੀਟਿੰਗ ਵਿੱਚ ਵਰਕਰਾਰ ਰੱਖਿਆ ਹੈ। ਪ੍ਰੈਸ ਨੂੰ ਜਾਰੀ ਬਿਆਨ ‘ਚ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਅਤੇ ਸੀਟੂ ਆਗੂ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਤੇ ਕਾਲਾ ਮੁਲਾਂਪੁਰ ਨੇ ਕਿਹਾ ਕਿ ਪੁਲਿਸ ਅਤੇ ਸਿਵਲ਼ ਅਧਿਕਾਰੀ ਕੌਮੀ ਅਨੁਸੂਚਿਤ ਜਾਤੀਆਂ ਕਮਿਸ਼ਨ ਦਿੱਲੀ ਦੀ ਤੌਹੀਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੌਮੀ ਕਮਿਸ਼ਨ ਦੇ ਆਦੇਸ਼ਾਂ ਨੂੰ ਲਾਗੂ ਕਰਵਾਉਣ ਲਈ 9 ਅਕਤੂਬਰ ਨੂੰ ਰੋਸ-ਮੁਜ਼ਾਹਰਾ ਕੀਤਾ ਜਾਵੇਗਾ। ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਅਤੇ ਸੀਟੂ ਅਾਗੂ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਪੁਲਿਸ ਅਤੇ ਸਿਵਲ਼ ਅਧਿਕਾਰੀਆਂ ਵਲੋਂ ਜਾਣਬੁੱਝ ਕੇ ਕੌਮੀ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਆਦੇਸ਼ਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨਕ ਕਮਿਸ਼ਨ ਦੀ ਜਾਣਬੁੱਝ ਕੇ ਟਿੱਚ ਸਮਝਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਧਰਨਾਕਾਰੀ ਜੱਥੇਬੰਦੀਆਂ ਦੇ ਆਗੂਆਂ ਅਤੇ ਸਰਗਰਮ ਵਰਕਰਾਂ ਦੀ ਬੀਤੇ ਕੱਲ਼ ਧਰਨਾ ਵਾਲੀ ਥਾਂ ‘ਤੇ ਸਾਂਝੀ ਮੀਟਿੰਗ ਕੀਤੀ ਗਈ ਹੈ। ਤਰਲੋਚਨ ਸਿੰਘ ਝੋਰੜਾਂ ਨੇ ਇਹ ਵੀ ਦੱਸਿਆ ਕਿ ਧਰਨਾਕਾਰੀ ਜਮਹੂਰੀ ਲੋਕ 9 ਅਕਤੂਬਰ ਨੂੰ ਬੱਸ ਅੱਡੇ ਵਿੱਚ 11 ਤੋਂ 12 ਵਜੇ ਇਕੱਠੇ ਹੋਣਗੇ ਅਤੇ ਬਾਕੀ ਮੰਗਾਂ ਸਮੇਤ ਐਨ.ਆਰ.ਆਈ. ਕੋਠੀ ਮਾਮਲੇ ਵਿੱਚ ਦੋਸ਼ੀਆਂ ਖਿਲਾਫ਼ ਮੁਕੱਦਮੇ ਦਰਜ ਕਰਨ ਦੀ ਮੰਗ ਵੀ ਕਰਨਗੇ। ਇਸ ਸਮੇਂ ਮੁਦਈ ਮੁਕੱਦਮਾ ਇਕਬਾਲ ਸਿੰਘ ਰਸੂਲਪੁਰ ਨੇ ਮੁਕੱਦਮੇ ਦੀਆਂ ਗਲ਼ਤ ਰਿਪੋਰਟਾਂ ਭੇਜਣ ਵਾਲੇ ਤਫਤੀਸ਼ੀ ਅਧਿਕਾਰੀ ਏ.ਆਈ.ਜੀ. ਬਲਵੀਰ ਸਿੰਘ ਭੱਟੀ ਖਿਲਾਫ਼ ਐਸ.ਸੀ./ਐਸ.ਟੀ ਐਕਟ 1989 ਦੀ ਧਾਰਾ 4 ਅਤੇ ਧਾਰਾ 166/ਏ ਅਧੀਨ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਕੌਮੀ ਕਮਿਸ਼ਨ ਨੇ ਪੀੜ੍ਹਤ ਮਾਤਾ ਸੁਰਿੰਦਰ ਕੌਰ ਨੂੰ ਪੈਨਸ਼ਨ ਦੇਣ ਅਤੇ ਪੀੜ੍ਹਤਾਂ ਨੂੰ ਬਣਦਾ ਮੁਆਵਜ਼ਾ ਦੇਣ ਦੇ ਹੁਕਮ ਜਾਰੀ ਕੀਤੇ ਹੋਏ ਹਨ। ਸੀਟੂ ਆਗੂ ਨਿਰਮਲ ਸਿੰਘ ਧਾਲੀਵਾਲ ਨੇ ਦੱਸਿਆ ਕਿ 9 ਅਕਤੂਬਰ ਦੇ ਰੋਸ ਮੁਜ਼ਾਹਰੇ ਸਬੰਧੀ ਸੀਟੂ ਆਗੂ ਦਲਜੀਤ ਕੁਮਾਰ ਗੋਰਾ ਨੇ ਵੀ ਸਮੱਰਥਨ ਦੇਣ ਦਾ ਐਲ਼ਾਨ ਕੀਤਾ ਹੈ। ਇਸ ਸਮੇਂ ਮੀਟਿੰਗ ਵਿੱਚ ਵੱਖ-ਵੱਖ ਅੱਠ ਜੱਥੇਬੰਦੀਆਂ ਦੇ ਚਾਰ ਦਰਜਨ ਆਗੂ ਅਤੇ ਸਰਗਰਮ ਵਰਕਰਾਂ ਤੋਂ ਬਿਨਾਂ ਬਲਵਿੰਦਰ ਸਿੰਘ ਪੋਨਾ, ਗੁਰਚਰਨ ਸਿੰਘ ਬੰਗਸੀਪੁਰਾ, ਰਣਜੀਤ ਸਿੰਘ ਮੌਂਟੀ, ਅਵਤਾਰ ਸਿੰਘ ਠੇਕੇਦਾਰ, ਬਖਤੌਰ ਸਿੰਘ, ਕੁਲਦੀਪ ਸਿੰਘ ਸਬੱਦੀ, ਤੇਜਾ ਸਿੰਘ ਪੱਬੀਆਂ, ਮਹਿੰਦਰ ਸਿੰਘ ਬੀਏ ਤੇ ਜਰਨੈਲ ਸਿੰਘ ਆਦਿ ਹਾਜ਼ਰ ਸਨ।