ਫ਼ਤਹਿਗੜ੍ਹ ਸਾਹਿਬ, 04 ਅਕਤੂਬਰ ( ਜਗਰੂਪ ਸੋਹੀ)-ਪੰਜਾਬ ਸਰਕਾਰ ਵੱਲੋਂ ਦਿਹਾਤੀ ਖੇਤਰ ਦੇ ਲੋਕਾਂ ਨੂੰ ਮੁਫਤ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਮੰਤਵ ਨਾਲ ਸਿਹਤ ਵਿਭਾਗ ਰਾਹੀਂ 06 ਅਕਤੂਬਰ ਨੂੰ ਚਨਾਰਥਲ ਕਲਾਂ ਵਿਖੇ ਵਿਸ਼ਾਲ ਆਯੂਸ਼ਮਾਨ ਭਵ-ਸਿਹਤ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਪਟਿਆਲਾ ਦੇ ਮੈਡੀਕਲ ਕਾਲਜ ਤੇ ਰਾਜਿੰਦਰਾ ਹਸਪਤਾਲ ਤੋਂ ਵੱਖ-ਵੱਖ ਬਿਮਾਰੀਆਂ ਦੇ ਮਾਹਰ ਡਾਕਟਰਾਂ ਵੱਲੋਂ ਮੁਫਤ ਚੈਕਅੱਪ ਕੀਤਾ ਜਾਵੇਗਾ ਤੇ ਮੁਫਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਿਹਤ ਮੇਲੇ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਮੌਕੇ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਸਿਹਤ ਮੇਲੇ ਵਿੱਚ ਮੈਡੀਸਨ, ਮਨੋਰੋਗ , ਔਰਤ ਰੋਗਾਂ ਦੇ ਮਾਹਰ, ਬੱਚਿਆਂ ਦੇ ਮਾਹਰ, ਹੱਡੀਆਂ ਦੇ ਮਾਹਰ, ਨੱਕ, ਕੰਨ ਤੇ ਗਲੇ ਦੇ ਮਾਹਰ ਤੇ ਸਰਜਨ ਆਦਿ ਦੇ ਡਾਕਟਰ ਮੁਫਤ ਮੈਡੀਕਲ ਚੈਕਅੱਪ ਕਰਕੇ ਮੁਫਤ ਦਵਾਈਆਂ ਦੇਣਗੇ । ਇਸ ਤੋਂ ਇਲਾਵਾ ਲੋਕਾਂ ਦੇ ਟੈਸਟ, ਐਕਸਰੇ, ਈ.ਸੀ.ਜੀ. ਆਦਿ ਟੈਸਟ ਵੀ ਮੁਫਤ ਕੀਤੇ ਜਾਣਗੇ।ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਹੋਰ ਦੱਸਿਆ ਕਿ ਇਸ ਸਿਹਤ ਮੇਲੇ ਦੌਰਾਨ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਏ ਜਾਣਗੇ ਅਤੇ ਦਿਵਿਆਂਗਜ਼ਨਾਂ ਦੇ ਯੂ.ਡੀ.ਆਈ.ਡੀ. ਕਾਰਡ ਵੀ ਬਣਾਏ ਜਾਣਗੇ। ਮੇਲੇ ਦੌਰਾਨ ਆਯੂਸ਼ਮਾਨ ਭਾਰਤ ਨਾਲ ਸਬੰਧਤ ਆਭਾ ਆਈ.ਡੀ. ਵੀ ਬਣਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਕਮਿਊਨਿਟੀ ਹੈਲਥ ਸੈਂਟਰ ਚਨਾਰਥਲ ਕਲਾਂ ਵਿਖੇ ਆਯੋਜਿਤ ਕੀਤਾ ਜਾਣ ਵਾਲਾ ਸਿਹਤ ਮੇਲਾ ਸਵੇਰੇ 08:00 ਵਜੇ ਤੋਂ ਦੁਪਿਹਰ 02:00 ਵਜੇ ਤੱਕ ਜਾਰੀ ਰਹੇਗਾ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਇਸ ਸਿਹਤ ਮੇਲੇ ਬਾਰੇ ਪਿੰਡਾਂ ਦੇ ਲੋਕਾਂ ਵਿੱਚ ਵੱਧ ਤੋਂ ਵੱਧ ਜਾਣਕਾਰੀ ਪਹੁੰਚਾਈ ਜਾਵੇ ਤਾਂ ਜੋ ਲੋਕ ਇਸ ਸਿਹਤ ਮੇਲੇ ਦਾ ਲਾਭ ਲੈ ਸਕਣ। ਉਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਇਸ ਸਿਹਤ ਮੇਲੇ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਭਾਗ ਲੈ ਕੇ ਇਸ ਦਾ ਲਾਭ ਲੈਣ ਤਾਂ ਜੋ ਸਿਹਤਮੰਦ ਪੰਜਾਬ ਦੀ ਸਿਰਜਣਾ ਕੀਤੀ ਜਾ ਸਕੇ।