ਜਗਰਾਉਂ, 6 ਦਸੰਬਰ ( ਲਿਕੇਸ਼ ਸ਼ਰਮਾਂ, ਜਗਰੂਪ ਸੋਹੀ )-ਸੀ.ਆਈ.ਏ ਸਟਾਫ਼ ਦੀ ਪੁਲਿਸ ਪਾਰਟੀ ਨੇ ਪਤੀ-ਪਤਨੀ ਨੂੰ 50 ਗ੍ਰਾਮ ਹੈਰੋਇਨ ਅਤੇ 40 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਕੀਤਾ ਹੈ। ਸਬ-ਇੰਸਪੈਕਟਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਨਾਲ ਚੈਕਿੰਗ ਲਈ ਸ਼ੇਰਪੁਰ ਚੌਕ ’ਤੇ ਮੌਜੂਦ ਸਨ। ਉਥੇ ਸੂਚਨਾ ਮਿਲੀ ਸੀ ਕਿ ਹਰਪ੍ਰੀਤ ਸਿੰਘ ਉਰਫ ਹੈਪੀ ਲੌਂਗਾ ਅਤੇ ਉਸ ਦੀ ਪਤਨੀ ਇੰਦਰਜੀਤ ਕੌਰ ਉਰਫ ਇੰਦੂ ਵਾਸੀ ਹਰਦੇਵ ਨਗਰ, ਅਗਵਾੜ ਗੁੱਜਰਾਂ, ਨੇੜੇ ਚੁੰਗੀ ਨੰਬਰ 5, ਆਲੇ-ਦੁਆਲੇ ਦੇ ਪਿੰਡਾਂ ’ਚ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ। ਉਹ ਦੋਵੇਂ ਪਤੀ-ਪਤਨੀ ਜੀ.ਟੀ.ਰੋਡ ਨਾਨਕਸਰ ਸਾਈਡ ਤੋਂ ਸਵਿਫ਼ਟ ਡਿਜ਼ਾਇਰ ਕਾਰ ’ਚ ਸਵਾਰ ਹੋ ਕੇ ਕੋਠੇ ਅੱਠ ਚੱਕ ਰਾਹੀਂ ਜਗਰਾਉਂ ਵੱਲ ਜਾ ਰਹੇ ਹਨ। ਇਸ ਸੂਚਨਾ ’ਤੇ ਸ਼ਹੀਦ ਏ.ਐੱਸ.ਆਈ ਭਗਵਾਨ ਸਿੰਘ ਯਾਦਗਾਰੀ ਗੇਟ ਕੋਠੇ ਅੱਠ ਚੱਕ ਨੇੜੇ ਨਾਕਾਬੰਦੀ ਕਰਕੇ ਸਵਿਫਟ ਡਿਜ਼ਾਇਰ ਗੱਡੀ ’ਚ ਆ ਰਹੇ ਹਰਪ੍ਰੀਤ ਸਿੰਘ ਉਰਫ਼ ਹੈਪੀ ਲੌਗਾ ਅਤੇ ਉਸ ਦੀ ਪਤਨੀ ਇੰਦਰਜੀਤ ਕੌਰ ਉਰਫ਼ ਇੰਦੂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 50 ਗ੍ਰਾਮ ਹੈਰੋਇਨ ਅਤੇ 40 ਹਜਾਰ ਰੁਪਏ ਡਰੱਗ ਮਣੀ ਦੇ ਬਰਾਮਦ ਹੋਏ ਹਨ। ਦੋਵਾਂ ਖ਼ਿਲਾਫ਼ ਥਾਣਾ ਸਿਟੀ ਜਗਰਾਉਂ ਵਿੱਚ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹਰਪ੍ਰੀਤ ਸਿੰਘ ਹੈਪੀ ਲੌਂਗਾ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਹੈ ਜਦੋਂਕਿ ਉਸ ਦੀ ਪਤਨੀ ਇੰਦਰਜੀਤ ਕੌਰ ਨੂੰ ਅਦਾਲਤ ਦੇ ਨਿਰਦੇਸ਼ਾਂ ’ਤੇ ਜੇਲ੍ਹ ਭੇਜ ਦਿੱਤਾ ਗਿਆ ਹੈ।
ਪਹਿਲਾਂ ਵੀ ਹਨ 10 ਕੇਸ ਦਰਜ-
ਸਬ-ਇੰਸਪੈਕਟਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਹੈਰੋਇਨ ਸਮੇਤ ਕਾਬੂ ਕੀਤੇ ਗਏ ਹਰਪ੍ਰੀਤ ਸਿੰਘ ਉਰਫ਼ ਹੈਪੀ ਲੌਂਗਾ ਖ਼ਿਲਾਫ਼ ਪਹਿਲਾਂ ਵੀ ਥਾਣਾ ਸਿਟੀ ਜਗਰਾਉਂ ਵਿੱਚ ਐਨਡੀਪੀਐਸ ਐਕਟ ਤਹਿਤ ਸੱਤ ਅਤੇ ਕੁੱਟਮਾਰ ਦੇ ਦੋਸ਼ ਹੇਠ ਤਿੰਨ ਕੇਸ ਦਰਜ ਹਨ।