ਫਿਰੋਜ਼ਪੁਰ 29 ਦਸੰਬਰ 2023 (ਸੁਨੀਲ ਸੇਠੀ )-ਫਿਰੋਜ਼ਪੁਰ ਸ਼ਹਿਰ ਦੇ ਅਧੀਨ ਆਉਂਦੇ ਪਿੰਡ ਬਜੀਦਪੁਰ ਵਿਖੇ ਗਵਾਂਢੀਆਂ ਵੱਲੋਂ ਤੇਜਧਾਰ ਹਥਿਆਰਾਂ ਨਾਲ ਇੱਕ ਨੌਜਵਾਨ ਦਾ ਕਤਲ ਕੀਤੇ ਜਾਣ ਦੀ ਖਬਰ ਸਾਮਣੇ ਆਈ ਹੈ। ਮ੍ਰਿਤਕ ਦੀ ਪਛਾਣ 23 ਸਾਲਾ ਸੌਰਵ ਸ਼ਰਮਾ ਪੁੱਤਰ ਬਲਵਿੰਦਰ ਕੁਮਾਰ ਵਜੋਂ ਹੋਈ ਹੈ।
ਮਿਲੀ ਜਾਣਕਾਰੀ ਮੁਤਾਬਿਕ ਪਿੰਡ ਬਜੀਦਪੁਰ ਦੇ ਰਜੇਸ਼ ਕੁਮਾਰ ਉਰਫ ਟੀਟੂ ਪੁੱਤਰ ਬਲਵੰਤ ਰਾਏ ਦੀ ਪਿੰਡ ਦੇ ਹੀ ਸੌਰਵ ਸ਼ਰਮਾ ਨਾਲ ਅਵਾਰਾ ਗਾਵਾਂ ਖੇਤ ਵਿੱਚ ਜਾਣ ਨੂੰ ਲੈ ਕੇ ਦੋਵਾਂ ਧਿਰਾਂ ਵਿਚ ਤਕਰਾਰ ਚੱਲ ਰਹੀ ਸੀ। ਸੁਨਣ ਚ ਆਇਆ ਹੈ ਕਿ ਸ਼ੁਕਰਵਾਰ ਬਾਅਦ ਦੁਪਹਿਰ ਜਦੋਂ ਸੌਰਵ ਸ਼ਰਮਾ ਆਪਣੇ ਘਰ ਦੇ ਕਰੀਬ ਗਲੀ ਵਿੱਚ ਆ ਰਿਹਾ ਸੀ ਤਾਂ ਰਾਜੇਸ਼ ਕੁਮਾਰ ਅਤੇ ਉਸਦੇ ਸਾਥੀਆਂ ਨੇ ਤੇਜਧਾਰ ਹਥਿਆਰਾਂ ਨਾਲ ਸੌਰਵ ‘ਤੇ ਹਮਲਾ ਕਰ ਦਿੱਤਾ। ਸੂਤਰਾਂ ਮੁਤਾਬਕ ਕਾਤਲ ਮ੍ਰਿਤਕ ਦੇ ਸਿਰ ਵਿੱਚ ਉਨੀ ਦੇਰ ਤੱਕ ਗੰਡਾਸੀਆਂ ਮਾਰਦੇ ਰਹੇ ਜਿੰਨੀ ਦੇਰ ਉਸਦੀ ਜਾਨ ਨਹੀਂ ਨਿਕਲ ਗਈ।ਗੰਭੀਰ ਜਖਮੀ ਹਾਲਤ ਵਿੱਚ ਸੌਰਵ ਨੂੰ ਸਥਾਨਕ ਨਿਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿਥੋਂ ਉਸਦੀ ਹਾਲਤ ਨੂੰ ਗੰਭੀਰ ਵੇਖਦਿਆਂ ਲੁਧਿਆਣਾ ਦੇ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ । ਜਿੱਥੇ ਦੇਰ ਰਾਤ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਦਿੱਤਾ ਗਿਆ। ਉਧਰ ਕਤਲ ਦੇ ਮਾਮਲੇ ਵਿੱਚ ਫੌਰੀ ਤੌਰ ‘ਤੇ ਹਰਕਤ ਵਿੱਚ ਆਉਂਦਿਆਂ ਥਾਨਾ ਕੁੱਲਗੜੀ ਪੁਲਿਸ ਵੱਲੋਂ ਕਾਤਲ ਰਾਜੇਸ਼ ਕੁਮਾਰ ਉਰਫ ਟੀਟੂ ਅਤੇ ਉਸਦੀ ਪਤਨੀ ਨੂੰ ਗ੍ਰਫਤਾਰ ਕਰ ਲਿਆ ਗਿਆ ਹੈ , ਜਦਕਿ ਟੀਟੂ ਦਾ ਲੜਕਾ ਅਤੇ ਉਸਦੇ ਦੂਜੇ ਸਾਥੀ ਫਰਾਰ ਦੱਸੇ ਜਾ ਰਹੇ ਹਨ।