ਮਾਲੇਰਕੋਟਲਾ 16 ਮਾਰਚ ( ਲਿਕੇਸ਼ ਸ਼ਰਮਾਂ, ਰਾਜਨ ਜੈਨ) -ਨਸ਼ਿਆਂ ਦੇ ਸੌਦਾਗਰਾਂ ਵਿਰੁੱਧ ਕੱਲ੍ਹ ਦੇ ਸਫਲ ਆਪ੍ਰੇਸ਼ਨਾਂ ਨੂੰ ਅੱਗੇ ਵਧਾਉਂਦੇ ਹੋਏ, ਮਾਲੇਰਕੋਟਲਾ ਪੁਲਿਸ ਦੀ ਸੀਆਈਏ ਟੀਮ ਨੇ ਹੋਰ ਛਾਪੇਮਾਰੀ ਕਰਕੇ ਹੈਰੋਇਨ ਦੀ ਵਪਾਰਕ ਮਾਤਰਾ ਬਰਾਮਦ ਕਰਦਿਆਂ ਤਿੰਨ ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪਿਛਲੇ ਦੋ ਦਿਨਾਂ ਦੌਰਾਨ ਨਸ਼ਾ ਤਸਕਰਾਂ ‘ਤੇ ਵੱਡੀ ਕਾਰਵਾਈ ਕਰਦਿਆਂ ਕੁੱਲ ਗਿਣਤੀ ਹੁਣ 5 ਮੁਲਜ਼ਮਾਂ ‘ਤੇ ਪਹੁੰਚ ਗਈ ਹੈ ਜਿਨ੍ਹਾਂ ਤੋਂ ਲਗਭਗ 343 ਗ੍ਰਾਮ ਹੈਰੋਇਨ ਅਤੇ 1 ਲੱਖ 16 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ ਹੈ।
ਵਧੇਰੇ ਜਾਣਕਾਰੀ ਦਿੰਦੇ ਹੋਏ ਸੀਨੀਅਰ ਕਪਤਾਨ ਪੁਲਿਸ ਮਾਲੇਰਕੋਟਲਾ ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਪਹਿਲੀ ਕਾਰਵਾਈ ਦੌਰਾਨ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪਹਿਚਾਣ ਮੁਹੰਮਦ ਇਮਰਾਨ ਉਰਫ਼ ਡਾਕਟਰ ਅਤੇ ਮੁਹੰਮਦ ਹਨੀਫ਼ ਦੋਵੇਂ ਵਾਸੀ ਮਾਲੇਰਕੋਟਲਾ ਵਜੋਂ ਹੋਈ ਹੈ। ਹੁਣ ਗ੍ਰਿਫਤਾਰ ਕੀਤੇ ਗਏ ਤਿੰਨ ਹੋਰ ਮੁਲਜ਼ਮਾਂ ਦੀ ਪਛਾਣ ਮੁਹੰਮਦ ਆਜ਼ਮ ਉਰਫ਼ ਗੰਜਾ ਪੁੱਤਰ ਮੁਹੰਮਦ ਸਾਬਿਰ ਵਾਸੀ ਕਾਮਰਾਡਵਾਲਾ ਮੁਹੱਲਾ, ਆਜ਼ਮ ਉਰਫ਼ ਵਕੀਲ ਪੁੱਤਰ ਮੁਹੰਮਦ ਜਮੀਲ ਵਾਸੀ ਕੌਰੀਆਂਵਾਲਾ ਮੁਹੱਲਾ ਅਤੇ ਸਗੁਫ਼ਤਾ ਉਰਫ਼ ਬੌਬੀ ਪਤਨੀ ਸਾਬਰ ਅਲੀ ਵਾਸੀ ਮੁਹੱਲਾ ਲੰਗੜੀ ਭੂਮਸੀ ਵਜੋਂ ਹੋਈ ਹੈ। ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਮਿਲੇ ਸੁਰਾਗਾਂ ਦੇ ਆਧਾਰ ’ਤੇ ਡੀਐਸਪੀ ਡੀ ਸਤੀਸ਼ ਕੁਮਾਰ ਦੀ ਨਿਗਰਾਨੀ ਹੇਠ ਇੰਸਪੈਕਟਰ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਸੀਆਈਏ ਟੀਮ ਨੇ ਕਾਬੂ ਕੀਤਾ ਹੈ।
ਮਾਲੇਰਕੋਟਲਾ ਦੇ ਮਾਨਾ ਫਾਟਕ ਵਾਲੀ ਗਲੀ ਨੇੜੇ ਕੱਟੀ ਰੋਡ ਰੇਲਵੇ ਪੁਲ ਅਤੇ ਮਸਜਿਦ ਦੇ ਪਿੱਛੇ ਇਲਾਕੇ ‘ਚ ਛਾਪੇਮਾਰੀ ਦੌਰਾਨ ਉਨ੍ਹਾਂ ਦੇ ਕਬਜ਼ੇ ‘ਚੋਂ 270 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਇੰਨਾਂ 05 ਦੋਸ਼ੀਆਂ ਖਿਲਾਫ ਥਾਣਾ ਸਿਟੀ ਮਾਲੇਰਕੋਟਲਾ ਵਿਖੇ ਐਨ.ਡੀ.ਪੀ.ਐਸ ਐਕਟ ਅਧੀਨ ਦੋ ਵੱਖ-ਵੱਖ ਮੁਕੱਦਮੇ ਦਰਜ ਕੀਤੇ ਗਏ ਹਨ। ਫੜੇ ਗਏ ਮੁਲਜ਼ਮਾਂ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕਰਕੇ ਮਾਮਲੇ ਦੀ ਹੋਰ ਪੁੱਛਗਿੱਛ ਕੀਤੀ ਜਾਵੇਗੀ ਅਤੇ ਉਨ੍ਹਾਂ ਦੇ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਜਾਵੇਗਾ।
ਐਸ.ਐਸ.ਪੀ ਖੱਖ ਨੇ ਦੁਹਰਾਇਆ ਕਿ ਡੀਜੀਪੀ ਪੰਜਾਬ ਗੌਰਵ ਯਾਦਵ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਾਲੇਰਕੋਟਲਾ ਪੁਲਿਸ ਮਾਲੇਰਕੋਟਲਾ ਨੂੰ ਨਸ਼ਾ ਮੁਕਤ ਬਣਾਉਣ ਲਈ ਵਚਨਬੱਧ ਹੈ। ਐਸਐਸਪੀ ਖੱਖ ਨੇ ਕਿਹਾ ਕਿ ਮਾਲੇਰਕੋਟਲਾ ਨੂੰ ਨਸ਼ਿਆਂ ਦੀ ਅਲਾਮਤ ਤੋਂ ਸੁਰੱਖਿਅਤ ਰੱਖਣ ਲਈ ਨਸ਼ਾ ਤਸਕਰਾਂ ਵਿਰੁੱਧ ਸਾਡੀ ਸਖ਼ਤ ਕਾਰਵਾਈ ਨਿਰੰਤਰ ਜਾਰੀ ਰਹੇਗੀ।