ਸੰਗਰੂਰ ਜ਼ਿਲ੍ਹੇ ਨੂੰ 6 ਕਿਸ਼ਤੀਆਂ ਤੇ 1 ਕਰੋੜ 25 ਲੱਖ ਰੁਪਏ ਦੀ ਦਿੱਤੀ ਗ੍ਰਾਂਟ
ਫ਼ਿਰੋਜ਼ਪੁਰ(ਸੁਨੀਲ ਸੇਠੀ)ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਸਾਲ 2019 ’ਚ ਸੁਖਬੀਰ ਸਿੰਘ ਬਾਦਲ ਅਕਾਲੀ ਭਾਜਪਾ ਗੱਠਜੋੜ ਵੱਲੋਂ ਖ਼ੁਦ ਚੋਣ ਮੈਦਾਨ ਵਿਚ ਉਤਰੇ ਅਤੇ ਉਨ੍ਹਾਂ ਜਾਤੀ ਕਾਰਡ ਨੂੰ ਫੇਲ੍ਹ ਕਰਦਿਆਂ ਕਾਂਗਰਸੀ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੂੰ 1,98,850 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾਇਆ ਸੀ। ਇਸ ਤੋਂ ਪਹਿਲਾਂ ਸਾਲ 2009 ਅਤੇ 2014 ਵਿਚ ਜਾਤੀਗਤ ਵੋਟਾਂ ਦੀ ਜੋੜ-ਤੋੜ ਕਰਦਿਆਂ ਅਕਾਲੀ ਦਲ ਨੇ ਤਿੰਨ ਵਾਰ ਦੇ ਸੰਸਦ ਮੈਂਬਰ ਰਹੇ ਜ਼ੋਰਾ ਸਿੰਘ ਮਾਨ ਤੋਂ ਟਿਕਟ ਖੋਹ ਕੇ ਰਾਏ ਸਿੱਖ ਬਰਾਦਰੀ ਨਾਲ ਸਬੰਧਤ ਸ਼ੇਰ ਸਿੰਘ ਘੁਬਾਇਆ ਨੂੰ ਟਿਕਟ ਦਿੱਤੀ ਸੀ ਅਤੇ ਉਹ ਦੋਵੇਂ ਵਾਰ ਹੀ ਜੇਤੂ ਹੋਏ ਸਨ।ਸਾਲ 2019 ਦੀਆਂ ਚੋਣਾਂ ਵਿਚ ਜਦੋਂ ਕਾਂਗਰਸ ਦੀ ਟਿਕਟ ਤੋਂ ਚੋਣ ਲੜੇ ਤਾਂ ਜਾਤੀ ਕਾਰਡ ਇਸ ਕਦਰ ਫੇਲ੍ਹ ਹੋਇਆ ਕਿ ਸ਼ੇਰ ਸਿੰਘ ਘੁਬਾਇਆ ਨੂੰ ਕਰੀਬ 2 ਲੱਖ ਵੋਟਾਂ ਦੇ ਵੱਡੇ ਫ਼ਰਕ ਨਾਲ ਹਾਰ ਦਾ ਮੁੂੰਹ ਵੇਖਣਾ ਪਿਆ ਸੀ। 2019 ਵਿਚ ਸੰਸਦ ਮੈਂਬਰ ਬਣਨ ਤੋਂ ਬਾਅਦ ਸੁਖਬੀਰ ਬਾਦਲ ’ਤੇ ਦੋਸ਼ ਲੱਗਦੇ ਰਹੇ ਸਨ ਕਿ ਉਹ ਸੰਸਦ ਮੈਂਬਰ ਬਣ ਕੇ ਆਪਣੇ ਹਲਕੇ ਅੰਦਰ ਨਹੀਂ ਆਏ ਸਨ ਪਰ ਸਾਲ 2024 ਦੀਆਂ ਚੋਣਾਂ ਆਉਂਦਿਆਂ ਤੱਕ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੇ ਅਖ਼ਤਿਆਰੀ ਫੰਡ ਦੀ ਵਰਤੋਂ ਵੀ ਅਚਾਨਕ ਵਧਾ ਦਿੱਤੀ ਗਈ।17 ਕਰੋੜ ਰੁਪਏ ਖ਼ਰਚ ਕੀਤੇ ਜਾਣ ਦਾ ਦਾਅਵਾ
ਸੁਖਬੀਰ ਸਿੰਘ ਬਾਦਲ ਵੱਲੋਂ ਆਪਣੇ ਅਖ਼ਤਿਆਰੀ ਫੰਡਾਂ ਵਿਚੋਂ ਜਿੱਥੇ 17 ਕਰੋੜ ਰੁਪਏ ਖ਼ਰਚ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਉਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਜ਼ਿਲ੍ਹੇ ’ਤੇ ਵੀ ਅਕਾਲੀ ਸੁਪਰੀਮੋ ਕਾਫ਼ੀ ਦਿਆਲੂ ਨਜ਼ਰ ਆਏ। ਏਡੀਸੀ ਦਫਤਰ ਫਾਜ਼ਿਲਕਾ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਇਹ ਫੰਡ ਉਨ੍ਹਾਂ ਲੋਕ ਸਭਾ ਹਲਕੇ ਵਿਚ ਪੈਂਦੇ ਸ੍ਰੀ ਮੁਕਤਸਰ ਸਾਹਿਬ ਦੇ ਦੋ ਵਿਧਾਨ ਸਭਾ ਹਲਕਿਆਂ ਵਿਚ ਨਹਿਰੀ ਖਾਲਿਆਂ ਲਈ ਗ੍ਰਾਂਟ ਦਿੱਤੀ ਤਾਂ ਜ਼ਿਲ੍ਹਾ ਫਾਜ਼ਿਲਕਾ ਦੇ ਚਾਰ ਵਿਧਾਨ ਸਭਾ ਹਲਕਿਆਂ ਵਿਚ 4 ਕਿਸ਼ਤੀਆਂ ਅਤੇ 98 ਪਾਣੀ ਵਾਲੇ ਟੈਂਕਰ ਵੰਡੇ ਗਏ। ਇਸ ਤੋਂ ਇਲਾਵਾ ਫ਼ਿਰੋਜ਼ਪੁਰ ਦੇ ਤਿੰਨ ਵਿਧਾਨ ਸਭਾ ਹਲਕਿਆਂ ਨੂੰ 12 ਕਿਸ਼ਤੀਆਂ ਅਤੇ 58 ਪਾਣੀ ਵਾਲੇ ਟੈਂਕਰ ਦਿੱਤੇ ਗਏ। ਆਪਣੇ ਲੋਕ ਸਭਾ ਹਲਕੇ ਨੂੰ ਦਿੱਤੀਆਂ ਗ੍ਰਾਂਟਾਂ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਜ਼ਿਲ੍ਹਾ ਸੰਗਰੂਰ ਨੂੰ 6 ਕਿਸ਼ਤੀਆਂ ਅਤੇ ਸਵਾ ਕਰੋੜ ਰੁਪਏ ਦਿੱਤੇ ਗਏ ਹਨ।
