ਅਮਿ੍ਤਾ ਵੜਿੰਗ ਮੁਆਫੀ ਮੰਗਣ ਅਤੇ ਚੋਣ ਕਮਿਸ਼ਨ ਸਖ਼ਤ ਕਾਰਵਾਈ ਕਰੇ
ਜਗਰਾਉਂ, 29 ਅਪ੍ਰੈਲ ( ਵਿਕਾਸ ਮਠਾੜੂ, ਧਰਮਿੰਦਰ )-ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਧਰਮਪਤਨੀ ਅਮਿ੍ਤਾ ਵੜਿੰਗ ਵੱਲੋਂ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਬਿਆਨ ਦਿੱਤਾ ਹੈ, ਜਿਸ ਦਾ ਅਸੀਂ ਸਖ਼ਤ ਵਿਰੋਧ ਕਰਦੇ ਹਾਂ ਅਤੇ ਚੋਣ ਕਮਿਸ਼ਨ ਤੋਂ ਸਖ਼ਤ ਕਾਰਵਾਈ ਦੀ ਮੰਗ ਕਰਦੇ ਹਾਂ | ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਅਮਿ੍ਤਾ ਵੜਿੰਗ ਵੱਲੋਂ ਕਾਂਗਰਸੀ ਖੂਨੀ ਪੰਜੇ ਦੇ ਨਿਸ਼ਾਨ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੰਜੇ ਨਾਲ ਮਿਲਕੇ ਦਿੱਤੇ ਬਿਆਨ ‘ਚ ਵਿਰੋਧ ਦਰਜ ਕਰਵਾਉਣ ਸਮੇਂ ਕੀਤਾ | ਭਾਈ ਗਰੇਵਾਲ ਨੇ ਕਿਹਾ ਕਿ ਅਮਿ੍ਤਾ ਵੜਿੰਗ ਕਾਂਗਰਸੀ ਪਰਿਵਾਰ ਨਾਲ ਸਬੰਧਤ ਹਨ ਅਤੇ ਜਾਣਕਾਰੀ ਅਨੁਸਾਰ ਪੜ੍ਹੇ-ਲਿਖੇ ਆਗੂ ਹਨ | ਪ੍ਰੰਤੂ ਚੋਣ ਪ੍ਰਚਾਰ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਹੱਥ ਦੇ ਨਿਸ਼ਾਨ ਨੂੰ ਕਾਂਗਰਸੀ ਪੰਜੇ ਨਾਲ ਮਿਲਾਕੇ ਕੀਤਾ ਜਾ ਰਿਹਾ ਪ੍ਰਚਾਰ ਸਰਾਸਰ ਗਲਤ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਦਾ ਇਹ ਚੋਣ ਨਿਸ਼ਾਨ ਖੂਨਾ ਪੰਜਾ ਹੈ, ਜਿਸ ਨੇ ਸ੍ਰੀ ਦਰਬਾਰ ਸਾਹਿਬ ‘ਤੇ ਫ਼ੌਜੀ ਹਮਲਾ ਕੀਤਾ ਅਤੇ ਗੁਰੂਧਾਮਾਂ ਨੂੰ ਢਹਿ ਢੇਰੀ ਕੀਤਾ, ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕੀਤਾ, ਜਿਸ ਦਾ ਪੂਰੀ ਦੁਨੀਆਂ ਅੰਦਰ ਵਿਰੋਧ ਹੋਇਆ | ਭਾਈ ਗਰੇਵਾਲ ਨੇ ਕਿਹਾ ਕਿ ਕਾਂਗਰਸੀ ਬੁੱਚੜ ਬੇਅੰਤ ਸਿੰਘ ਦੇ ਰਾਜ ‘ਚ ਪੰਜਾਬ ਅੰਦਰ 25 ਹਜ਼ਾਰ ਸਿੱਖਾਂ ਨੌਜਵਾਨ ਮਾਰਿਆ ਗਿਆ | ਉਨ੍ਹਾਂ ਕਿਹਾ ਕਿ ਤੁਹਾਡਾ ਇਹ ਪੰਜਾ ਖੂਨੀ ਪੰਜਾ ਹੈ, ਜਿਸ ਦੀ ਤੁਲਨਾ ਤੁਸੀ ਗੁਰੂ ਨਾਨਕ ਦੇਵ ਜੀ ਨਾਲ ਕਰ ਰਹੇ ਹੋ | ਉਨ੍ਹਾਂ ਕਿਹਾ ਕਿ ਅਮਿ੍ਤਾ ਵੜਿੰਗ ਨੇ ਗੁਰੂ ਪ੍ਰਤੀ ਆਸਥਾ ਰੱਖਣ ਵਾਲਿਆਂ ਨਾਲ ਖਿਲਵਾੜ ਕੀਤਾ ਤੇ ਅਵਿੱਗਾ ਕੀਤੀ, ਜਿਸ ਦੀ ਉਹ ਮੁਆਫ਼ੀ ਮੰਗਣ | ਉਨ੍ਹਾਂ ਚੋਣ ਕਮਿਸ਼ਨ ਤੋਂ ਇਸ ਮਾਮਲੇ ‘ਚ ਸਖ਼ਤ ਕਾਰਵਾਈ ਦੀ ਮੰਗ ਵੀ ਕੀਤੀ |