ਤਰਨ ਤਾਰਨ, 29 ਅਪ੍ਰੈਲ (ਰਾਜੇਸ਼ ਜੈਨ – ਅਨਿਲ) : ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਨੌਜਵਾਨ ਵੋਟਰਾਂ ਜਾਂ ਫਿਰ ਪਹਿਲੀ ਵਾਰ ਵੋਟ ਬਣਾਉਣ ਵਾਲੇ ਵੋਟਰਾਂ ਨੂੰ ਅਪੀਲ ਕਰਦਿਆਂ ਜ਼ਿਲਾ੍ਹ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ, ਤਰਨ ਤਾਰਨ, ਸ਼੍ਰੀ ਸੰਦੀਪ ਕੁਮਾਰ ਨੇ ਕਿਹਾ ਕਿ ਨੌਜਵਾਨ ਦੇਸ਼ ਦੇ ਲੋਕਤੰਤਰ ਦੀ ਮਜ਼ਬੂਤੀ ਦਾ ਥੰਮ ਹਨ ਅਤੇ ਇਸ ਵਰਗ ਦੀ ਸ਼ਮੂਲੀਅਤ ਚੋਣ ਪ੍ਰਕਿਰਿਆਂ ਦੇ ਵਿੱਚ ਬਹੁਤ ਅਹਿਮ ਹੈ।ਉਨਾਂ ਕਿਹਾ ਕਿ ਹਲਕਾ ਖਡੂਰ ਸਾਹਿਬ ਦੇ ਵਿੱਚ ਕੁੱਲ 37497 ਵੋਟਰ ਹਨ, ਜਿੰਨਾਂ ਦੀ ਵੋਟ ਪਹਿਲੀ ਵਾਰ ਬਣੀ ਹੈ ਅਤੇ ਉਹ ਆਪਣੇ ਇਸ ਅਧਿਕਾਰ ਦੀ ਵਰਤੋਂ ਪਹਿਲੀ ਵਾਰ ਕਰਨ ਜਾ ਰਹੇ ਹਨ।ਉਨਾਂ ਕਿਹਾ ਕਿ ਨੌਜਵਾਨ ਬਿਨ੍ਹਾਂ ਕਿਸੇ ਡਰ-ਭੈਅ ਅਤੇ ਲਾਲਚ ਦੇ ਨਿਰਪੱਖ ਹੋ ਕੇ ਮਿਤੀ 01 ਜੂਨ ਨੂੰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਜ਼ਰੂਰ ਕਰਨ।ਉਹਨਾਂ ਕਿਹਾ ਕਿ ਨੌਜਵਾਨਾਂ ਦੇ ਮਨਾਂ ਦੇ ਵਿੱਚ ਵੋਟਾਂ ਵਾਲੇ ਦਿਨ ਨੂੰ ਲੈ ਕੇ ਵੱਖਰਾ ਹੀ ਚਾਅ ਹੁੰਦਾ ਹੈ ਅਤੇ ਉਨਾਂ ਨੂੰ ਉਮੀਦ ਹੈ ਕਿ ਇਸ ਵਾਰ ਹਲਕਾ ਖਡੂਰ ਸਾਹਿਬ ਦੇ ਨੌਜਵਾਨ ਵੋਟਰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਸੂਬੇ ਭਰ ਦੇ ਵਿੱਚ ਰਿਕਾਰਡ ਕਾਇਮ ਕਰਨਗੇ। ਸੰਦੀਪ ਕੁਮਾਰ ਨੇ ਕਿਹਾ ਕਿ ਪਹਿਲੀ ਵਾਰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਾ ਵਿਅਕਤੀ ਲਈ ਬਹੁਤ ਯਾਦਗਾਰੀ ਪਲ ਹੁੰਦਾ ਹੈ, ਖਾਸ ਤੌਰ ‘ਤੇ ਉਂਗਲੀ ‘ਤੇ ਸਿਆਹੀ ਲਗਾਉਣਾ।ਉਨਾਂ ਕਿਹਾ ਕਿ ਨੌਜਵਾਨਾਂ ਵੱਲੋਂ ਕੇ. ਵਾਈ. ਸੀ. ਐਪਲੀਕੇਸ਼ਨ ਡਾਊਨਲੋਡ ਕਰਕੇ ਆਪਣੇ ਹਲਕੇ, ਬੂਥ ਅਤੇ ਉਮੀਦਵਾਰਾਂ ਬਾਰੇ ਜਾਣਕਾਰੀ ਲੈ ਸਕਦੇ ਹਨ ਅਤੇ ਭਾਰਤੀ ਚੋਣ ਕਮਿਸ਼ਨ ਦੀ ਇਹ ਐਪਲੀਕੇਸ਼ਨ ਹਰ ਇੱਕ ਵੋਟਰ ਲਈ ਬਹੁਤ ਹੀ ਫਾਇਦੇਮੰਦ ਹੈ।ਜ਼ਿਲਾ ਚੋਣ ਅਫਸਰ ਨੇ ਕਿਹਾ ਕਿ ਅਧਿਕਾਰੀਆਂ ਵੱਲੋਂ ਵੱਖ-ਵੱਖ ਸਰਕਾਰੀ ਸਕੂਲਾਂ ਅਤੇ ਹੋਰ ਸਿੱਖਿਅਕ ਅਦਾਰਿਆਂ ਵਿੱਚ ਜਾ ਕੇ ਸਵੀਪ ਗਤੀਵਿਧੀਆਂ ਕਰਕੇ ਜਾਗੂਰਕਤਾ ਫੈਲਾਈ ਜਾ ਰਹੀ ਹੈ ਤਾਂ ਜੋ ਲੋਕਤੰਤਰ ਦੇ ਤਿਉਹਾਰ ਦੌਰਾਨ ਨੌਜਵਾਨਾਂ ਦੀ ਸ਼ਮੂਲੀਅਤ ਯਕੀਨੀ ਬਣਾਈ ਜਾ ਸਕੇ। ਉਨਾਂ ਕਿਹਾ ਕਿ ਨੌਜਵਾਨ ਆਪਣੀ ਜ਼ਿੰਮੇਵਾਰੀ ਸਮਝਦਿਆਂ ਆਪਣੇ ਪਰਿਵਾਰ ਵਾਲਿਆਂ, ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਵੋਟ ਦੇ ਅਧਿਕਾਰ ਪ੍ਰਤੀ ਪ੍ਰੇਰਿਤ ਕਰਨ ਤਾਂ ਜੋ ਵੋਟਿੰਗ ਦੇ “ਇਸ ਵਾਰ, 70 ਪਾਰ” ਦੇ ਟੀਚੇ ਨੂੰ ਪ੍ਰਾਪਤ ਕੀਤਾ ਜਾ ਸਕੇ।