12 ਲੱਖ 48 ਹਜ਼ਾਰ 9 ਸੌ 34 ਰੁਪਏ ਦਾ ਗਬਨ ਕਰਨ ਦੇ ਦੋਸ਼
ਜਗਰਾਓਂ, 11 ਸਤੰਬਰ ( ਰਾਜੇਸ਼ ਜੈਨ, ਭਗਵਾਨ ਭੰਗੂ )- ਸ੍ਰੋਮਣੀ ਅਕਾਲੀ ਦਲ ਨੂੰ ਹਲਕਾ ਜਗਰਾਉਂ ਦੀ ਲੀਡਰਸ਼ਿਪ ਨੂੰ ਉਸ ਸਮੇਂ ਸਿਆਸੀ ਝਟਕਾ ਲੱਗਾ ਜਦੋਂ ਉਨ੍ਹਾਂ ਦੇ ਸਰਕਲ ਹਠੂਰ ਦੇ ਜਥੇਦਾਰ ਸਰਪੰਚ ਪਰਮਿੰਦਰ ਸਿੰਘ ਚੀਮਾਂ ਨੂੰ ਪੰਚਾਇਤੀ ਫੰਡ ਵਿਚ ਗੂਨ ਦੇ ਦੋਸ਼ ਅਧੀਨ ਮੁਅਤੱਲ ਕਰ ਦਿਤਾ ਗਿਆ। ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਵੱਲੋਂ ਹਲਕਾ ਜਗਰਾਉਂ ਦੇ ਪਿੰਡ ਚੀਮਾਂ ਦੇ ਸਰਪੰਚ ਅਤੇ ਸ੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਕਲ ਹਠੂਰ ਦੇ ਜੱਥੇਦਾਰ ਪਰਮਿੰਦਰ ਸਿੰਘ ਚੀਮਾਂ ਨੂੰ 12 ਲੱਖ 48 ਹਜ਼ਾਰ 9 ਸੌ 34 ਰੁਪਏ ਦਾ ਵੱਡਾ ਗਬਨ ਕਰਨ ਦੇ ਦੋਸ਼ ਵਿੱਚ ਸਰਪੰਚ ਦੇ ਅਹੁਦੇ ਤੋਂ ਮੁਅੱਤਲ ਕੀਤਾ ਗਿਆ ਹੈ। ਵਿਭਾਗ ਵਲੋਂ ਜਾਰੀ ਆਦੇਸ਼ ਅਨੁਸਾਰ 11 ਸਤੰਬਰ 2023 ਨੂੰ ਪੱਤਰ ਪਿੱਠ ਅੰਕਣ ਨੰਬਰ 6/60/21-ਲੁਧਿ-ਸ਼/6489-91 ਨਾਲ ਜੁਆਇੰਟ ਡਾਇਰੈਕਟਰ ਪੇਂਡੂ ਵਿਕਾਸ (ਸ਼ਿਕਾਇਤ ਸ਼ਾਖਾ) ਪੰਜਾਬ ਵੱਲੋਂ ਜਾਰੀ ਹੋਏ ਹੁਕਮਾਂ ਦੀ ਕਾਪੀ ਵਿੱਚ ਲਿਖਿਆ ਗਿਆ ਹੈ ਕਿ ਪਰਮਿੰਦਰ ਸਿੰਘ ਸਰਪੰਚ ਗ੍ਰਾਮ ਪੰਚਾਇਤ ਚੀਮਾਂ, ਜ਼ਿਲ੍ਹਾ ਲੁਧਿਆਣਾ ਦੇ ਵਿਰੁੱਧ ਸ਼ਿਕਾਇਤ ਪ੍ਰਾਪਤ ਹੋਈ ਸੀ, ਜਿਸ ਦੀ ਪੜਤਾਲ ਰਿਪੋਰਟ ਡਵੀਜ਼ਨਲ ਡਿਪਟੀ ਡਾਇਰੈਕਟਰ ਪੰਚਾਇਤ ਜਲੰਧਰ ਵੱਲੋਂ 22 ਨਵੰਬਰ 2021 ਨੂੰ ਪੱਤਰ ਨੰਬਰ 7221 ਰਾਹੀਂ ਭੇਜਦੇ ਹੋਏ ਸੂਚਿਤ ਕੀਤਾ ਗਿਆ ਕਿ ਸਰਪੰਚ ਪਰਮਿੰਦਰ ਚੀਮਾਂ ਵੱਲੋਂ ਆਪਣੀ ਟਰਮ 2008-2013 ਦੌਰਾਨ ਗ੍ਰਾਮ ਪੰਚਾਇਤ ਚੀਮਾਂ ਦੀ ਸ਼ਾਮਲਾਤ ਜ਼ਮੀਨ ਦੀ ਬੋਲੀ ਸਾਲ 2012-13 ਤੋਂ ਪ੍ਰਾਪਤ ਆਮਦਨ 2,55,000/-ਰੁਪਏ ਅਤੇ ਸਾਲ 2013-14 ਤੋਂ ਪ੍ਰਾਪਤ ਆਮਦਨ 6,01,612/-ਰੁਪਏ ਪੰਚਾਇਤ ਦੇ ਖਾਤੇ ਵਿੱਚ ਜਮ੍ਹਾਂ ਨਾ ਕਰਵਾਉਣ, 3,46,798/-ਰੁਪਏ ਕੈਸ਼ ਇੰਨ ਹੈਂਡ ਜਮ੍ਹਾਂ ਨਾ ਕਰਵਾਉਣ ਅਤੇ ਬਗੈਰ ਖਾਤਿਆਂ ਦੇ 90,049/-ਰੁਪਏ ਖਰਚ ਬੁੱਕ ਕਰਨ ਦਾ ਇਸ ਤਰ੍ਹਾਂ ਸਰਪੰਚ ਪਰਮਿੰਦਰ ਸਿੰਘ ਚੀਮਾਂ ਵੱਲੋਂ ਕੱਲ ਰਕਮ 12 ਲੱਖ 48 ਹਜ਼ਾਰ 9 ਸੌ 34 ਰੁਪਏ ਦਾ ਵੱਡਾ ਗਬਨ ਕਰਨ ਦਾ ਦੋਸ਼ ਸਿੱਧ ਹੋਣ ’ਤੇ ਸਰਪੰਚ ਵਿਰੁੱਧ ਅਨੁਸ਼ਾਸ਼ਨੀ ਕਾਰਵਾਈ ਕਰਨ ਦੀ ਸਿਫਾਰਸ਼ ਕੀਤੀ ਗਈ। ਰਿਪੋਰਟ ਪ੍ਰਾਪਤ ਹੋਣ ਉਪਰੰਤ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਵੱਲੋਂ ਨਿੱਜੀ ਸੁਣਵਾਈ ਲਈ ਸਰਪੰਚ ਪਰਮਿੰਦਰ ਸਿੰਘ ਚੀਮਾਂ ਨੂੰ ਵੱਖ ਵੱਖ ਤਾਰੀਕਾਂ ’ਤੇ ਲਗਭਗ 13 ਵਾਰ ਸੁਣਵਾਈ ਦਾ ਮੌਕਾ ਦਿੱਤਾ ਗਿਆ, ਪਰੰਤੂ ਸਰਪੰਚ ਪਰਮਿੰਦਰ ਸਿੰਘ 12,48,934/-ਰੁਪਏ ਦੇ ਗਬਨ ਨੂੰ ਕਿਸੇ ਤਰ੍ਹਾਂ ਵੀ ਸਪੱਸ਼ਟ ਨਹੀਂ ਕਰ ਸਕਿਆ। ਇਸ ਉਪਰੰਤ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਵੱਲੋਂ ਆਪਣੇ ਹੁਕਮ ਵਿੱਚ ਲਿਖਿਆ ਗਿਆ ਕਿ ਮਿਸਲ ’ਤੇ ਦਰਜ਼ ਦਸਤਾਵੇਜ਼ ਅਤੇ ਡਵੀਜ਼ਨਲ ਡਿਪਟੀ ਡਾਇਰੈਕਟਰ (ਪੰਚਾਇਤ) ਜਲੰਧਰ ਦੀ ਰਿਪੋਰਟ ਅਨੁਸਾਰ ਪਰਮਿੰਦਰ ਸਿੰਘ ਸਰਪੰਚ ਗ੍ਰਾਮ ਪੰਚਾਇਤ ਚੀਮਾਂ, ਬਲਾਕ ਜਗਰਾਉਂ, ਜ਼ਿਲ੍ਹਾ ਲੁਧਿਆਣਾ ਵਿਰੁੱਧ ਕੁੱਲ 12,48,934/-ਰੁਪਏ ਦਾ ਵੱਡਾ ਗਬਨ ਕਰਨ ਦਾ ਦੋਸ਼ ਸਿੱਧ ਹੁੰਦਾ ਹੈ, ਅਜਿਹਾ ਕਰਕੇ ਪਰਮਿੰਦਰ ਸਿੰਘ ਨੇ ਨਾ ਸਿਰਫ਼ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ, ਪੰਚਾਇਤ ਦਾ ਭਾਰੀ ਵਿੱਤੀ ਨੁਕਸਾਨ ਵੀ ਕੀਤਾ ਹੈ। ਪਰਮਿੰਦਰ ਸਿੰਘ ਚੀਮਾਂ ਵਰਗੇ ਅਜਿਹੇ ਸਰਪੰਚ ਦਾ ਆਪਣੇ ਅਹੁਦੇ ’ਤੇ ਬਣੇ ਰਹਿਣਾ ਲੋਕ ਹਿੱਤ ਵਿੱਚ ਨਹੀਂ ਹੈ। ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਵੱਲੋਂ ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 20 ਅਧੀਨ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਚੀਮਿਆਂ ਦੇ ਸਰਪੰਚ ਪਰਮਿੰਦਰ ਸਿੰਘ ਨੂੰ ਦੋਸ਼ੀ ਸਾਬਿਤ ਹੋਣ ਦੀ ਸੂਰਤ ਵਿੱਚ ਸਰਪੰਚ ਦੇ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।