ਸਰਬਤ ਖਾਲਸਾ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧ ਕੀਤੇ ਮਜ਼ਬੂਤ ਬਟਾਲਾ (ਬੋਬੀ ਸਹਿਜਲ) ਬਟਾਲਾ ਦੇ ਰੇਲਵੇ ਸਟੇਸ਼ਨ ‘ਤੇ ਅੰਮ੍ਰਿਤਪਾਲ ਸਿੰਘ ਦੀ ਭਾਲ ਲਈ ਪੋਸਟਰ ਲਗਾਏ ਗਏ ਹਨ। ਇਹ ਪੋਸਟਰ ਰੇਲਵੇ ਪੁਲਿਸ ਵੱਲੋਂ ਰੇਲਵੇ ਪਲੇਟਫਾਰਮ ‘ਤੇ ਲਗਾਏ ਗਏ ਹਨ। ਰੇਲਵੇ ਸਟੇਸ਼ਨ ‘ਤੇ ਕੁਝ ਪੋਸਟਰ ਲੱਗੇ ਹਨ ,ਜਿਨ੍ਹਾਂ ‘ਤੇ ਇਹ ਲਿਖਿਆ ਗਿਆ ਹੈ ਕਿ ਅੰਮ੍ਰਿਤਪਾਲ ਸਿੰਘ ਦੀ ਸੂਚਨਾ ਦੇਣ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ ਤੇ ਨਾਲ ਹੀ ਸੂਚਨਾ ਦੇਣ ਲਈ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਗਏ ਹਨ। ਉੱਧਰ ਉਕਤ ਮਾਮਲੇ ਸਬੰਧੀ ਐਸਐਸਪੀ ਬਟਾਲਾ ਅਸ਼ਵਨੀ ਗੋਤਿਆਲ ਨੇ ਦੱਸਿਆ ਕਿ ਇਹ ਪੋਸਟਰ ਰੇਲਵੇ ਪੁਲਿਸ ਵੱਲੋਂ ਲਗਾਏ ਗਏ ਹਨ।
ਉੱਥੇ ਹੀ ਵਿਸਾਖੀ ‘ਤੇ ਹੋਣ ਵਾਲੇ ਸਰਬੱਤ ਖਾਲਸਾ ਦੇ ਮੱਦੇਨਜ਼ਰ ਬਟਾਲਾ ਪੁਲਿਸ ਨੇ ਇਲਾਕੇ ‘ਚ ਸੁਰੱਖਿਆ ਸਖ਼ਤ ਕਰ ਦਿੱਤੀ ਹੈ। ਐਸਐਸਪੀ ਬਟਾਲਾ ਅਸ਼ਵਨੀ ਗੋਟਿਆਲ ਨੇ ਦੱਸਿਆ ਕਿ ਪੁਲਿਸ ਜ਼ਿਲ੍ਹਾ ਬਟਾਲਾ ਅਧੀਨ ਆਉਂਦੇ ਸਾਰੇ 13 ਥਾਣਿਆਂ ਦੇ ਖੇਤਰਾਂ ਵਿਚ ਬੀਐਸਐਫ ਅਤੇ ਪੰਜਾਬ ਪੁਲਿਸ ਵੱਲੋਂ ਨਾਕਾਬੰਦੀ ਤੇ ਗਸ਼ਤ ਕੀਤੀ ਜਾ ਰਹੀ ਹੈ। ਜ਼ਿਲ੍ਹੇ ਦੇ ਸਾਰੇ ਪ੍ਰਵੇਸ਼ ਮਾਰਗਾਂ ’ਤੇ ਵਾਹਨਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਪੁਲਿਸ ਇਲਾਕੇ ਦੇ ਲੋਕਾਂ ਦੀ ਸੁਰੱਖਿਆ ਲਈ ਵਚਨਬੱਧ ਹੈ ਤੇ ਕਾਨੂੰਨ ਵਿਵਸਥਾ ਨੂੰ ਹਰ ਕੀਮਤ ‘ਤੇ ਬਰਕਰਾਰ ਰੱਖਿਆ ਜਾਵੇਗਾ।