ਕਾਇਆਕਲਪ ਤੇ ਈਕੋਫਰੈਂਡਲੀ ਪ੍ਰੋਗਰਾਮ ਅਧੀਨ ਪੰਜਾਬ ’ਚੋਂ ਹਾਸਲ ਕੀਤਾ ਪਹਿਲਾ ਨੰਬਰ
ਬਰਨਾਲਾ(ਲਿਕੇਸ ਸ਼ਰਮਾ )ਕਾਇਆਕਲਪ ਤੇ ਈਕੋਫਰੈਂਡਲੀ ਪ੍ਰੋਗਰਾਮ ਅਧੀਨ ਸਿਵਲ ਹਸਪਤਾਲ ਬਰਨਾਲਾ ਨੇ ਲਗਾਤਾਰ ਦੂਸਰੀ ਵਾਰ ਮੱਲਾਂ ਮਾਰਦਿਆਂ ਪੰਜਾਬ ’ਚੋਂ ਪਹਿਲਾ ਨੰਬਰ ਹਾਸਲ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਸਵੱਛ ਭਾਰਤ ਮਿਸ਼ਨ ਤਹਿਤ ਸੂਬੇ ਦੇ ਹਸਪਤਾਲਾਂ ਦਾ ਸਾਫ-ਸਫਾਈ, ਬਾਇਓਮੈਡੀਕਲ ਵੇਸਟ ਤੇ ਇਨਫੈਕਸ਼ਨ ਕੰਟਰੋਲ ਕਰ ਕੇ ਮਰੀਜ਼ਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਸਬੰਧੀ ਆਪਸ ’ਚ ਮੁਕਾਬਲਾ ਕਰਵਾਇਆ ਜਾਂਦਾ ਹੈ। ਇਸ ’ਚ ਇਹ ਵੀ ਦੇਖਿਆ ਜਾਂਦਾ ਹੈ ਕਿ ਹਸਪਤਾਲ ਵਾਤਾਵਰਨ ਬਿਹਤਰ ਕਰਨ ਲਈ ਕੀ-ਕੀ ਉਪਰਾਲੇ ਕਰਦਾ ਹੈ। ਇਨ੍ਹਾਂ ਦੋਨਾਂ ਪ੍ਰੋਗਰਾਮਾਂ ਕਾਇਆਕਲਪ ਤੇ ਈਕੋਫਰੈਂਡਲੀ ਪ੍ਰੋਗਰਾਮ ਅਧੀਨ ਸਿਵਲ ਹਸਪਤਾਲ ਬਰਨਾਲਾ ਪੂਰੇ ਸੂਬੇ ’ਚੋਂ ਲਗਾਤਾਰ ਦੂਸਰੀ ਵਾਰ ਪਹਿਲੇ ਸਥਾਨ ’ਤੇ ਰਿਹਾ ਹੈ।
ਸਿਹਤ ਮੰਤਰੀ ਬਲਵੀਰ ਸਿੰਘ ਵੱਲੋਂ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ ਹੋਏ ਸੂਬਾ ਪੱਧਰੀ ਪ੍ਰੋਗਰਾਮ ’ਚ ਜ਼ਿਲ੍ਹਾ ਹਸਪਤਾਲ ਬਰਨਾਲਾ ਨੂੰ ਸਨਮਾਨਿਤ ਕੀਤਾ ਗਿਆ। ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਬਰਨਾਲਾ ਡਾ. ਤਪਿੰਦਰਜੋਤ ਕੌਂਸਲ ਨੇ ਇਸ ਦਾ ਕ੍ਰੈਡਿਟ ਹਸਪਤਾਲ ਦੀ ਸਮੁੱਚੀ ਟੀਮ ਨੂੰ ਦਿੱਤਾ, ਜਿਨ੍ਹਾਂ ਨੇ ਪੂਰੀ ਲਗਨ ਤੇ ਤਨਦੇਹੀ ਨਾਲ ਕੰਮ ਕਰਦਿਆਂ ਇਹ ਕਾਮਯਾਬੀ ਹਾਸਲ ਕੀਤੀ ਹੈ।