ਵਿਦਿਆਰਥੀਆਂ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਇਨ੍ਹਾਂ ਦੇ ਮੋਢਿਆਂ ’ਤੇ
ਪਟਿਆਲਾ (ਰਾਜਨ ਜੈਨ) ਸੂਬੇ ਦੇ 48 ਸਰਕਾਰੀ ਕਾਲਜਾਂ ਵਿਚ ਵਿਦਿਆਰਥੀਆਂ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਗੈਸਟ ਫੈਕਲਟੀ ਦੇ ਤੌਰ ’ਤੇ ਭਰਤੀ ਹੋਏ ਸਹਾਇਕ ਪ੍ਰੋਫੈਸਰਾਂ ਦੇ ਮੋਢਿਆਂ ’ਤੇ ਹੈ। ਸੂਬੇ ਦੇ ਸਰਕਾਰੀ ਕਾਲਜਾਂ ਦੀਆਂ 1873 ਸੈਕਸ਼ਨ ਪੋਸਟਾਂ ਵਿੱਚੋਂ ਮੋਜੂਦਾ ਸਮੇਂ ’ਚ 875 ਪੋਸਟਾਂ ’ਤੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਪੜ੍ਹਾ ਰਹੇ ਹਨ ਜਦੋਂਕਿ ਬਾਕੀ ਪੋਸਟਾਂ ਵਿੱਚੋਂ ਰੈਗੂਲਰ ਪ੍ਰੋਫੈਸਰਾਂ ਦੀ ਗਿਣਤੀ 100 ਤੋਂ 125 ਦੇ ਕਰੀਬ ਰਹਿ ਗਈ ਹੈ। 1998 ਤੋਂ ਬਾਅਦ ਇਨ੍ਹਾਂ ਕਾਲਜਾਂ ਵਿਚ ਪ੍ਰੋਫੈਸਰਾਂ ਦੀ ਪੱਕੀ ਭਰਤੀ ਨਾ ਹੋਣ ਕਾਰਨ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ, ਪਾਰਟ ਟਾਈਮ ਪ੍ਰੋਫੈਸਰ, ਐੱਚਈਆਈਐੱਸ ਅਧੀਨ ਅਤੇ ਪ੍ਰਤੀ ਪੀਰੀਅਡ ਪ੍ਰੋਫੈਸਰਾਂ ਨਾਲ ਕੰਮ ਚਲਾਇਆ ਜਾ ਰਿਹਾ ਹੈ। ਇਨ੍ਹਾਂ ਸਹਾਇਕ ਪ੍ਰੋਫੈਸਰਾਂ ਨੂੰ ਮਿਲਣ ਵਾਲੀ ਤਨਖਾਹ, ਵਿਦਿਆਰਥੀਆਂ ਵੱਲੋਂ ਜਮ੍ਹਾਂ ਕਰਵਾਏ ਜਾਂਦੇ ਪੀਟੀਏ ਫੰਡ ਵਿੱਚੋਂ ਦਿੱਤੀ ਜਾਂਦੀ ਹੈ ਜਦਕਿ ਯੂਜੀਸੀ ਦੇ ਨਿਯਮਾਂ ਅਨੁਸਾਰ ਇਹ ਪੈਸਾ ਵਿਦਿਆਰਥੀਆਂ ਦੀ ਭਲਾਈ ’ਤੇ ਖਰਚ ਕਰਨਾ ਹੁੰਦਾ ਹੈ।
ਭਾਵੇਂ ਪਿਛਲੀ ਕਾਂਗਰਸ ਸਰਕਾਰ ਨੇ ਆਪਣੇ ਅੰਤਲੇ ਸਮੇਂ ਦੌਰਾਨ ਕਾਹਲੀ ਨਾਲ ਕੱਢੀਆਂ ਗਈਆਂ ਪ੍ਰੋਫੈਸਰਾਂ ਅਤੇ ਲਾਇਬੇ੍ਰਰੀਅਨਾਂ ਦੀਆਂ 1158 ਪੋਸਟਾਂ ’ਤੇ ਪੱਕੀ ਭਰਤੀ ਕਰਨ ਦੀ ਪ੍ਰਕਿਰਿਆ ਅਰੰਭੀ ਸੀ। ਜਿਸ ਤਹਿਤ 225 ਪ੍ਰੋਫੈਸਰਾਂ ਨੇ ਵੱਖ-ਵੱਖ ਸਰਕਾਰੀ ਕਾਲਜਾਂ ’ਚ ਜੁਆਇਨ ਕਰ ਲਿਆ ਸੀ ਪਰ ਕੁਝ ਵਿਅਕਤੀਆਂ ਨੇ ਇਸ ਦੇ ਵਿਰੁੱਧ ਰਿਟ ਪਾਈ ਤਾਂ ਹਾਈ ਕੋਰਟ ਨੇ ਇਸ ਭਰਤੀ ’ਤੇ ਰੋਕ ਲਗਾ ਦਿੱਤੀ ਸੀ ਅਤੇ ਮਾਮਲਾ ਸੁਣਵਾਈ ਅਧੀਨ ਹੈ। ਜਿੱਥੇ ਸਰਕਾਰੀ ਕਾਲਜਾਂ ’ਚ ਪੜ੍ਹਦੇ ਵਿਦਿਆਰਥੀਆਂ ਦੀ ਸਿੱਖਿਆ ਦੀ ਵੱਡੀ ਜ਼ਿੰਮੇਵਾਰੀ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਸਮੇਤ ਹੋਰਨਾਂ ਵੱਖ-ਵੱਖ ਵਰਗਾਂ ਵਿਚ ਭਰਤੀ ਹੋਏ ਪ੍ਰੋਫੈਸਰਾਂ ਦੇ ਸਿਰ ’ਤੇ ਹੈ ਉਥੇ ਇਨ੍ਹਾਂ ਪ੍ਰੋਫੈਸਰਾਂ ਦੀ ਤਨਖਾਹ ਵੀ ਰੈਗੂਲਰ ਪ੍ਰੋਫੈਸਰਾਂ ਦੀ ਤਨਖਾਹ ਨਾਲੋਂ ਤਿੰਨ ਗੁਣਾ ਤੋਂ ਘੱਟ ਹੈ। ਸੂਬਾ ਸਰਕਾਰ ਨੇ ਸਤੰਬਰ 2022 ਵਿਚ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦੀ ਤਨਖਾਹ ਨੂੰ 4 ਵਰਗਾਂ ਵਿਚ ਵੰਡਿਆ ਸੀ, ਜਿਸ ਤਹਿਤ ਵੱਧ ਤੋਂ ਵੱਧ ਤਨਖਾਹ 47100 ਰੁਪਏ ਦਿੱਤੀ ਜਾਂਦੀ ਹੈ। ਇਨ੍ਹਾਂ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਨੂੰ ਤਨਖਾਹ ਕਾਲਜ ਦੇ ਪੀਟੀਏ ਫੰਡ ਵਿੱਚੋਂ ਦਿੱਤੀ ਜਾਂਦੀ ਹੈ, ਜਿਸ ਵਿਚ 11600 ਰੁਪਏ ਵਿਦਿਆਰਥੀਆਂ ਵੱਲੋਂ ਦਿੱਤੇ ਜਾਂਦੇ ਪੀਟੀਏ ਫੰਡ ਵਿੱਚੋਂ ਮਿਲਦੀ ਤੇ ਬਾਕੀ ਦੀ ਰਕਮ ਸੂਬਾ ਸਰਕਾਰ ਵੱਲੋਂ ਪੀਟੀਏ ਫੰਡ ਵਿਚ ਪੈਸਾ ਪਾਉਣ ਪਿੱਛੋਂ ਦਿੱਤੀ ਜਾਂਦੀ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਯੂਨੀਅਨ ਦੇ ਮਾਲਵਾ ਜ਼ੋਨ ਦੇ ਪ੍ਰਧਾਨ ਪ੍ਰੋ. ਹੁਕਮ ਚੰਦ ਨੇ ਦੱਸਿਆ ਕਿ ਸੂਬੇ ਦੇ ਕਈ ਕਾਲਜਾਂ ਵਿਚ ਪੀਟੀਏ ਫੰਡ ਦੀ ਘਾਟ ਕਾਰਨ ਤੇ ਕਈ ਵਾਰ ਸਰਕਾਰ ਵੱਲੋਂ ਪੀਟੀਏ ਫੰਡ ਵਿਚ ਪੈਸੇ ਲੇਟ ਜਮ੍ਹਾਂ ਕਰਵਾਉਣ ਕਰ ਕੇ ਗੈਸਟ ਫੈਕਲਟੀ ਅਧਿਆਪਕਾਂ ਨੂੰ ਕਈ ਵਾਰ ਤਨਖ਼ਾਹ ਦੇਰੀ ਨਾਲ ਮਿਲਦੀ ਹੈ।
ਜ਼ਿਕਰਯੋਗ ਹੈ ਸੂਬੇ ਦੇ ਸਰਕਾਰੀ ਕਾਲਜਾਂ ਵਿਚ 500 ਤੋਂ ਵੱਧ ਪੋਸਟਾਂ ਹਾਲੇ ਵੀ ਖਾਲੀ ਪਈਆਂ ਹਨ ਤੇ ਕਈ ਸਰਕਾਰੀ ਕਾਲਜਾਂ ਵਿਚ ਕੋਈ ਰੈਗੂਲਰ ਪ੍ਰੋਫੈਸਰ ਨਾ ਹੋਣ ਕਾਰਨ ਇਨ੍ਹਾਂ ਕਾਲਜਾਂ ਵਿਚ ਵੱਡੀ ਗਿਣਤੀ ’ਚ ਗੈਸਟ ਫੈਕਲਟੀ ਪ੍ਰੋਫੈਸਰ ਕੰਮ ਚਲਾ ਰਹੇ ਹਨ।