ਫਗਵਾੜਾ (ਭਗਵਾਨ ਭੰਗੂ) ਫਗਵਾੜਾ ਪੁਲਿਸ ਵੱਲੋਂ ਹਾਈਵੇ ‘ਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ 5 ਮੁਲਜ਼ਮਾਂ ਨੂੰ ਕਾਬੂ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ। ਜਿਨ੍ਹਾਂ ਖ਼ਿਲਾਫ਼ ਪੁਲਿਸ ਵੱਲੋਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਮੁਲਜ਼ਮਾਂ ਨੂੰ ਅਦਾਲਤ ‘ਚ ਪੇਸ਼ ਕਰ 4 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ।
ਜਾਣਕਾਰੀ ਦਿੰਦਿਆ ਐੱਸਪੀ ਫਗਵਾੜਾ ਮੁਖਤਿਆਰ ਰਾਏ ਨੇ ਦੱਸਿਆ ਕਿ ਮਿਤੀ 03-04-2023 ਨੂੰ ਥਾਣਾ ਸਦਰ ਪੁਲਿਸ ਨੂੰ ਸੁਖਵਿੰਦਰ ਸਿੰਘ ਪੁੱਤਰ ਮੇਲਾ ਸਿੰਘ ਵਾਸੀ ਭਗੜ ਕਲਾਂ ਥਾਣਾ ਮੁਕੇਰੀਆ ਜ਼ਿਲ੍ਹਾ ਹੁਸ਼ਿਆਰਪੁਰ ਨੇ ਆਪਣਾ ਬਿਆਨ ਦਰਜ ਕਰਵਾਇਆ ਕਿ ਉਹ ਦਵਿੰਦਰ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਅਵਤਾਰ ਨਗਰ ਜਲੰਧਰ ਕੋਲ ਟਿੱਪਰ ਨੰਬਰੀ ਪੀਬੀ07ਸੀਬੀ 6303 ਤੇ ਡਰਾਇਵਰੀ ਕਰਦਾ ਹੈ ਅਤੇ ਉਹ ਮਿਤੀ 02-04-2023 ਨੂੰ ਉਕਤ ਟਿੱਪਰ ਵਿੱਚ ਰੇਤਾ ਭਰ ਕੇ ਫਗਵਾੜਾ ਵੱਲ ਜਾ ਰਿਹਾ ਸੀ ਤਾ ਈਸਟ ਵੰਡ ਵਿਲੇਜ ਫਗਵਾੜਾ ਦੇ ਨਜ਼ਦੀਕ ਤਿੰਨ ਅਣਪਛਾਤੇ ਨੌਜਵਾਨ ਚਿੱਟੇ ਰੰਗ ਦੀ ਕਾਰ ‘ਚ ਆਏ ਅਤੇ ਉਸ ਕੋਲੋਂ ਟਿੱਪਰ, ਇੱਕ ਮੋਬਾਇਲ ਅਤੇ ਨਕਦੀ ਖੋਹ ਕੇ ਫਰਾਰ ਹੋ ਗਏ ।ਇਸ ਤੋਂ ਬਾਅਦ ਪੁਲਿਸ ਵੱਲੋਂ ਉਕਤ ਡਰਾਈਵਰ ਦੇ ਬਿਆਨਾਂ ਦੇ ਆਧਾਰ ‘ਤੇ ਅਣਪਛਾਤੇ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਅਰੰਭੀ ਗਈ ਸੀ ਅੱਗੇ ਗੱਲਬਾਤ ਕਰਦਿਆ ਐੱਸਪੀ ਫਗਵਾੜਾ ਨੇ ਦਸਿਆ ਕਿ ਸੀਨੀਅਰ ਪੁਲਿਸ ਅਧਿਕਾਰੀਆਂ ਵੱਲੋਂ ਇਸ ਮਾਮਲੇ ਪ੍ਰਤੀ ਗੰਭੀਰਤਾ ਦਿਖਾਉਂਦੇ ਹੋਏ ਖੁਦ ਉਨ੍ਹਾਂ ਦੀ ਨਿਗਰਾਨੀ ਹੇਠ ਐੱਸਐੱਚਓ ਥਾਣਾ ਸਦਰ ਊਸ਼ਾ ਰਾਣੀ ਅਤੇ ਸੀਆਈਏ ਸਟਾਫ ਫਗਵਾੜਾ ਦੀਆਂ ਵੱਖ ਵੱਖ ਟੀਮਾਂ ਇਸ ਮਾਮਲੇ ਨੂੰ ਟਰੇਸ ਕਰਨ ਲਈ ਬਣਾਈਆਂ ਗਈਆਂ।
ਇਸ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਦੀ ਤਹਿ ਤੱਕ ਪਹੁੰਚਦੇ ਹੋਏ ਇਸ ਮਾਮਲੇ ‘ਚ ਤਿੰਨ ਲੋਕ ਰਫ਼ੀਕ ਮੁਹੰਮਦ ਪੁੱਤਰ ਰੇਸ਼ਮ ਵਾਸੀ ਹਰਦੋ ਫਰਾਲਾ ਥਾਣਾ ਜਮਸ਼ੇਰ ਜ਼ਿਲ੍ਹਾ ਜਲੰਧਰ, ਰਹਿਮਤ ਅਲੀ ਪੁੱਤਰ ਮਸਕੀਂਨ ਅਲੀ ਵਾਸੀ ਵਡਾਲਾ ਨੇੜੇ ਰੁੜਕਾ ਤਹਿਸੀਲ ਫਿਲੌਰ ਜ਼ਿਲ੍ਹਾ ਜਲੰਧਰ ਹਾਲ ਵਾਸੀ ਰੂਪੋਵਾਲ ਥਾਣਾ ਗੁਰਾਇਆ ਜ਼ਿਲ੍ਹਾ ਜਲੰਧਰ ਅਤੇ ਮਨਮੀਤ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਭਰੋ ਮਜਾਰਾ ਸ਼ਹੀਦ ਭਗਤ ਸਿੰਘ ਨਗਰ ਨੂੰ ਨਾਮਜ਼ਦ ਕਰ ਕੇ ਮਿਤੀ 06- 04-2023 ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਦੀ ਪੁੱਛਗਿੱਛ ਤੋਂ ਬਾਅਦ ਇਸ ਮੁਕੱਦਮੇ ‘ਚ ਨਾਮਜ਼ਦ ਮੁਰਾਦ ਅਲੀ ਪੁੱਤਰ ਜੁਮਨ ਵਾਸੀ ਖਟੜਾ ਚੌਹਾਰਮ ਥਾਣਾ ਡੇਹਲੋਂ ਖੰਨਾ ਤੇ ਰਜਿੰਦਰ ਕੁਮਾਰ ਉਰਫ ਗੁੱਡੂ ਪੁੱਤਰ ਅਯੁੱਧਿਆ ਵਾਸੀ ਹਰਦਾਸਪੁਰ, ਥਾਣਾ ਸਤਨਾਮਪੁਰਾ ਫਗਵਾੜਾ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਐੱਸਪੀ ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਕੋਲੋ ਪੁਲਿਸ ਨੇ ਇਕ ਟਿੱਪਰ ਨੰਬਰ ਪੀਬੀ07ਸੀਬੀ6363 ਜੋ ਇਨ੍ਹਾਂ ਨੇ ਸੁਖਵਿੰਦਰ ਸਿੰਘ ਕੋਲੋ ਖੋਹਿਆ ਸੀ,ਇਕ ਟੈਕਟਰ ਟਰਾਲੀ ਸਵਰਾਜ ਜੋ ਇਨ੍ਹਾਂ ਵਲੋਂ ਲਾਅ ਗੇਟ ਮਹੇੜੂ ਤੋਂ ਚੋਰੀ ਕੀਤਾ ਸੀ ਅਤੇ ਵਾਰਦਾਤ ਵਿਚ ਵਰਤੀ ਮਾਰੂਤੀ ਬਰੇਜਾ ਕਾਰ ਨੰਬਰੀ ਟੀ1122ਪੀਬੀ100ਐੱਫ ਅਤੇ ਇਕ ਔਰਾ ਕਾਰ ਨੰਬਰੀ ਪੀਬੀ36ਜੇ8064 ਬਰਾਮਦ ਕੀਤੀਆਂ ਗਈਆਂ। ਪੁਲਿਸ ਵੱਲੋਂ ਮੁਲਜ਼ਮਾਂ ਕੋਲੋ ਰਿਮਾਂਡ ਦੌਰਾਨ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਪੁੱਛਗਿੱਛ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।