ਖੰਨਾ ਅਧੀਨ ਮਾਛੀਵਾਡ਼ਾ ਸਾਹਿਬ ਦਾਣਾ ਮੰਡੀ ਵਿਚ ਫਸਲ ਦੀ ਖਰੀਦ 2 ਦਿਨ ਬੰਦ ਕਰਨ ਦਾ ਐਲਾਨ
ਮਾਛੀਵਾਡ਼ਾ(ਰਾਜਨ ਜੈਨ) ਬੇਮੌਸਮੀ ਬਾਰਿਸ਼ਾਂ ਤੋਂ ਬਾਅਦ ਖ਼ਰਾਬ ਹੋਈ ਫਸਲ ਦੀ ਖਰੀਦ ਲਈ ਕੇਂਦਰ ਸਰਕਾਰ ਵਲੋਂ ਅੱਜ ਜਾਰੀ ਕੀਤੇ ਗਏ ਨਵੇਂ ਨਿਯਮਾਂ ਦੌਰਾਨ ਜੋ ਕਿਸਾਨਾਂ ਦੀ ਫਸਲ ਨੂੰ ਸਰਕਾਰੀ ਰੇਟ ਤੋਂ ਘੱਟ ਰੇਟ ’ਤੇ ਖਰੀਦਣ ਦਾ ਕੱਟ ਲਗਾਇਆ ਹੈ ਉਸਦੇ ਵਿਰੋਧ ਵਿਚ ਮਾਛੀਵਾਡ਼ਾ ਅਨਾਜ ਮੰਡੀ ਦੇ ਆਡ਼੍ਹਤੀਆਂ ਵਲੋਂ ਦੋ ਦਿਨ ਦੀ ਖਰੀਦ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਅੱਜ ਮਾਛੀਵਾਡ਼ਾ ਦੇ ਆਡ਼੍ਹਤੀਆਂ ਦੀ ਇੱਕ ਮੀਟਿੰਗ ਮਾਰਕੀਟ ਕਮੇਟੀ ਦਫ਼ਤਰ ਵਿਖੇ ਹੋਈ ਜਿਸ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸੋ. ਦੇ ਪ੍ਰਧਾਨ ਤੇਜਿੰਦਰ ਸਿੰਘ ਕੂੰਨਰ ਅਤੇ ਹਰਜਿੰਦਰ ਸਿੰਘ ਖੇਡ਼ਾ ਨੇ ਦੱਸਿਆ ਕਿ ਅੱਜ ਕੇਂਦਰ ਸਰਕਾਰ ਵਲੋਂ ਪੱਤਰ ਜਾਰੀ ਕੀਤਾ ਗਿਆ ਕਿ ਬੇਮੌਸਮੀ ਬਾਰਿਸ਼ ਕਾਰਨ ਜੋ ਫਸਲ ਖ਼ਰਾਬ ਤੇ ਬਦਰੰਗ ਦੀ ਮਾਤਰਾ ਜਿਆਦਾ ਹੈ ਤਾਂ ਸਰਕਾਰੀ ਰੇਟ ਤੋਂ 5 ਤੋਂ ਲੈ ਕੇ 32 ਰੁਪਏ ਦਾ ਕੱਟ ਲਗਾ ਕੇ ਖਰੀਦਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੰਡੀਆਂ ਵਿਚ ਜੋ ਫਸਲ ਵੇਚਣ ਕਿਸਾਨ ਆਏ ਹਨ ਉਹ ਸਰਕਾਰੀ ਰੇਟ 2125 ਰੁਪਏ ਤੋਂ ਘੱਟ ਫਸਲ ਨੂੰ ਤਿਆਰ ਨਹੀਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਜਿੱਥੇ ਇੱਕ ਪਾਸੇ ਪੱਤਰ ਜਾਰੀ ਕਰ ਇਸ ਨੂੰ ਕਣਕ ਦੀ ਖਰੀਦ ਵਿਚ ਛੋਟ ਦਾ ਐਲਾਨ ਕਰ ਰਹੀ ਹੈ ਜਦਕਿ ਇਹ ਕੱਟ ਲਗਾ ਕੇ ਕਿਸਾਨਾਂ ਦਾ ਆਰਥਿਕ ਸੋਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਮੂਹ ਆਡ਼੍ਹਤੀਆਂ ਵਲੋਂ ਫੈਸਲਾ ਕੀਤਾ ਗਿਆ ਕਿ ਫਿਲਹਾਲ ਮਾਛੀਵਾਡ਼ਾ ਅਨਾਜ ਮੰਡੀ ਵਿਚ 2 ਦਿਨ ਫਸਲ ਖਰੀਦ ਦਾ ਕੰਮ ਠੱਪ ਰੱਖਿਆ ਜਾਵੇਗਾ ਅਤੇ ਜੇਕਰ ਇਹ ਕੱਟ ਵਾਪਿਸ ਨਾ ਲਿਆ ਤਾਂ ਕਿਸਾਨ ਤੇ ਆਡ਼੍ਹਤੀ ਮਿਲ ਕੇ ਕੇਂਦਰ ਸਰਕਾਰ ਖਿਲਾਫ਼ ਸੰਘਰਸ਼ ਵਿੱਢਣਗੇ। ਦੂਸਰੇ ਪਾਸੇ ਮਾਛੀਵਾਡ਼ਾ ਅਨਾਜ ਮੰਡੀ ਵਿਚ ਫਸਲ ਵੇਚਣ ਆਏ ਕਿਸਾਨਾਂ ਨੇ ਦੱਸਿਆ ਕਿ ਪਹਿਲਾਂ ਹੀ ਬੇਮੌਸਮੀ ਬਾਰਿਸ਼ ਤੇ ਝੱਖਡ਼ ਕਾਰਨ ਫਸਲ ਦਾ ਝਾਡ਼ ਕਾਫ਼ੀ ਘਟ ਗਿਆ ਹੈ ਜਿਸ ਨਾਲ ਉਨ੍ਹਾਂ ਦਾ ਕਾਫ਼ੀ ਆਰਥਿਕ ਨੁਕਸਾਨ ਹੋਇਆ ਹੈ ਅਤੇ ਹੁਣ ਕੇਂਦਰ ਸਰਕਾਰ ਦੇ ਨਾਦਰਸ਼ਾਹੀ ਫੁਰਮਾਨ ਕਿ ਖ਼ਰਾਬ ਤੇ ਬਦਰੰਗ ਦਾਣੇੇ ’ਤੇ ਕੱਟ ਲਗਾਉਣਾ ਬਹੁਤ ਹੀ ਮੰਦਭਾਗਾ ਹੈ। ਕਿਸਾਨਾਂ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਨੂੰ ਤਾਂ ਕੁਦਰਤੀ ਕ੍ਰੋਪੀ ਕਾਰਨ ਹੋਏ ਨੁਕਸਾਨ ਦਾ ਪ੍ਰਤੀ ਏਕਡ਼ ਬੋਨਸ ਦੇਣਾ ਬਣਦਾ ਸੀ ਜਦਕਿ ਇਹ ਕੱਟ ਲਗਾ ਕੇ ਉਨ੍ਹਾਂ ਨੂੰ ਵੱਡੀ ਢਾਹ ਲਗਾਈ ਹੈ।