ਲੁਧਿਆਣਾ 12 ਅਪ੍ਰੈਲ (ਭਗਵਾਨ ਭੰਗੂ – ਲਿਕੇਸ਼ ਸ਼ਰਮਾ) : ਸਾਹਨੇਵਾਲ ਦੇ ਗਾਰਡਨ ਸਿਟੀ ਇਲਾਕੇ ਵਿੱਚ ਕੁਝ ਵਿਅਕਤੀਆਂ ਨੇ ਗਲੀ ਦੇ ਕੁੱਤੇ ਨੂੰ ਬੰਨ੍ਹ ਕੇ ਏਨੀ ਬੁਰੀ ਤਰ੍ਹਾਂ ਤਸੀਹੇ ਦਿੱਤੇ ਕਿ ਉਸ ਦੀ ਮੌਤ ਹੋ ਗਈ।ਇਸ ਮਾਮਲੇ ‘ਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਹੈਲਪ ਫਾਰ ਐਨੀਮਲ ਸੰਸਥਾ ਦੇ ਪ੍ਰਧਾਨ ਮਨੀ ਸਿੰਘ ਦੀ ਸ਼ਿਕਾਇਤ ‘ਤੇ ਵੀਕੇ ਖੁਰਾਨਾ, ਦਵਿੰਦਰ, ਸੁਖਦੇਵ ਸਿੰਘ, ਗਾਡਰ ਸਿਟੀ ਦੇ ਰਹਿਣ ਵਾਲੇ ਹਰਿੰਦਰ ਸਿੰਘ ਅਤੇ ਕੁਝ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ।ਜਾਣਕਾਰੀ ਦਿੰਦਿਆਂ ਮਨੀ ਸਿੰਘ ਨੇ ਦੱਸਿਆ ਕਿ ਉਹ ਹੈਲਪ ਫਾਰ ਐਨੀਮਲ ਸੰਸਥਾ ਚਲਾਉਣ ਦੇ ਨਾਲ-ਨਾਲ ਪੀਪਲ ਫਾਰ ਐਨੀਮਲ ਸੰਸਥਾ ਦੇ ਵੀ ਮੈਂਬਰ ਹਨ ।ਬੀਤੀ ਸ਼ਾਮ ਸਾਢੇ ਛੇ ਵਜੇ ਦੇ ਕਰੀਬ ਉਨ੍ਹਾਂ ਨੂੰ ਬਲਜਿੰਦਰ ਕੌਰ ਨਾਮ ਦੀ ਲੜਕੀ ਦਾ ਫੋਨ ਆਇਆ ਜਿਸ ਨੇ ਦੱਸਿਆ ਕਿ ਗਾਰਡਨ ਇਨਕਲੇਵ ਵਿੱਚ ਮੁਲਜ਼ਮ ਕੁੱਤੇ ਦੇ ਪੈਰ ਬੰਨ੍ਹ ਕੇ ਉਸ ਨੂੰ ਬੁਰੀ ਤਰਾਂ ਤਸੀਹੇ ਦੇ ਰਹੇ ਹਨ। ਲੜਕੀ ਨੇ ਦੱਸਿਆ ਕਿ ਮੁਲਜ਼ਮਾਂ ਨੇ ਸੋਟੀਆਂ ਮਾਰ ਕੇ ਅਤੇ ਗਲਾ ਦਬਾ ਕੇ ਕੁੱਤੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮੌਕੇ ਤੇ ਪਹੁੰਚੇ ਮਨੀ ਸਿੰਘ ਨੇ ਦੇਖਿਆ ਕਿ ਘਟਨਾ ਵਾਲੀ ਥਾਂ ਤੇ ਖੂਨ ਦੇ ਛਿੱਟੇ ਪਏ ਹੋਏ ਸਨ ਅਤੇ ਮੁਲਜ਼ਮ ਮਰੇ ਹੋਏ ਕੁੱਤੇ ਨੂੰ ਚੁੱਕ ਕੇ ਕਿਧਰੇ ਲੈ ਗਏ ਸਨ। ਉਧਰੋ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣੇਦਾਰ ਹਰਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮਨੀ ਸਿੰਘ ਦੀ ਸ਼ਿਕਾਇਤ ਤੇ ਮੁਲਜ਼ਮਾਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ।