ਕੌਂਸਲਰਾਂ ਨੂੰ ਡਰਾਉਣ-ਧਮਕਾਉਣ ਦੀ ਕੋਸ਼ਿਸ਼ ਬਰਦਾਸ਼ਤ ਨਹੀਂ ਹੋਵੇਗੀ-ਪ੍ਰਧਾਨ ਰਾਣਾ
ਜਗਰਾਓਂ, 31 ਅਗਸਤ ( ਰਾਜੇਸ਼ ਜੈਨ, ਭਗਵਾਨ ਭੰਗੂ )-ਨਗਰ ਕੌਂਸਲ ਦੀ ਮਹੀਨਾਵਾਰ ਮੀਟਿੰਗ ਟਾਊਨ ਹਾਲ ਵਿਖੇ ਪ੍ਰਧਾਨ ਜਤਿੰਦਰਪਾਲ ਰਾਣਾ ਅਤੇਈਓ ਸੁਖਦੇਵ ਸਿੰਘ ਰੰਧਾਵਾ ਦੀ ਅਗੁਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਕੁੱਲ 20 ਕੌਂਸਲਰਾਂ ਨੇ ਹਿੱਸਾ ਲਿਆ ਗਿਆ। ਇਸ ਮੌਕੇ ਵੱਖ-ਵੱਖ 7 ਆਈਟਮਾਂ ਜਿਵੇਂ ਕਿ ਪਿਛਲੀ ਆਮ ਮੀਟਿੰਗ ਮਿਤੀ 31/07/2023 ਦੀ ਪੁਸ਼ਟੀ ਕਰਨਾ ਤੋਂ ਇਲਾਵਾ ਤੇਲ ਦੀ ਖਪਤ, ਮਸ਼ੀਨਰੀ ਦੀ ਸਰਵਿਸ, ਰਿਪੇਅਰ ਅਤੇ ਸਮਾਨ ਦੇ ਖਰਚੇ ਦੀ ਪ੍ਰਵਾਨਗੀ, ਵਹੀਕਲ ਮਾਊਂਟਡ ਫੋਗਿੰਗ ਮਸ਼ੀਨ ਦੀ ਖਪਤ, ਪੈਟਰੋਲ, ਡੀਜ਼ਲ, ਮੱਖੀ-ਮੱਛਰ ਮਾਰ ਦਵਾਈ ਅਤੇ ਰਿਪੇਅਰ/ਸਮਾਨ ਆਦਿ ਦੇ ਖਰਚੇ ਸਬੰਧੀ, ਪੰਜਾਬ ਸਰਕਾਰ ਵਲੋਂ ਜਾਰੀ ਕੀਤੀ ਗਈ ਪਾਲਿਸੀ ਫਾਰ ਵੈਲਫੇਅਰ ਆਫ ਐਡਹਾਕ, ਕੰੰਟਰੈਕਚੁਅਲ, ਡੇਲੀ ਵੇਜ਼ਿਜ, ਵਰਕ ਚਾਰਜਡ ਐਂਡ ਟੈਂਪਰੇਰੀ ਇੰਪਲਾਈਜ਼ ਨੂੰ ਅਡਾਪਟ ਕਰਨ ਸਬੰਧੀ, ਨਗਰ ਨਿਗਮਾਂ, ਨਗਰ ਕੌਂਸਲਾਂ-ਨਗਰ ਪੰਚਾਇਤਾਂ ਅਤੇ ਨਗਰ ਸੁਧਾਰ ਟਰੱਸਟਾਂ ਵਿੱਚ ਕਲਰਕ (ਆਈ.ਟੀ., ਲੇਖਾ ਅਤੇ ਲੀਗਲ) ਦੀਆਂ ਅਸਾਮੀਆਂ ਦੇ ਸਰਵਿਸ ਰੂਲਾਂ ਨੂੰ ਅਡਾਪਟ ਕਰਨ ਸਬੰਧੀ, ਪੰਜਾਬ ਮਿਊਂਸਪਲ ਐਕਟ 1911 ਦੀ ਧਾਰਾ 35 ਤਹਿਤ ਜਾਰੀ ਹੁਕਮ ਹਾਊਸ ਦੀ ਜਾਣਕਾਰੀ ਹਿੱਤ ਮੀਟਿੰਗ ਵਿੱਚ ਰੱਖਣ ਸਬੰਧੀ-ਬਾਬਤ ਫਾਇਰ ਟੈਂਡਰ ਦੇ ਟਾਇਰ ਪੁਆਉਣ ਸਬੰਧੀ ਤੇ ਚਰਚਾ ਕੀਤੀ ਗਈ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਬਣੀਆਂ ਅਣ-ਅਪਰੂਵ ਕਲੋਨੀਆਂ ਦੇ ਵਸਨੀਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਸਬੰਧੀ ਵਿਚਾਰੀਆਂ ਗਈਆਂ। ਇਸ ਮੀਟਿੰਗ ਦੇ ਸਾਰੇ ਮਤਿਆਂ ਨੂੰ ਪ੍ਰਧਾਨ ਜਤਿੰਦਰਪਾਲ, ਹਿਮਾਂਸ਼ੂ ਮਲਿਕ, ਰਵਿੰਦਰਪਾਲ ਸਿੰਘ, ਜਰਨੈਲ ਸਿੰਘ, ਰਮੇਸ਼ ਕੁਮਾਰ, ਵਿਕਰਮ ਜੱਸੀ, ਅਮਨ ਕਪੂਰ, ਦਰਸ਼ਨਾਂ ਦੇਵੀ, ਰਣਜੀਤ ਕੌਰ, ਸੁਖਦੇਵ ਕੌਰ, ਡਿੰਪਲ ਗੌਇਲ ਅਤੇ ਗੁਰਪ੍ਰੀਤ ਕੌਰ ਤੱਤਲਾ ਕੌਂਸਲਰਾਂ ਵਲੋਂ ਆਮ ਪਬਲਿਕ ਅਤੇ ਦਫਤਰ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਹੁਸੰਮਤੀ ਨਾਲ ਪ੍ਰਵਾਨ ਕੀਤਾ ਗਿਆ। ਦੂਸਰੇ ਧੜੇ ਦੇ ਮੈਂਬਰਾਂ ਵਲੋਂ ਕੁਝ ਮਤਿਆੰ ਤੇ ਇਤਰਾਜ ਜਾਹਿਰ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸਨੂੰ ਦਰਕਿਨਾਰ ਕਰਦੇ ਹੋਏ ਮੀਟਿੰਗ ਨੂੰ ਪਾਸ ਕਰ ਦਿਤਾ ਗਿਆ। ਇਸ ਮੌਕੇ ਵਾਰਡ ਨੰ:23 ਦੇ ਕੌਂਸਲਰ ਕਮਲਜੀਤ ਕੌਰ ਵਲੋਂ ਆਪਣੇ ਵਾਰਡ ਨਾਲ ਸਬੰਧਤ ਵੱਖ-ਵੱਖ 3-4 ਸਮੱਸਿਆਵਾਂ ਬਾਰੇ ਪ੍ਰਧਾਨ ਅਤੇ ਕਾਰਜ ਸਾਧਕ ਅਫਸਰ ਨੂੰ ਦੱਸਿਆ ਗਿਆ ਜਿਸ ਤੇ ਪਹਿਲ ਦੇ ਆਧਾਰ ਤੇ ਇਹਨਾਂ ਸਮੱਸਿਆਵਾਂ ਦਾ ਹੱਲ ਕਰਨ ਲਈ ਕਿਹਾ ਗਿਆ। ਪ੍ਰਧਾਨ ਵਲੋਂ ਕਿਹਾ ਗਿਆ ਕਿ ਇਸ ਮੀਟਿੰਗ ਵਿੱਚ ਸਾਰੀਆਂ ਆਈਟਮਾਂ ਸਰਕਾਰੀ, ਦਫਤਰੀ ਕੰਮਕਾਜ ਅਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਨਾਲ ਸਬੰਧਤ ਸਨ ਪ੍ਰੰਤੂ ਵਿਰੋਧੀ ਧੜ੍ਹੇ ਦੇ ਕੌਂਸਲਰਾਂ ਵਲੋਂ ਬਿਨ੍ਹਾਂ ਕਿਸੇ ਆਧਾਰ ਤੋਂ ਬੇਵਜ੍ਹਾ ਦੇ ਇਤਰਾਜ ਜਤਾ ਕੇ ਇਹਨਾਂ ਕੰਮਾਂ ਵਿੱਚ ਰੁਕਾਵਟ ਪੈਦਾ ਕਰਕੇ ਸਰਕਾਰੀ ਕੰਮਕਾਜ ਨੂੰ ਪ੍ਰਭਾਵਿਤ ਕਰਨ ਦੀ ਕੌਸ਼ਿਸ਼ ਕੀਤੀ ਗਈ ਹੈ। ਪ੍ਰੰਤੂ ਉਹਨਾਂ ਦੇ ਨਾਲ ਉਹਨਾਂ ਦੇ ਸਹਿਯੋਗੀ ਕੌਂਸਲਰਾਂ ਵਲੋਂ ਸਰਕਾਰੀ ਕੰਮਾਂ ਅਤੇ ਸਰਕਾਰ ਵਲੋਂ ਜਾਰੀ ਹਦਾਇਤਾਂ ਅਤੇ ਪੱਤਰਾਂ ਦਾ ਸਨਮਾਨ ਕਰਦੇ ਹੋਏ ਇਹਨਾਂ ਸਾਰੇ ਮਤਿਆਂ ਨੂੰ ਬਹੁਸੰਮਤੀ ਨਾਲ ਪ੍ਰਵਾਨ ਕੀਤਾ ਗਿਆ ਹੈ ਅਤੇ ਭਵਿੱਖ ਵਿੱਚ ਵੀ ਸ਼ਹਿਰ ਵਾਸੀਆਂ ਨਾਲ ਸਬੰਧਤ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਵਿਚਾਰਿਆ ਜਾਵੇਗਾ।
ਕੌਂਸਲਰਾਂ ਨੂੰ ਧਮਕਾਉਣ ਦੀ ਕੋਸ਼ਿਸ਼ ਬਰਦਾਸ਼ਤ ਨਹੀਂ-
ਮੀਟਿੰਗ ਹਾਲ ਵਿਚ ਉਸ ਸਮੇਂ ਸੰਨਾਟਾ ਛਾ ਗਿਆ ਜਦੋਂ ਪ੍ਰਧਾਨ ਜਤਿੰਦਰਪਾਲ ਰਾਣਾ ਨੇ ਕਿਹਾ ਕਿ ਉਨ੍ਹਾਂ ਨੂੰ ਜਾਣਕਾਰੀ ਮਿਲ ਰਹੀ ਹੈ ਕਿ ਉਨ੍ਹਾਂ ਦੇ ਧੜ੍ਹੇ ਦੇ ਕੁਝ ਕੌਂਸਲਰਾਂ ਨੂੰ ਨਗਰ ਕੌਂਸਿਲ ਵਿਚ ਮੌਜੂਦਾ ਰਾਜਨੀਤਿਕ ਸਰਗਰਮੀਆਂ ਵਿਚ ਆਏ ਵਡੇ ਬਦਲਾਅ ਸਦਕਾ ਦਬਾਅ ਪਾਉਣ ਲਈ ਉਨ੍ਹਾਂ ਦੇ ਧੜ੍ਹੇ ਦੇ ਕੁਝ ਕੌਂਸਲਰਾਂ ਨੂੰ ਗੈਰ ਸਮਾਜਿਕ ਵਿਅਕਤੀਆਂ ਵਲੋਂ ਡਰਾਉਣ-ਧਮਕਾਉਣ ਦੀ ਕੌਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਨੂੰ ਬਿਲਕੁੱਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।