ਲੁਧਿਆਣਾ 6 ਮਈ (ਲਿਕੇਸ਼ ਸ਼ਰਮਾ) : ਪੀ.ਏ.ਯੂ. ਨੇ ਲੁਧਿਆਣਾ ਸਥਿਤ ਕੰਪਨੀ ਗਰੇਨਸੇਰਾ ਪ੍ਰਾਈਵੇਟ ਲਿਮਿਟਡ ਨਾਲ ਸ਼ੂਗਰ ਦੇ ਮਰੀਜ਼ਾਂ ਲਈ ਬਹੁ ਅਨਾਜੀ ਆਟੇ ਦੇ ਪਸਾਰ ਲਈ ਇਕ ਸਮਝੌਤੇ ਉੱਪਰ ਦਸਤਖਤ ਕੀਤੇ| ਪੀ.ਏ.ਯੂ. ਵੱਲੋਂ ਵਧੀਕ ਨਿਰਦੇਸ਼ਕ ਖੋਜ ਡਾ. ਗੁਰਜੀਤ ਸਿੰਘ ਮਾਂਗਟ ਅਤੇ ਸੰਬੰਧਿਤ ਫਰਮ ਵੱਲੋਂ ਸ਼੍ਰੀ ਗਿਆਨ ਸਿੰਘ ਨੇ ਸਮਝੌਤੇ ਦੀਆਂ ਸ਼ਰਤਾਂ ਉੱਪਰ ਸਹੀ ਪਾਈ| ਇਸ ਸਮਝੌਤੇ ਅਨੁਸਾਰ ਯੂਨੀਵਰਸਿਟੀ ਬਹੁ ਅਨਾਜੀ ਆਟੇ ਦੇ ਭਾਰਤ ਵਿਚ ਵਪਾਰੀਕਰਨ ਦੇ ਅਧਿਕਾਰ ਸੰਬੰਧਿਤ ਫਰਮ ਨੂੰ ਪੇਸ਼ ਕਰਦੀ ਹੈ|ਬਹੁ ਅਨਾਜੀ ਆਟੇ ਦੀ ਵਿਸ਼ੇਸ਼ਤਾ ਬਾਰੇ ਗੱਲ ਕਰਦਿਆਂ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਮੁਖੀ ਡਾ. ਸਵਿਤਾ ਸ਼ਰਮਾ ਨੇ ਕਿਹਾ ਕਿ ਸ਼ੂਗਰ ਦੇ ਮਰੀਜ਼ਾਂ ਲਈ ਇਹ ਤਰੀਕਾ ਉਹਨਾਂ ਦੇ ਵਿਭਾਗ ਦੇ ਵਿਗਿਆਨੀਆਂ ਵੱਲੋਂ ਵਿਕਸਿਤ ਕੀਤਾ ਗਿਆ ਹੈ| ਇਸ ਆਟੇ ਨੂੰ ਬਜ਼ਾਰ ਦੀ ਮੰਗ ਅਨੁਸਾਰ ਘੱਟ ਗਲਾਈਸੈਮਿਕ ਵਾਲੇ ਅਨਾਜਾਂ ਦੇ ਮਿਸ਼ਰਣ ਨਾਲ ਰੋਟੀ ਲਈ ਬਣਾਇਆ ਜਾਂਦਾ ਹੈ| ਇਸ ਆਟੇ ਨਾਲ ਪੂਰੀ ਅਤੇ ਪਰਾਂਠੇ ਵਰਗੇ ਰਵਾਇਤੀ ਪਕਵਾਨ ਵੀ ਬਣਾਏ ਜਾ ਸਕਦੇ ਹਨ| ਵਿਭਾਗ ਦੇ ਮਾਹਿਰ ਡਾ. ਜਸਪ੍ਰੀਤ ਕੌਰ ਨੇ ਬਹੁ ਅਨਾਜੀ ਆਟੇ ਦੇ ਹੋਰ ਗੁਣਾਂ ਬਾਰੇ ਵਿਸਥਾਰ ਨਾਲ ਗੱਲ ਕੀਤੀ| ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਡਾ. ਗੁਰਸਾਹਿਬ ਸਿੰਘ ਮਨੇਸ ਨੇ ਡਾ. ਸਵਿਤਾ ਸ਼ਰਮਾ, ਡਾ. ਜਸਪ੍ਰੀਤ ਕੌਰ ਅਤੇ ਸਮੁੱਚੇ ਵਿਭਾਗ ਨੂੰ ਇਸ ਤਕਨੀਕ ਦੇ ਵਿਕਾਸ ਲਈ ਵਧਾਈ ਦਿੱਤੀ| ਤਕਨਾਲੋਜੀ ਮਾਰਕੀਟਿੰਗ ਸੈੱਲ ਦੇ ਸਹਿਯੋਗੀ ਨਿਰਦੇਸ਼ਕ ਡਾ. ਖੁਸ਼ਦੀਪ ਧਰਨੀ ਨੇ ਦੱਸਿਆ ਕਿ ਪੀ.ਏ.ਯੂ. ਨੇ ਹੁਣ ਤੱਕ 364 ਸਮਝੌਤਿਆਂ ਰਾਹੀਂ ਵੱਖ-ਵੱਖ ਤਕਨੀਕਾਂ ਦਾ ਪਸਾਰ ਕੀਤਾ ਹੈ|