ਨਵਾਂਸ਼ਹਿਰ, 6 ਮਈ (ਲਿਕੇਸ਼ ਸ਼ਰਮਾ – ਅਸ਼ਵਨੀ) : ਲੋਕ ਸਭਾ ਚੋਣਾਂ-2024 ਵਿੱਚ ਨਾਗਰਿਕਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਦਫ਼ਤਰ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਦੇ ਬਾਹਰ ਇੱਕ ਈਵੀਐਮ ਮਾਡਲ ਸਥਾਪਤ ਕੀਤਾ ਗਿਆ ਹੈ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਨਵਜੋਤ ਪਾਲ ਰੰਧਾਵਾ ਨੇ ਸਾਂਝੀ ਕਰਦਿਆਂ ਦੱਸਿਆ ਕਿ ਵੋਟਰਾਂ ਨੂੰ ਵੋਟ ਪਾਉਣ ਲਈ ਜਾਗਰੂਕ ਕਰਨ ਸਬੰਧੀ ਜ਼ਿਲ੍ਹੇ ਅੰਦਰ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ।ਇਸ ਮੌਕੇ ‘ਤੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ, ਵਧੀਕ ਡਿਪਟੀ ਕਮਿਸ਼ਨਰ (ਪੇਂ.ਵਿ.) ਸਾਗਰ ਸੇਤੀਆ, ਐਸ.ਡੀ.ਐਮ. ਨਵਾਂਸ਼ਹਿਰ ਅਕਸ਼ਿਤਾ ਗੁਪਤਾ, ਐਸ.ਡੀ.ਐਮ. ਬਲਾਚੌਰ ਰਵਿੰਦਰ ਬੰਸਲ, ਐਸ.ਡੀ.ਐਮ. ਬੰਗਾ ਵਿਕਰਮਜੀਤ ਸਿੰਘ ਪੰਥੇ, ਸਹਾਇਕ ਕਮਿਸ਼ਨਰ ਜਨਰਲ ਗੁਰਲੀਨ ਕੌਰ, ਗੁਡ ਗਵਰਨਸ ਫੈਲੋ ਅਸ਼ਮੀਤਾ ਆਦਿ ਹਾਜ਼ਰ ਸਨ।ਜ਼ਿਲ੍ਹਾ ਚੋਣ ਅਫ਼ਸਰ-ਕਮ- ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਈਵੀਐਮ ਮਾਡਲ ਸਵੀਪ ਗਤੀਵਿਧੀ ਦਾ ਹਿੱਸਾ ਹੈ, ਜੋ ਕਿ ਨੌਜਵਾਨ ਵੋਟਰਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕਰੇਗਾ। ਉਨ੍ਹਾਂ ਕਿਹਾ ਕਿ ਇਸ ਵਾਰ 70 ਫ਼ੀਸਦੀ ਤੋਂ ਵੱਧ ਮਤਦਾਨ ਕਰਨ ਦਾ ਟੀਚਾ ਰੱਖਿਆ ਹੈ।ਜਿਸ ਨੂੰ ਪ੍ਰਾਪਤ ਕਰਨ ਲਈ ਸਵੀਪ ਅਧੀਨ ਵੱਖ-ਵੱਖ ਪ੍ਰੋਗਰਾਮ, ਸੈਮੀਨਾਰ ਅਤੇ ਜਾਗਰੂਕਤਾ ਕੈਂਪ ਲਗਾ ਕੇ ਵੋਟਾਂ ਬਣਾਉਣ ਅਤੇ ਵੋਟ ਦਾ ਇਸਤੇਮਾਲ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ।