“ਪਹਿਲੀ ਚੋਣ ਰਿਹਰਸਲ ਦੌਰਾਨ ਗੈਰਹਾਜ਼ਰ ਰਹੇ ਕਰਮਚਾਰੀਆਂ ਖਿਲਾਫ਼ ਹੋਵੇਗੀ ਅਨੁਸਾਸ਼ਨੀ ਕਾਰਵਾਈ : ਕੋਮਲ ਮਿੱਤਲ”
ਹੁਸ਼ਿਆਰਪੁਰ, 6 ਮਈ (ਅਸ਼ਵਨੀ – ਮੁਕੇਸ਼) : ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਹੈ ਕਿ ਚੋਣਾਂ ਲੋਕਤੰਤਰ ਦਾ ਆਧਾਰ ਸਤੰਭ ਹਨ ਅਤੇ ਚੋਣਾਂ ਵਿਚ ਡਿਊਟੀ ਕਰਨਾ ਸਾਡੇ ਮਹਾਨ ਦੇਸ਼ ਦੇ ਲੋਕਤੰਤਰ ਨੂੰ ਮਜਬੂਤ ਕਰਨ ਵਿਚ ਹਿੱਸੇਦਾਰੀ ਪਾਉਣ ਦਾ ਮਾਣਮੱਤਾ ਕਾਰਜ ਹੈ। ਇਸ ਲਈ ਜਿਨ੍ਹਾਂ ਕਰਮਚਾਰੀਆਂ ਦੀ ਡਿਊਟੀ ਚੋਣ ਪ੍ਰਕਿਰਿਆ ਵਿਚ ਲੱਗੀ ਹੈ ਉਹ ਆਪਣੀ ਸਰਕਾਰੀ ਨੌਕਰੀ ਦੇ ਹਿੱਸੇ ਵਜੋਂ ਇਸ ਡਿਊਟੀ ਨੂੰ ਤਨਦੇਹੀ, ਇਮਾਨਦਾਰੀ ਤੇ ਨਿਰਪੱਖਤਾ ਨਾਲ ਕਰਨ ਅਤੇ ਡਿਊਟੀ ਕਟਵਾਉਣ ਲਈ ਉਨ੍ਹਾਂ ਦੇ ਦਫ਼ਤਰ ਤੱਕ ਪਹੁੰਚ ਨਾ ਕਰਨ।ਉਨ੍ਹਾਂ ਕਿਹਾ ਕਿ ਬੀਤੇ ਦਿਨ ਪੋਲਿੰਗ ਅਮਲੇ ਦੀ ਪਹਿਲੀ ਰਿਹਰਸਲ ਦੌਰਾਨ ਪੂਰੇ ਜ਼ਿਲ੍ਹੇ ਵਿਚ 350 ਦੇ ਕਰੀਬ ਕਰਮਚਾਰੀ ਗੈਰਹਾਜ਼ਰ ਪਾਏ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕਰਮਚਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾ ਰਹੇ ਹਨ। ਉਨ੍ਹਾਂ ਗੈਰਹਾਜ਼ਰ ਕਰਮਚਾਰੀਆਂ ਨੂੰ ਫੌਰਨ ਆਪਣੇ ਸਬੰਧਤ ਏ. ਆਰ. ਓ ਨੂੰ ਰਿਪੋਰਟ ਕਰਨ ਦੀ ਹਦਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਮਹਿਲਾ ਪੋਲਿੰਗ ਕਰਮੀਆਂ ਨੂੰ ਉਨ੍ਹਾਂ ਦੇ ਘਰੇਲੂ ਹਲਕੇ ਵਿਚ ਹੀ ਤਾਇਨਾਤ ਕੀਤਾ ਜਾ ਰਿਹਾ ਹੈ ਅਤੇ ਗਰਭਵਤੀ ਮਹਿਲਾਵਾਂ ਨੂੰ ਪਹਿਲਾਂ ਹੀ ਡਿਊਟੀ ਤੋਂ ਛੋਟ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਮੈਡੀਕਲ ਗਰਾਊਂਡ ’ਤੇ ਡਿਊਟੀ ਤੋਂ ਛੋਟ ਲਈ ਸਿਵਲ ਸਰਜਨ ਦੀ ਅਗਵਾਈ ਹੇਠ ਮੈਡੀਕਲ ਟੀਮ ਦਾ ਗਠਨ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਚੋਣ ਡਿਊਟੀ ਵਿਚ ਅਣਗਹਿਲੀ ਕਰਮਚਾਰੀ ਦੇ ਸੇਵਾ ਨਿਯਮਾਂ ਵਿਚ ਗੰਭੀਰ ਕੁਤਾਹੀ ਮੰਨੀ ਜਾਂਦੀ ਹੈ ਇਸ ਲਈ ਕੋਈ ਵੀ ਚੋਣ ਡਿਊਟੀ ਤੋਂ ਗੈਰਹਾਜ਼ਰ ਨਾ ਹੋਵੇ। ਉਨ੍ਹਾਂ ਕਿਹਾ ਕਿ ਕਿਸੇ ਵੀ ਕਰਮਚਾਰੀ ਦੀ ਡਿਊਟੀ ਕਿਸੇ ਵੀ ਹਾਲਤ ਵਿਚ ਕੱਟੀ ਨਹੀਂ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਕਰਮਚਾਰੀ ਡਿਊਟੀ ਵਿਚ ਕੋਤਾਹੀ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ਼ ਧਾਰਾ 134 ਅਧੀਨ ਐਫ.ਆਈ.ਆਰ ਅਤੇ ਵਿਭਾਗੀ ਦੇ ਨਿਯਮਾਂ ਅਨੁਸਾਰ ਕਰਵਾਈ ਕੀਤੀ ਜਾਵੇਗੀ।