Home crime ਜ਼ਿਲ੍ਹਾ ਪੁਲਿਸ ਨੇ ਅੰਤਰ-ਰਾਜੀ ਨਸ਼ਾ ਰੈਕਟ ਦਾ ਪਰਦਾਫਾਸ਼ ਕਰਕੇ 04 ਕਥਿਤ ਦੋਸ਼ੀ...

ਜ਼ਿਲ੍ਹਾ ਪੁਲਿਸ ਨੇ ਅੰਤਰ-ਰਾਜੀ ਨਸ਼ਾ ਰੈਕਟ ਦਾ ਪਰਦਾਫਾਸ਼ ਕਰਕੇ 04 ਕਥਿਤ ਦੋਸ਼ੀ ਕੀਤੇ ਕਾਬੂ : ਜ਼ਿਲ੍ਹਾ ਪੁਲਿਸ ਮੁਖੀ

44
0

  • ਕਥਿਤ ਦੋਸ਼ੀਆਂ ਪਾਸੋਂ 7 ਲੱਖ ਦੀ ਡਰੱਗ ਮਨੀ ਸਮੇਤ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ

ਫ਼ਤਹਿਗੜ੍ਹ ਸਾਹਿਬ, 06 ਜੂਨ ( ਰਾਜੇਸ਼ ਜੈਨ, ਭਗਵਾਨ ਭੰਗੂ)-ਜ਼ਿਲ੍ਹਾ ਪੁਲਿਸ ਨੇ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਸ਼ਿਆਂ ਖਿਲਾਫ ਵਿੱਢੀ ਗਈ ਮੁਹਿੰਮ ਨੂੰ ਉਸ ਸਮੇਂ ਭਾਰੀ ਸਫਲਤਾ ਹਾਸਲ ਹੋਈ ਜਦੋਂ ਸੀ.ਆਈ.ਏ. ਸਟਾਫ ਸਰਹਿੰਦ ਦੀ ਟੀਮ ਨੇ 07 ਲੱਖ ਰੁਪਏ ਦੀ ਡਰੱਗ ਮਨੀ ਅਤੇ ਭਾਰੀ ਨਸ਼ੀਲੀਆਂ ਗੋਲੀਆਂ ਤੇ ਨਸ਼ੀਲੀਆਂ ਸੀਸ਼ੀਆਂ ਸਮੇਤ 04 ਕਥਿਤ ਦੋਸ਼ੀਆਂ ਨੂੰ ਕਾਬੂ ਕੀਤਾ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਡਾ: ਰਵਜੋਤ ਗਰੇਵਾਲ ਨੇ ਦੱਸਿਆ ਕਿ ਨਸ਼ਿਆਂ ਖਿਲਾਫ ਵਿੱਢੀ ਗਈ ਮੁਹਿੰਮ ਅਧੀਨ ਐਸ.ਪੀ. (ਜਾਂਚ) ਸ਼੍ਰੀ ਰਾਕੇਸ਼ ਕੁਮਾਰ ਦੀਆਂ ਹਦਾਇਤਾਂ ਅਨੁਸਾਰ ਸੀ.ਆਈ.ਏ. ਸਟਾਫ ਸਰਹਿੰਦ ਦੇ ਇੰਚਾਰਜ ਇੰਸਪੈਕਟਰ ਅਮਰਬੀਰ ਸਿੰਘ ਵੱਲੋਂ ਅੰਤਰ-ਰਾਜੀ ਡਰੱਗ ਰੈਕਟ ਦਾ ਪਰਦਾਫਾਸ਼ ਕੀਤਾ ਹੈ ਅਤੇ ਕਾਬੂ ਕੀਤੇ ਗਏ 04 ਕਥਿਤ ਦੋਸ਼ੀਆਂ ਪਾਸੋਂ 2 ਲੱਖ 34 ਹਜ਼ਾਰ 220 ਨਸ਼ੀਲੀਆਂ ਗੋਲੀਆਂ ਅਤੇ 330 ਨਸ਼ੀਲੀਆਂ ਸ਼ੀਸ਼ੀਆਂ ਬਰਾਮਦ ਹੋਈਆਂ ਹਨ। ਕਥਿਤ ਦੋਸ਼ੀਆਂ ਪਾਸੋਂ 07 ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ।ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਸੀ.ਆਈ.ਏ. ਸਰਹਿੰਦ ਦੀ ਟੀਮ ਨੇ ਮੁਕੱਦਮਾ ਨੰ: 84 ਮਿਤੀ 29.05.2023 ਨੂੰ ਐਨ.ਡੀ.ਪੀ.ਐਸ. ਐਕਟ ਦੀ ਧਾਰਾ 22 ਅਧੀਨ ਕਥਿਤ ਦੋਸ਼ੀ ਨਵੀਨ ਕੁਮਾਰ ਪੁੱਤਰ ਰਾਮ ਕੁਮਾਰ ਵਾਸੀ ਹਰਚਰਨ ਨਗਰ ਲੁਧਿਆਣਾ ਨੂੰ 07 ਲੱਖ ਰੁਪਏ ਨਗਦ ਅਤੇ 1 ਲੱਖ 96 ਹਜ਼ਾਰ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਕਿ ਇਹ ਕਥਿਤ ਦੋਸ਼ੀ ਯੂ.ਪੀ. ਸਟੇਟ ਦਾ ਰਹਿਣ ਵਾਲਾ ਹੈ ਜੋ ਕਿ ਕੰਮ ਕਰਨ ਲਈ ਲੁਧਿਆਣਾ ਵਿੱਚ ਆਇਆ ਸੀ ਪ੍ਰੰਤੂ ਇਸ ਨੇ ਮਜਦੂਰੀ ਛੱਡ ਦੇ ਯੂ.ਪੀ. ਤੋਂ ਪੰਜਾਬ ਵਿੱਚ ਨਸ਼ਾ ਸਪਲਾਈ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਪੰਜਾਬ ਨਾਲ ਸਬੰਧਤ ਨਸ਼ਾ ਤਸਕਰਾਂ ਨੂੰ ਨਸ਼ੀਲੀਆਂ ਗੋਲੀਆਂ ਅਤੇ ਸ਼ੀਸੀਆਂ ਮੁਹੱਈਆ ਕਰਵਾਉਂਦਾ ਸੀ ਅਤੇ ਪਿਛਲੇ ਕਈ ਸਾਲਾਂ ਤੋਂ ਨਸ਼ਾ ਤਸਕਰੀ ਦਾ ਕੰਮ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੀ.ਆਈ.ਏ. ਸਟਾਫ ਵੱਲੋਂ ਅਗਲੀ ਤਫਤੀਸ਼ ਅਮਲ ਵਿੱਚ ਲਿਆਉਂਦੇ ਹੋਏ ਕਥਿਤ ਦੋਸ਼ੀ ਨਵੀਨ ਕੁਮਾਰ ਦੀ ਪੁੱਛਗਿੱਛ ਦੇ ਆਧਾਰ ਤੇ ਕਥਿਤ ਦੋਸ਼ੀ ਤਜਿੰਦਰਪਾਲ ਉਰਫ ਬਾਵਾ ਅਤੇ ਰਜਿੰਦਰਪਾਲ ਪੁਤਰਾਨ ਬਨਵਾਰੀ ਲਾਲ ਵਾਸੀ ਮਕਾਨ ਨੰ: 132, ਮੁਹੱਲਾ ਬੇਅੰਤ ਨਗਰ, ਨੇੜੇ ਰੇਲਵੇ ਫਾਟਕ ਮੋਗਾ ਅਤੇ ਕਰਨੈਲ ਸਿੰਘ ਉਰਫ ਕੈਲੀ ਪੁੱਤਰ ਸਾਧੂ ਸਿੰਘ ਵਾਸੀ ਪਿੰਡ ਪਹਾੜਪੁਰ ਥਾਣਾ ਪਸਿਆਣਾ ਜ਼ਿਲ੍ਹਾ ਪਟਿਆਲਾ ਨੂੰ ਗ੍ਰਿਫਤਾਰ ਕੀਤਾ ਗਿਆ।ਡਾ: ਰਵਜੋਤ ਗਰੇਵਾਲ ਨੇ ਦੱਸਿਆ ਕਿ ਪੁਲਿਸ ਵੱਲੋਂ ਕਾਬੂ ਕੀਤੇ ਗਇ ਕਥਿਤ ਦੋਸ਼ੀਆਂ ਤਜਿੰਦਰਪਾਲ ਅਤੇ ਰਜਿੰਦਰਪਾਲ ਤੋਂ ਨਸ਼ੀਲੀਆਂ ਗੋਲੀਆਂ ਟਰਾਮਾਡੋਲ ਬਰਾਮਦ ਕੀਤੀਆਂ ਗਈਆਂ ਅਤੇ ਕਥਿਤ ਦੋਸ਼ੀ ਕਰਨੈਲ ਸਿੰਘ ਕੈਲੀ ਤੋਂ 1 ਲੱਖ 18 ਹਜ਼ਾਰ 200 ਗੋਲੀਆ ਅਲਪਰਾਜੇਲਮ, 95320 ਗੋਲੀਆਂ ਟਰਾਮਾਡੋਲ ਅਤੇ 330 ਨਸ਼ੀਲੀਆਂ ਸੀਸ਼ੀਆਂ ਕੋਕਲੀਨ ਵਿੰਨਸਰਕਸ ਬਰਾਮਦ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਪੁਲਿਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਇਹ ਸਾਰਾ ਨਸ਼ਾ ਨਵੀਨ ਕੁਮਾਰ ਵੱਲੋਂ ਹੀ ਮੁਹੱਈਆ ਕਰਵਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਚਾਰੇ ਕਥਿਤ ਦੋਸ਼ੀਆਂ ਤੋਂ ਕੁੱਲ 2 ਲੱਖ 34 ਹਜ਼ਾਰ 220 ਨਸ਼ੀਲੀਆਂ ਗੋਲੀਆਂ ਐਲਪਰਾਜੋਲਮ ਤੇ ਟਰਾਮਾਡੋਲ ਅਤੇ 330 ਨਸ਼ੀਲੀਆਂ ਸ਼ੀਸ਼ੀਆਂ ਕੋਕਲੀਨ ਵਿੰਨਸਰਕਸ ਬਰਾਮਦ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਇੱਕ ਹੋਰ ਕਥਿਤ ਦੋਸ਼ੀ ਗੁਰਪ੍ਰੀਤ ਸਿੰਘ ਉਰਫ ਸੁਖਦਰਸ਼ਨ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਪਹਾੜਪੁਰ ਥਾਣਾ ਪਸਿਆਣਾ ਜ਼ਿਲ੍ਹਾ ਪਟਿਆਲਾ ਨੂੰ ਮੁਕੱਦਮੇ ਵਿੱਚ ਸ਼ਾਮਲ ਕਰਕੇ ਉਸਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਪੁੱਛਗਿਛ ਵਿੱਚ ਹੋਰ ਬਰਾਮਦਗੀ ਅਤੇ ਨਸ਼ਾ ਤਸਕਰਾਂ ਦੇ ਗ੍ਰਿਫਤਾਰ ਹੋਣ ਦੀ ਉਮੀਦ ਹੈ। ਕਥਿਤ ਦੋਸ਼ੀਆਂ ਪਾਸੋਂ ਕੁੱਲ 07 ਲੱਖ ਰੁਪਏ ਡਰੱਗ ਮਨੀ, 2,34,220 ਨਸ਼ੀਲੀਆਂ ਗੋਲੀਆਂ ਐਲਪਰਾਜੋਲਮ ਤੇ ਟਰਾਮਾਡੋਲ, 330 ਨਸ਼ੀਲੀਆ ਸ਼ੀਸ਼ੀਆਂ ਕੋਕਲੀਨ ਵਿੰਨਸਰਕਸ ਅਤੇ ਇੱਕ ਸਵਿਫਟ ਕਾਰ PB04L-0068 ਬਰਾਮਦ ਹੋਈ ਹੈ।

LEAVE A REPLY

Please enter your comment!
Please enter your name here