ਮੋਗਾ, 6 ਜੂਨ ( ਲਿਕੇਸ਼ ਸ਼ਰਮਾਂ)-ਪੰਜਾਬ ਸਰਕਾਰ ਦੇ ਉੱਦਮ ਸਦਕਾ, ਮੂੰਗੀ ਦੀ ਖਰੀਦ ਪੰਜਾਬ ਵਿੱਚ (ਸਮੱਰਥਨ ਮੁੱਲ) ਤੇ ਮਾਰਕਫੈੱਡ ਵੱਲੋਂ ਸਾਲ 2023 ਲਈ ਸ਼ੁਰੂ ਕਰ ਦਿੱਤੀ ਗਈ ਹੈ।ਇਸ ਸਬੰਧੀ ਇੱਕ ਜਿ਼ਲ੍ਹਾ ਪੱਧਰੀ ਮੀਟਿੰਗ ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਵੱਲੋਂ ਕੀਤੀ ਗਈ। ਜ਼ਿਲ੍ਹਾ ਪੱਧਰ ਤੇ ਮੂੰਗੀ ਦੀ ਖਰੀਦ ਸੰਬੰਧੀ ਮੀਟਿੰਗ ਆਯੋਜਨ ਕਰਕੇ ਡਿਪਟੀ ਕਮਿਸ਼ਨਰ ਵੱਲੋਂ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਮੂੰਗੀ ਦੀ ਖਰੀਦ ਦੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ। ਜ਼ਿਲ੍ਹਾ ਪ੍ਰਬੰਧਕ, ਮਾਰਕਫੈੱਡ ਮੋਗਾ ਬਲਦੀਪ ਸਿੰਘ ਨੇ ਡਿਪਟੀ ਕਮਿਸ਼ਨਰ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਕਿਸਾਨਾਂ ਨੂੰ ਮੂੰਗੀ ਦੀ ਫ਼ਸਲ ਵੇਚਣ ਵਿੱਚ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਮਾਰਕਫੈੱਡ ਨੂੰ ਮੂੰਗ ਫ਼ਸਲ 2023 ਦੀ ਖਰੀਦ ਭਾਰਤ ਸਰਕਾਰ ਦੁਆਰਾ ਨਿਰਧਾਰਿਤ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ 7755 ਰੁਪਏ ਪ੍ਰਤੀ ਕੁਇੰਟਲ ਤੇ ਕਰਨ ਲਈ ਚੁਣਿਆ ਗਿਆ ਹੈ। ਭਾਰਤ ਸਰਕਾਰ ਦੁਆਰਾ ਰਾਜ ਸਰਕਾਰ ਨੂੰ ਮੂੰਗ ਦੀ ਖਰੀਦ ਲਈ ਸੀਜ਼ਨ 2023 ਲਈ ਪ੍ਰਾਈਜ਼ ਸਪੋਰਟ ਸਕੀਮ ਲਾਗੂ ਕਰਨ ਦੀ ਇਜ਼ਾਜ਼ਤ ਦਿੱਤੀ ਗਈ ਹੈ ਅਤੇ ਇਸ ਸੰਬੰਧੀ ਭਾਰਤ ਸਰਕਾਰ ਦੁਆਰਾ ਖਰੀਦ ਦਾ ਸਮਾਂ 01.06.2023 ਤੋਂ 31.07.2023 ਤੱਕ ਨਿਰਧਾਰਿਤ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੂੰਗੀ ਦੀ ਖਰੀਦ ਤੋਂ ਪਹਿਲਾਂ ਕਿਸਾਨਾਂ ਦੀ ਰਜਿਸਟਰੇਸ਼ਨ, ਮੰਡੀ ਵਿੱਚ ਸਥਿਤ ਮਾਰਕਿਟ ਕਮੇਟੀ ਦਫ਼ਤਰ ਵਿਖੇ ਹੋਵੇਗੀ। ਕਿਸਾਨਾਂ ਦੀ ਮੱਦਦ ਖਰੀਦ ਲਈ ਮੰਡੀਆਂ ਵਿੱਚ ਸਹਿਕਾਰੀ ਸਭਾਵਾਂ ਲਗਾਈਆਂ ਗਈਆਂ ਹਨ। ਮੂੰਗੀ ਦੀ ਖਰੀਦ ਦਾ ਭੁਗਤਾਨ ਕਿਸਾਨਾਂ ਦੇ ਬੈਂਕ ਅਕਾਊਂਟਾਂ ਵਿੱਚ ਸਿੱਧਾ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਿਸਾਨਾਂ ਨੂੰ ਸੁਝਾਅ ਹੈ ਕਿ ਮੂੰਗੀ ਦੀ ਕਟਾਈ ਤੋਂ ਪਹਿਲਾਂ ਮੂੰਗੀ ਨੂੰ ਜਲਦੀ ਪਕਾਉਣ ਲਈ ਕੋਈ ਵੀ ਸਪਰੇਅ ਨਾ ਕੀਤੀ ਜਾਵੇ ਅਤੇ ਮੂੰਗੀ ਦੀ ਫ਼ਸਲ ਨੂੰ ਕੁਦਰਤੀ ਤਰੀਕੇ ਨਾਲ ਪੂਰਾ ਪੱਕਣ ਦਿੱਤਾ ਜਾਵੇ ਕਿਉਂਕਿ ਸਪਰੇਅ ਕਾਰਨ ਦਾਣੇ ਉੱਪਰ ਵੀ ਅਸਰ ਪੈਂਦਾ ਹੈ ਅਤੇ ਫ਼ਸਲ ਦੀ ਗੁਣਵੱਤਾ ਵੀ ਖਰਾਬ ਹੋ ਜਾਂਦੀ ਹੈ ਜਿਸ ਕਾਰਨ ਫ਼ਸਲ ਦੀ ਕੁਆਲਟੀ ਸਰਕਾਰ ਵੱਲੋਂ ਖਰੀਦ ਲਈ ਤਹਿ ਕੀਤੇ ਗਏ ਮਾਪਦੰਡਾਂ ਅਨੁਸਾਰ ਨਹੀਂ ਰਹਿੰਦੀ ਅਤੇ ਫ਼ਸਲ ਵੇਚਣ ਵਿੱਚ ਵੀ ਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਮੰਡੀ ਵਿੱਚ ਮੂੰਗੀ ਦੀ ਸੁੱਕੀ ਫ਼ਸਲ ਲੈ ਕੇ ਆਉਣ ਜਿਸ ਦੀ ਨਮੀ 12 ਪ੍ਰਤੀਸ਼ਤ ਤੋਂ ਵੱਧ ਨਾ ਹੋਵੇ ਤਾਂ ਜੋ ਮੰਡੀ ਵਿੱਚ ਖਰੀਦ ਅਤੇ ਚੁਕਾਈ ਸਮੇਂ ਸਿਰ ਹੋ ਸਕੇ। ਉਨ੍ਹਾਂ ਦੱਸਿਆ ਕਿ ਮੂੰਗੀ ਦੀ ਫ਼ਸਲ ਥਰੈਸ਼ਰ ਰਾਂਹੀ ਗਾਹੁਣ ਤੋਂ ਬਾਅਦ ਮੰਡੀ ਵਿੱਚ ਲਿਆਂਦੀ ਜਾਵੇ ਤਾਂ ਜੋ ਫ਼ਸਲ ਸਰਕਾਰੀ ਮਾਪਦੰਡਾਂ ਦੇ ਅਨੁਕੂਲ ਰਹੇ ਅਤੇ ਫ਼ਸਲ ਦਾ ਪੂਰਾ ਭਾਅ ਕਿਸਾਨ ਵੀਰਾਂ ਨੂੰ ਮਿੱਲ ਸਕੇ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰ ਦੇ ਇਸ ਉਪਰਾਲੇ ਦਾ ਵੱਧ ਤੋਂ ਵੱਧ ਕਿਸਾਨ ਲਾਭ ਲੈਣ ਲਈ ਮੂੰਗੀ ਦੀ ਫ਼ਸਲ ਨੂੰ ਸਰਕਾਰ ਦੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਮੰਡੀ ਵਿੱਚ ਲਿਆਂਦਾ ਜਾਵੇ ਤਾਂ ਜੋ ਮੂੰਗੀ ਦੀ ਖਰੀਦ ਨੂੰ ਸਫ਼ਲ ਬਣਾਇਆ ਜਾਵੇ।ਜਿਕਰਯੋਗ ਹੈ ਕਿ ਮੂੰਗ ਦੀ ਖਰੀਦ ਜਿ਼ਲ੍ਹਾ ਪੱਧਰ ਉੱਪਰ ਬੱਧਨੀਂ ਕਲਾਂ ਅਤੇ ਮੋਗਾ ਦੀਆਂ ਮੰਡੀਆਂ ਵਿੱਚ ਕੀਤੀ ਜਾਵੇਗੀ। ਮੋਗਾ ਮੰਡੀ ਵਿੱਚ ਮੂੰਗ ਦੀ ਵੇਚ ਲਈ ਇੰਸਪੈਕਟਰ ਸਵਰਣ ਸਿੰਘ ਦੇ ਮੋਬਾਇਲ 99142 12112 ਅਤੇ ਬੱਧਨੀ ਕਲਾਂ ਦੀ ਮੰਡੀ ਵਿੱਚ ਮੂੰਗ ਦੀ ਖਰੀਦ ਲਈ ਇੰਸਪੈਕਟਰ ਅਮਨਦੀਪ ਸਿੰਘ ਦੇ ਮੋਬਾਇਲ ਨਬਰ 9915534351 ਉੱਪਰ ਕਿਸਾਨ ਸੰਪਰਕ ਵੀ ਕਰ ਸਕਦੇ ਹਨ।