Home Protest ਸ਼ਹੀਦੀ ਦਿਹਾੜਿਆਂ ਦੌਰਾਨ ਭਗਵੰਤ ਮਾਨ ਵੱਲੋਂ ਮਾਤਮੀ ਬਿਗਲ ਦੇ ਫੈਸਲੇ ’ਤੇ ਸ਼੍ਰੋਮਣੀ...

ਸ਼ਹੀਦੀ ਦਿਹਾੜਿਆਂ ਦੌਰਾਨ ਭਗਵੰਤ ਮਾਨ ਵੱਲੋਂ ਮਾਤਮੀ ਬਿਗਲ ਦੇ ਫੈਸਲੇ ’ਤੇ ਸ਼੍ਰੋਮਣੀ ਕਮੇਟੀ ਨੇ ਕੀਤਾ ਇਤਰਾਜ

34
0


ਸਾਹਿਬਜ਼ਾਦਿਆਂ ਦੀ ਸ਼ਹਾਦਤ ਮਾਤਮ ਜਾਂ ਸੋਗ ਦਾ ਨਹੀਂ ਸਗੋਂ ਚੜ੍ਹਦੀ ਕਲਾ ਦਾ ਪ੍ਰਤੀਕ- ਐਡਵੋਕੇਟ ਧਾਮੀ
ਅੰਮ੍ਰਿਤਸਰ (ਅਸਵਨੀ ਕੁਮਾਰ-ਬੋਬੀ ਸਹਿਜਲ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਸਵੇਂ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਦੌਰਾਨ 27 ਦਸੰਬਰ ਨੂੰ ‘ਮਾਤਮੀ ਬਿਗਲ’ ਵਜਾਉਣ ਦੇ ਕੀਤੇ ਫੈਸਲੇ ਨੂੰ ਗੁਰਮਤਿ ਮਰਯਾਦਾ ਦੇ ਵਿਰੁੱਧ ਕਰਾਰ ਦਿੱਤਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਹਿ ਸਿੰਘ ਜੀ ਦੀ ਸ਼ਹਾਦਤ ਮਾਤਮ ਜਾਂ ਸੋਗ ਦਾ ਨਹੀਂ, ਸਗੋਂ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਸਾਹਿਬਜ਼ਾਦਿਆਂ ਨੇ ਹੱਕ, ਸੱਚ ਅਤੇ ਧਰਮ ਦੀ ਖ਼ਾਤਰ ਆਪਣੇ ਆਪ ਨੂੰ ਕੁਰਬਾਨ ਕਰਨ ਦਾ ਫੈਸਲਾ ਲੈ ਕੇ ਦੁਨੀਆਂ ਦੇ ਧਾਰਮਿਕ ਇਤਿਹਾਸ ਅੰਦਰ ਲਾਸਾਨੀ ਅਤੇ ਵਿਲੱਖਣ ਪੈੜ ਪਾਈ। ਸਾਹਿਬਜ਼ਾਦਿਆਂ ਦੀ ਉਮਰ ਭਾਵੇਂ ਛੋਟੀ ਸੀ, ਪਰ ਉਨ੍ਹਾਂ ਦੀ ਸਿੱਖੀ ਪ੍ਰਤੀ ਦ੍ਰਿੜ੍ਹਤਾ ਪ੍ਰੋੜ੍ਹ ਉਮਰ ਤੋਂ ਘੱਟ ਨਹੀਂ ਸੀ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਿੱਖ ਇਤਿਹਾਸ ਅਤੇ ਸਿਧਾਂਤਾਂ ਦੀ ਭਾਵਨਾ ਨੂੰ ਦਰਕਿਨਾਰ ਨਾ ਕਰੇ। ਉਨ੍ਹਾਂ ਕਿਹਾ ਕਿ ਇਤਿਹਾਸ ਇਸ ਗੱਲ ਦੀ ਗਵਾਹ ਹੈ ਕਿ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਪੈੜਾਂ ’ਤੇ ਚੱਲਦਿਆਂ ਸਾਹਿਬਜ਼ਾਦਿਆਂ ਨੇ ਸ਼ਹਾਦਤਾਂ ਦਿੱਤੀਆਂ ਸਨ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਮੌਕੇ ਖ਼ੁਦ ਜੈਕਾਰੇ ਗਜਾ ਕੇ ਕੌਮ ਨੂੰ ਚੜ੍ਹਦੀ ਕਲਾ ਦਾ ਸੁਨੇਹਾ ਦਿੱਤਾ। ਉਨ੍ਹਾਂ ਕਿਹਾ ਕਿ ਸਾਹਿਬਜ਼ਾਦਿਆਂ ਨੇ ਲਾਲਚ ਅਤੇ ਡਰਾਵੇ ਦੀ ਪ੍ਰਵਾਹ ਨਾ ਕਰਦਿਆਂ ਮੁਗਲ ਹਾਕਮ ਨੂੰ ਵੱਡੀ ਚੁਣੌਤੀ ਦਿੱਤੀ। ਐਡਵੋਕੇਟ ਧਾਮੀ ਨੇ ਕਿਹਾ ਕਿ ਸਿੱਖ ਇਤਿਹਾਸ ਦੇ ਸ਼ਹੀਦ ਕੌਮ ਲਈ ਪ੍ਰੇਰਣਾ ਸਰੋਤ ਹਨ, ਜਿਨ੍ਹਾਂ ਨੂੰ ਕੌਮ ਰੋਜ਼ਾਨਾ ਅਰਦਾਸ ਵਿਚ ਯਾਦ ਕਰਕੇ ਸ਼ਕਤੀ ਅਤੇ ਅਗਵਾਈ ਪ੍ਰਾਪਤ ਕਰਦੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਇਨ੍ਹਾਂ ਸ਼ਹਾਦਤਾਂ ਨੂੰ ਮਾਤਮ ਅਤੇ ਸੋਗ ਦੀ ਘਟਨਾ ਵਜੋਂ ਉਭਾਰਨਾ ਸਿੱਖ ਇਤਿਹਾਸ ਅਤੇ ਗੁਰਮਤਿ ਪ੍ਰੰਪਰਾ ਦੇ ਬਿਲਕੁਲ ਅਨੁਕੂਲ ਨਹੀਂ ਹੈ। ਭਗਵੰਤ ਮਾਨ ਦਾ ਫੈਸਲਾ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਛੁਟਆਉਂਣ ਵਾਲਾ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਸਿੱਖ ਇਤਿਹਾਸ ਦੀ ਰੌਸ਼ਨੀ ਵਿਚ ਹੀ ਸਾਹਿਬਜ਼ਾਦਿਆਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਨ, ਨਾ ਕਿ ਗੁਰਮਤਿ ਦੀ ਭਾਵਨਾ ਵਿਰੁੱਧ ਕੋਈ ਨਵੀਂ ਪਿਰਤ ਸ਼ੁਰੂ ਕਰਨ ਦੀ ਭੁੱਲ ਕਰਨ।

LEAVE A REPLY

Please enter your comment!
Please enter your name here