
ਜਲੰਧਰ ਛਾਉਣੀ,ਪਿੰਡ ਧੀਣਾ ‘ਚ ਬੀਤੀ ਰਾਤ ਆਏ ਮੀਂਹ ਤੇ ਝੱਖੜ ਕਾਰਨ ਇੱਕ ਤਿੰਨ ਮੰਜ਼ਿਲਾ ਬਣ ਰਹੀ ਇਮਾਰਤ ਦੀ ਕੰਧ ਡਿੱਗਣ ‘ਤੇ ਥੱਲੇ ਆਉਣ ਕਾਰਨ ਨਨਾਣ-ਭਰਜਾਈ ਦੀ ਮੌਤ ਹੋ ਗਈ। ਪਿਉ ਤੇ ਪੁੱਤਰ ਗੰਭੀਰ ਜ਼ਖ਼ਮੀ ਹੋਏ ਹਨ। ਥਾਣਾ ਮੁਖੀ ਸਦਰ ਅਜਾਇਬ ਸਿੰਘ ਨੇ ਦੱਸਿਆ ਕਿ ਮਿ੍ਤਕਾਂ ਦੀ ਪਛਾਣ ਵੰਦਨਾ ਪੁੱਤਰੀ ਰਾਜ ਕੁਮਾਰ ਉਮਰ 18 ਸਾਲ ਤੇ ਉਸ ਦੀ ਭਰਜਾਈ ਮਨਪ੍ਰਰੀਤ ਕੌਰ ਪਤਨੀ ਅਜੇ ਉਮਰ 25 ਸਾਲ ਵਜੋਂ ਹੋਈ ਹੈ।ਇਸ ਹਾਦਸੇ ਦੌਰਾਨ ਰਾਜ ਕੁਮਾਰ ਤੇ ਉਸ ਦਾ ਪੁੱਤਰ ਮੋਹਿਤ ਗੰਭੀਰ ਜ਼ਖ਼ਮੀ ਹੋਏ ਹਨ। ਦੋਵਾਂ ਨੂੰ ਪਿਮਸ ਤੇ ਐੱਸਜੀਐੱਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਮਿ੍ਤਕਾਂ ਦੇ ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਧੀਣਾ ਵਿਖੇ ਬੀਤੇ ਦਿਨ ਹੀ ਤਿੰਨ ਮੰਜ਼ਲਾ ਇਮਾਰਤ ਦੀ ਕੰਧ ਬਣਾਈ ਗਈ ਸੀ। ਨਾਲ ਦੇ ਘਰ ਦੇ ਵਿਹੜੇ ਵਿਚ ਰਾਜ ਕੁਮਾਰ ਉਸ ਦਾ ਪੁੱਤਰ ਮੋਹਿਤ ਤੇ ਅਜੇ ਰਾਜ ਕੁਮਾਰ ਦੀ ਧੀ ਵੰਦਨਾ, ਅਜੇ ਦੀ ਪਤਨੀ ਮਨਪ੍ਰਰੀਤ ਕੌਰ ਤੇ ਮਨਪ੍ਰਰੀਤ ਦੀ 18 ਮਹੀਨਿਆਂ ਦੀ ਬੱਚੀ ਸਮੇਤ ਸਾਰਾ ਪਰਿਵਾਰ ਸੁੱਤਾ ਸੀ। ਰਾਤ ਇਕ ਵਜੇ ਦੇ ਕਰੀਬ ਮੀਂਹ ਤੇ ਝੱਖੜ ਆਉਣ ‘ਤੇ ਤੀਸਰੀ ਮੰਜ਼ਿਲ ਵਾਲੀ ਕੰਧ ਸੁੱਤੇ ਪਏ ਪਰਿਵਾਰ ‘ਤੇ ਡਿੱਗ ਪਈ। ਦੋਵੇਂ ਨਨਾਣ ਭਰਜਾਈ ਦੀ ਮੌਕੇ ‘ਤੇ ਮੌਤ ਹੋ ਗਈ। ਗੰਭੀਰ ਜ਼ਖ਼ਮੀ ਹੋਏ ਰਾਜ ਕੁਮਾਰ ਤੇ ਮੋਹਿਤ ਨੂੰ ਹਸਪਤਾਲ ਲਿਜਾਇਆ ਗਿਆ ਹੈ।ਮੀਂਹ ਤੇ ਝੱਖੜ ਆਉਣ ਸਮੇਂ ਅਜੇ ਆਪਣੀ ਬੱਚੀ ਨੂੰ ਚੁੱਕ ਕੇ ਕਮਰੇ ‘ਚ ਲੈ ਗਿਆ ਜਿਨ੍ਹਾਂ ਦੀ ਜਾਨ ਬਚ ਗਈ। ਅਜੇ ਨੇ ਬਾਕੀ ਪਰਿਵਾਰਾਂ ਨੂੰ ਅੰਦਰ ਆਉਣ ਲਈ ਕਿਹਾ ਸੀ।ਥਾਣਾ ਮੁਖੀ ਅਜਾਇਬ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਕੁਦਰਤੀ ਆਫਤ ਕਾਰਨ ਹੀ ਵਾਪਰਿਆ ਹੈ। ਵੰਦਨਾ ਤੇ ਮਨਪ੍ਰਰੀਤ ਕੌਰ ਦਾ ਪਿੰਡ ਧੀਣਾ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਰਾਜ ਕੁਮਾਰ ਤੇ ਉਸ ਦਾ ਪੁੱਤਰ ਮੋਹਿਤ ਜ਼ੇਰੇ ਇਲਾਜ ਹਨ।