ਕੇਂਦਰ ਦੀ ਮੋਦੀ ਸਰਕਾਰ ਵਲੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਮਨ ਕਰਦੇ ਹੋਏ 26 ਦਸੰਬਰ ਦੇ ਦਿਨ ਨੂੰ ਛੋਟੇ ਸਾਹਿਬਜ਼ਾਦਿਆਂ ਦੇ ਨਾਮ ਤੇ ਵੀਰ ਬਾਲ ਦਿਵਸ ਦੇ ਤੌਰ ਤੇ ਸਮੁੱਚੇ ਦੇਸ਼ ਵਿਚ ਮਨਾਉਣ ਦਾ ਐਲਾਣ ਕੀਤਾ ਗਿਆ ਸੀ। ਭਾਵੇਂ ਉਸ ਸਮੇਂ ਸਮੁੱਚੀ ਸਿੱਖ ਸੰਗਤ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਐਲਾਣ ਦਾ ਸਵਾਗਤ ਕੀਤਾ ਗਿਆ ਸੀ ਪਰ ਉਸਦੇ ਨਾਲ ਹੀ ਸ਼ਹਾਦਤ ਦਿਵਸ ਨੂੰ ਵੀਰ ਬਾਲ ਦਿਵਸ ਨਾਮ ਦੇ ਤੌਰ ਤੇ ਮਨਾਉਣ ਦਾ ਇਤਰਾਜ ਵੀ ਜਾਹਿਰ ਕੀਤਾ ਗਿਆ ਸੀ। ਸਮੁੱਚੀ ਸਿੱਖ ਸੰਗਤ ਇਸ ਨਾਮ ਦੀ ਥਾਂ ਤੇ ਸਮੁੱਚੀ ਕੌਮ ਦੀਆਂ ਭਾਵਨਾਵਾਂ ਦੇ ਅਨੁਸਾਰ ਹੋਰ ਢੁਕਵਾਂ ਅਤੇ ਸਤਿਕਾਰਯੋਗ ਨਾਮ ਦਿਤਾ ਜਾਵੇ ਕਉਂਕਿ ਸਾਹਿਬਜਾਦਿਆਂ ਦੀ ਸ਼ਹਾਦਤ ਕੋਈ ਮਾਮੂਲੀ ਸ਼ਹਾਦਤ ਨਹੀਂ ਸੀ ਅਤੇ ਨਾ ਹੀ ਉਹ ਕੋਈ ਆਮ ਬੱਚੇ ਸਨ। ਇਸ ਲਈ ਸਿੱਖ ਕੌਮ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਇਸ ਨਾਮ ਨੂੰ ਵਿਚਾਰਿਆ ਜਾਣਾ ਚਾਹੀਦਾ ਹੈ। ਸਾਹਿਬਜ਼ਾਦਿਆਂ ਨੇ ਅਦੱੁਤੀ ਸ਼ਹਾਦਤ ਨਾਲੇ ਜੋ ਮਿਸਾਲ ਕਾਇਮ ਕੀਤੀ ਹੈ, ਉਹ ਹੋਰ ਕਿਧਰੇ ਨਹੀਂ ਮਿਲਦੀ। ਅਜਿਹੇ ਜੋਧਿਆਂ ਨੂੰ ਨਾ ਸਿਰਫ਼ ਸਿੱਖ ਕੌਮ ਵਲੋਂ ਹੀ ਨਹੀਂ ਬਲਕਿ ਸਮੁੱਚੀ ਦੁਨੀਆ ਵਿੱਚ ਯਾਦ ਕੀਤਾ ਜਾਣਾ ਚਾਹੀਦਾ ਹੈ। ਜਿਸ ਲਈ ਭਾਰਤ ਭਰ ਵਿੱਚ 26 ਦਸੰਬਰ ਨੂੰ ਸ਼ਹਾਦਤ ਨੂੰ ਨਮਨ ਕਰਨ ਲਈ ਵੱਡੇ ਪੱਧਰ ਤੇ ਹਰ ਸਾਲ ਪ੍ਰੋਗ੍ਰਾਮ ਉਲੀਕੇ ਜਾਣ ਅਤੇ ਸਾਹਿਬ ਜਾਦਿਆਂ ਦੀ ਜੀਵਨੀ ਨੂੰ ਦੇਸ਼ ਭਰ ਵਿਚ ਸਾਰੇ ਸੂਬਿਆਂ ਅੰਦਰ ਸਾਰੀਆਂ ਭਾਸ਼ਾਵਾਂ ਵਿੱਚ ਸਕੂਲੀ ਸਿਲੇਬਸ ਵਿੱਚ ਸ਼ਾਮਲ ਕੀਤਾ ਜਾਵੇ ਤਾਂ ਜੋ ਸਾਹਿਬਜਾਦਿਆਂ ਵਲੋਂ ਉਸ ਸਮੇਂ ਦੇ ਜ਼ਾਲਮ ਰਾਜ ਮੁਗਲ ਰਾਜ ਦੇ ਜੁਲਮ ਅੱਗੇ ਸਿਰ ਨਹੀਂ ਝੁਕਾਇਆ ਅਤੇ ਮੁਗਲ ਰਾਜ ਦੇ ਹਾਕਮਾਂ ਵਲੋਂ ਦਿਤੇ ਗਏ ਹਰ ਪ੍ਰਕਾਰ ਦੇ ਲਾਲਤ ਅਤੇ ਡਰਾਵੇ ਨੂੰ ਠੋਕਰ ਮਾਰਕੇ ਜਿਉਂਦੇ ਜੀਅ ਨੀਹਾਂ ਵਿਚ ਚਿਣਵਾਇਆ ਜਾਣਾ ਪਸੰਦ ਕੀਤਾ ਸੀ। ਛੋਟੀ ਉਮਰ ਵਿਚ ਜੁਲਮ ਅੱਗੇ ਨਾ ਝੁਕਣ ਦਾ ਅਤੇ ਜ਼ੁਲਮ ਦਾ ਡਟ ਤੇ ਮੁਕਾਬਲਾ ਕਰਨ ਦੀ ਅਨੋਖੀ ਮਿਸਾਲ ਪੈਦਾ ਕੀਤੀ ਸੀ। ਸਾਲ 2021 ਵਿੱਚ ਮੋਦੀ ਸਰਕਾਰ ਨੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਵੀਰ ਬਾਲ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਸੀ। ਉਸ ਸਮੇਂ ਤੋਂ ਹੀ ਸਮੁੱਚੀ ਸਿੱਖ ਕੌਮ ਕੇਂਦਰ ਸਰਕਾਰ ਨੂੰ ਇਹ ਨਮਾਮ ਬਦਲਣ ਲਈ ਬੇਨਤੀ ਕਰ ਰਹੀ ਹੈ ਪਰ ਅੱਜ ਤੱਕ ਇਸ ਵਿਸ਼ੇ ਤੇ ਮੋਦੀ ਸਰਕਾਰ ਵਲੋਂ ਕੋਈ ਵੀ ਜਵਾਬ ਨਹੀਂ ਦਿਤਾ ਗਿਆ। ਹਾਲ ਹੀ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਤੋਂ ਸੰਸਦ ਹਰਸਿਮਰਤ ਕੌਰ ਬਾਦਲ ਨੇ ਬਕਾਇਦਾ ਸੰਸਦ ਵਿਚ ਵੀ ਇਸ ਮੁੱਦੇ ਨੂੰ ਉਠਾਇਆ ਸੀ ਅਤੇ ਮੋਦੀ ਸਰਕਾਰ ਨੂੰ ਸਾਹਿਬਜਾਦਿਆਂ ਦੇ ਸ਼ਹਾਦਤ ਦਿਵਸ ਨੂੰ ਵੀਰ ਬਾਲ ਦਿਵਸ ਦੇ ਤੌਰਕ ਤੇ ਨਹੀਂ ਬਲਕਿ ਸਮੁੱਚੀ ਸਿੱਖ ਕੌਮ ਦੀਆਂ ਭਾਵਨਾਵਾਂ ਅਨੁਸਾਰ ਢੁਕਵਾਂ ਨਾਮ ਦੇ ਕੇ ਦੇਸ਼ ਭਰ ਵਿਚ ਮਨਾਉਣ ਲਈ ਬੇਨਤੀ ਕੀਤੀ। ਇਹ ਦਿਨ ਗੁਰੂ ਪਰਿਵਾਰ ਦੀ ਸ਼ਹੀਦੀ ਦੇ ਦਿਨ ਹਨ ਅਤੇ ਇਹ ਦਿਨ ਸਮੱੁਚੀ ਸਿੱਖ ਕੌਮ ਭਾਵੇਂ ਉਹ ਪੰਜਾਬ ਹੋਵੇ ਜਾਂ ਦੁਨੀਆਂ ਦਾ ਕੋਈ ਵੀ ਕੋਨਾ ਹੋਵੇ ਜਿਥੇ ਸਿੱਖ ਵਸਦੇ ਹਨ, ਉਨ੍ਹਾਂ ਲਈ ਬੜੇ ਮਹਤੱਵਪੂਰਨ ਦਿਨ ਹੁੰਦੇ ਹਨ। ਹੁਣ 26 ਦਸੰਬਰ ਨੂੰ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਆ ਰਿਹਾ ਹੈ। ਇਸ ਦਿਨ ਨਾਲ ਸਮੁੱਚੀ ਸਿੱਖ ਕੌਮ ਦੀਆਂ ਭਾਵਨਾਵਾਂ ਧੁਰ ਅੰਦਰ ਤੋਂ ਜੁੜੀਆਂ ਹੋਈਆਂ ਹਨ। ਇਸ ਲਈ ਉਨ੍ਹਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਇਸ ਦਿਨ ਤੋਂ ਪਹਿਲਾਂ ਪਹਿਲਾਂ ਭਾਰਤ ਦੀ ਮੋਦੀ ਸਰਕਾਰ ਇਸ ਦਿਨ ਦਾ ਨਾਂ ਸਿੱਖ ਕੌਮ ਦੀਆ ਭਾਵਨਾਵਾਂ ਅਨੁਸਾਰ ਰੱਖਣ ਦਾ ਐਲਾਣ ਕਰਕੇ ਉਸਨੂੰ ਸਮੁੱਚੇ ਦੇਸ਼ ਅੰਦਰ ਪੂਰੀ ਸ਼ਰਧਾ ਨਾਲ ਵੱਡੇ ਪੱਧਰ ਤੇ ਮਨਾਇਆ ਜਾਵੇ।
ਹਰਵਿੰਦਰ ਸਿੰਘ ਸੱਗੂ।