ਮੋਗਾ, 20 ਦਸੰਬਰ: ( ਕੁਲਵਿੰਦਰ ਸਿੰਘ) -ਕੇਵੱਲਿਆ ਐਜੂਕੇਸ਼ਨ ਫਾਊਂਡੇਸ਼ਨ ਦੇ ਗਾਂਧੀ ਫੈਲੋ ਜੋ ਨੀਤੀ ਆਯੋਗ ਦੁਆਰਾ ਚੁਣੇ ਗਏ ਐਸਪੀਰੇਸ਼ਨਲ ਜ਼ਿਲ੍ਹੇ ਮੋਗੇ ਵਿੱਚ ਕੰਮ ਕਰ ਰਹੇ ਹਨ। ਇਹ ਗਾਂਧੀ ਫੈਲੋ ਕਮਿਊਨਿਟੀ ਈਮਰਜ਼ਨ ਦੇ ਦੌਰਾਨ ਪਿੰਡਾਂ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹਨ। ਲੋਕਾਂ ਵਿੱਚ ਰਹਿ ਕੇ ਉਨ੍ਹਾਂ ਦੇ ਰਹਿਣ ਸਹਿਣ ਦੇ ਤਰੀਕਿਆਂ ਨੂੰ ਜਾਣ ਕੇ, ਪਿੰਡਾਂ ਦੇ ਬਜੁਰਗਾਂ, ਨੌਜਵਾਨਾਂ, ਮਹਿਲਾਵਾਂ ਅਤੇ ਪੰਚਾਇਤੀ ਨੁਮਾਇੰਦਿਆਂ ਨਾਲ ਰਾਬਤਾ ਕਾਇਮ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਕਰ ਰਹੇ ਹਨ। ਅਜਿਹੀਆਂ ਗਤੀਵਿਧੀਆਂ ਨਾਲ ਪਿੰਡਾਂ ਦੀਆਂ ਸਮਾਜਿਕ, ਆਰਥਿਕ ਅਤੇ ਭੂਗੋਲਿਕ ਸਥਿਤੀਆਂ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਸਾਰੀ ਜਾਣਕਾਰੀ ਇਕੱਠੀ ਕੀਤੀ ਜਾ ਸਕੇਗੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿਰਾਮਿਲ ਫਾਊਂਡੇਸ਼ਨ ਦੇ ਜ਼ਿਲ੍ਹਾ ਲੀਡ ਸ੍ਰੀ ਅਨੁਜ਼ ਧੁਲ ਨੇ ਦੱਸਿਆ ਕਿ ਇਹ ਫੈਲੋ ਪਿੰਡਾਂ ਦੇ ਸਰਕਾਰੀ ਸਕੂਲ, ਸਿਹਤ ਕੇਂਦਰ ਅਤੇ ਆਂਗਣਵਾੜੀ ਵਿੱਚ ਆਪਣਾ ਸਹਿਯੋਗ ਦੇ ਰਹੇ ਹਨ। ਗਾਂਧੀ ਫੈਲੋ ਨੇਹਾ ਚੌਧਰੀ ਕੁੱਸਾ ਪਿੰਡ ਵਿੱਚ ਪਸ਼ੂ ਪਾਲਣ ਦੇ ਧੰਦੇ ਨੂੰ ਪ੍ਰਫੁੱਲਿਤ ਕਰਨ ਲਈ ਮੁਰਗੀ ਪਾਲਣ ਦੇ ਧੰਦੇ ਉੱਪਰ ਕੰਮ ਕਰ ਰਹੀ ਹੈ। ਗਾਂਧੀ ਫੈਲੋ ਪ੍ਰਗਿਆ ਗੁਪਤਾ ਜਲਾਲਾਬਾਦ ਪੂਰਬੀ ਪਿੰਡ ਵਿੱਚ ਸਵੈ ਸਹਾਇਤਾ ਗਰੁੱਪਾਂ ਨੂੰ ਸਰਗਰਮ ਕਰਨ ਦੇ ਨਾਲ ਨਾਲ ਭੱਠਾ ਮਾਲਕਾਂ ਦੇ ਬੱਚਿਆਂ ਦੀ ਪੜ੍ਹਾਈ ਉੱਪਰ ਕੰਮ ਕਰ ਰਹੀ ਹੈ। ਗਾਂਧੀ ਫੈਲੋ ਗੌਰੀ ਸ਼ੰਕਰ ਪਿੰਡਾਂ ਭਿੰਡਰ ਕਲਾਂ ਦੀ ਸਕੂਲ ਸਿੱਖਿਆ ਨੂੰ ਬਿਹਤਰ ਅਤੇ ਦਿਲਚਸਪ ਬਣਾਉਣ ਲਈ ਕੰਮ ਕਰ ਰਹੀ ਹੈ। ਗਾਂਧੀ ਫੈਲੋ ਦੁਰਗੇਸ਼ ਰਾਏ ਪਿੰਡ ਘੱਲ ਕਲਾਂ ਵਿੱਚ ਸਿੱਖਿਆ ਅਤੇ ਸਿਹਤ ਦੇ ਸੁਧਾਰ ਲਈ ਕੰਮ ਕਰ ਰਹੇ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਸਮੂਹ ਗਾਂਧੀ ਫੈਲੋ ਬੱਚਿਆਂ ਦੀ ਬੁਨਿਆਦ ਨੂੰ ਮਜ਼ਬੂਤ ਬਣਾਉਣ ਲਈ ਸਕੂਲ ਅਤੇ ਸਮਾਜ ਵਿੱਚ ਆਪਣਾ ਯੋਗਦਾਨ ਦੇ ਰਹੇ ਹਨ, ਜਿਸ ਵਿੱਚ ਮੁਹੱਲਾ ਕਲਾਸਾਂ, ਬਾਲਾ, ਅਨੀਮੀਆ ਮੁਕਤ ਮੋਗਾ ਅਭਿਆਨ ਤਹਿਤ ਸਕੂਲਾਂ ਵਿੱਚ ਜਾਗਰੂਕਤਾ ਅਤੇ ਬਾਲ ਸਭਾ ਵਰਗੀਆਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਪਿੰਡ ਵਾਸੀ ਅਤੇ ਸਰਪੰਚ ਗਾਂਧੀ ਫੈਲੋਜ਼ ਦੀਆਂ ਗਤੀਵਿਧੀਆਂ ਦੀ ਸ਼ਲਾਘਾ ਕਰ ਰਹੇ ਹਨ। ਪਿਰਾਮਿਲ ਫਾਊਂਡੇਸ਼ਨ ਪਿਛਲੇ ਡੇਢ ਸਾਲ ਤੋਂ ਐਸਪੀਰੇਸ਼ਨਲ ਜ਼ਿਲ੍ਹੇ ਮੋਗੇ ਦੇ ਵਿਕਾਸ ਲਈ ਕੀਤੇ ਜਾ ਰਹੀਆਂ ਵੱਖ ਵੱਖ ਗਤੀਵਿਧੀਆਂ ਅਤੇ ਪ੍ਰੋਗਰਾਮਾਂ ਵਿੱਚ ਮੁੱਖ ਭੂਮਿਕਾ ਨਿਭਾਅ ਰਹੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਗਤੀਵਿਧੀਆਂ ਨਾਲ ਜ਼ਿਲ੍ਹੇ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਹਰ ਸੰਭਵ ਉਪਰਾਲੇ ਜੰਗੀ ਪੱਧਰ ਉੱਪਰ ਜਾਰੀ ਹਨ।
