ਜਗਰਾਉਂ, 22 ਦਸੰਬਰ ( ਰਾਜਨ ਜੈਨ, ਅਸ਼ਵਨੀ)-ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਸਕੂਲ ਵਿਚ ਫੈਂਨਸੀ ਡਰੈੱਸ ਮੁਕਾਬਲੇ ਕਰਵਾਏ। ਜਿਸ ਵਿਚ ਬੱਚਿਆਂ ਵੱਲੋਂ ਗੁਰੂ ਸਾਹਿਬ ਦੇ ਬੱਚਿਆਂ ਦੇ ਪਹਿਰਾਵੇ ਵਾਂਗ ਬਣ ਕੇ ਆਏ ਅਤੇ ਜਿੰਨ੍ਹਾਂ ਵਿਚ ਉਹਨਾਂ ਦੇ ਚੋਲੇ ਆਦਿ ਪਾ ਕੇ ਜੀਵਨ ਝਾਤ ਪਵਾਈ। ਪਹਿਲੀ, ਦੂਜੀ ਅਤੇ ਤੀਸਰੀ ਜਮਾਤ ਦੇ ਇਹਨਾਂ ਵਿਦਿਆਰਥੀਆਂ ਵੱਲੋਂ ਚੱਲ ਰਹੇ ਦਿਨਾਂ ਦੀ ਮਹੱਤਤਾ ਨੁੰ ਹੂ-ਬ-ਹੂ ਨਿਭਾਇਆ। ਇਸ ਮੌਕੇ ਬੱਚਿਆਂ ਨੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਕਵਿਤਾਵਾਂ ਵੀ ਬੋਲੀਆਂ। ਇਸ ਮੁਕਾਬਲੇ ਵਿਚੋਂ ਮਹਿਕਦੀਪ ਕੌਰ (ਜਮਾਤ-ਤੀਸਰੀ) ਪਹਿਲੇ, ਐਬਰ ਕੌਰ (ਜਮਾਤ-ਪਹਿਲੀ) ਦੂਸਰੇ, ਇਸ਼ਾਨ ਸਿੰਘ (ਜਮਾਤ-ਤੀਸਰੀ) ਅਤੇ ਗੁਰਲੀਨ ਕੌਰ (ਜਮਾਤ-ਪਹਿਲੀ) ਤੀਸਰੇ ਸਥਾਨ ਤੇ ਰਹੇ। ਦਿਵਲੀਨ ਕੌਰ (ਜਮਾਤ-ਦੂਜੀ) ਨੂੰ ਕੌਨਸੋਲੇਸ਼ਨ ਇਨਾਮ ਦਿੱਤਾ ਗਿਆ। ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਸ਼ਹੀਦੀ ਦਿਹਾੜਿਆਂ ਨੂੰ ਪ੍ਰਣਾਮ ਕਰਦੇ ਹੋਏ ਕਿਹਾ ਕਿ ਗੁਰੂ ਜੀ ਦੇ ਲਾਲ ਐਨੀ ਛੋਟੀ ਉਮਰੇ ਆਪਣੀਆਂ ਕੁਰਬਾਨੀਆਂ ਦੇ ਕੇ ਆਪਣਾ ਜੀਵਨ ਕੌਮ ਦੇ ਲੇਖੇ ਲਾ ਗਏ। ਆਉਣ ਵਾਲੀਆਂ ਪੀੜ੍ਹੀਆਂ ਲਈ ਇਹ ਸ਼ਹੀਦੀਆਂ ਮਿਸਾਲ ਬਣ ਕੇ ਸਾਹਮਣੇ ਆਈਆਂ। ਅੱਜ ਚੋਲਿਆਂ ਵਿਚ ਸਜ ਕੇ ਆਏ ਇਹਨਾਂ ਵਿਦਿਆਰਥੀਆਂ ਨੇ ਸਾਹਿਬਜ਼ਾਦਿਆਂ ਨੂੰ ਜਿਵੇਂ ਬਹੁਤ ਨੇੜਿਓ ਤੱਕ ਲਿਆ ਵਰਗਾ ਮਹਿਸੂਸ ਹੋਇਆ। ਵਿਦਿਆਰਥੀਆਂ ਦੇ ਜੀਵਨ ਨੂੰ ਇਤਿਹਾਸ ਤੋਂ ਜਾਣੂੰ ਕਰਵਾਉਣਾ ਸਾਡਾ ਫਰਜ਼ ਹੈ। ਇਸ ਲਈ ਅਸੀਂ ਸਮੇਂ-ਸਮੇਂ ਦੌਰਾਨ ਬੱਚਿਆਂ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ। ਇਸ ਮੌਕੇ ਮੈਨੇਜ਼ਮੈਂਟ ਵਿਚ ਅਜਮੇਰ ਸਿੰਘ ਰੱਤੀਆਂ ਅਤੇ ਸਤਵੀਰ ਸਿੰਘ ਸੇਖੋਂ ਨੇ ਵੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ ਕੀਤਾ।
