ਨਸ਼ਾ ਇਕ ਅਜਿਹਾ ਕੋਹੜ ਹੇ ਜਿਸਨੇ ਸਮੁੱਚੇ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ।,ਜੋ ਕਿ ਦੇਸ਼ ਦੇ ਕੁਝ ਰਾਜਾਂ ਵਿਚ ਘੱਟ ੈ ਅਤੇ ਕੁਝ ਰਾਜਾਂ ਵਿਚ ਬੇ-ਹੱਦ ਨਾਜੁਕ ਸਥਿਤੀ ਬਣੀ ਹੋਈ ਹੈ। ਜੋ ਸੂਬੇ ਦੇਸ਼ ਦੀਆਂ ਬਾਰਡਰ ਸਟੇਟਾਂ ਵਿਚ ਆਉਦੇ ਹਨ ਉਨ੍ਹਾਂ ਰਾਜਾਂ ਵਿਚ ਬਾਹਰੀ ਦੁਸ਼ਮਣ ਦੇਸ਼ਾਂ ਤੋਂ ਨਸ਼ਿਆਂ ਦੀ ਖੇਪ ਸਪਲਾਈ ਕਰਨ ਦੇ ਕਈ ਮਾਮਲੇ ਸਾਹਮਣੇ ਆਉਂਦੇ ਹਨ। ਜਿਸ ਦੇ ਸਬੰਧ ਵਿਚ ਅਸੀਂ ਨਸ਼ਿਆਂ ਦੀਆਂ ਖੇਪਾਂ ਨੂੰ ਫੜਨ ਤੋਂ ਇਲਾਵਾ ਕੁਝ ਨਹੀਂ ਕਰ ਸਕਦੇ। ਕੇਂਦਰ ਸਰਕਾਰ ਵਲੋਂ ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਨੂੰ ਸਰਹੱਦ ਦੇ 50 ਕਿਲੋਮੀਟਰ ਦੇ ਘੇਰੇ ਅੰਦਰ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਨ ਤੇ ਉਨ੍ਹਾਂ ਖਿਲਾਫ ਐਨਸੀਪੀ ਅਤੇ ਐਨਆਈਏ ਤਹਿਤ ਕੇਸ ਦਰਜ ਕਰਨ ਦੀ ਆਜ਼ਾਦੀ ਦੇ ਦਿੱਤੀ ਗਈ ਹੈ। ਇਸਤੋਂ ਪਹਿਲਾਂ ਬੀ ਐਸ ਐਫ ਨਸ਼ੇ ਨਾਲ ਫੜੇ ਗਏ ਸਮਗਲਰਾਂ ਨੂੰ ਸਥਾਨਕ.ਪੁਲਿਸ ਦੇ ਹਵਾਲੇ ਕਰਦੇ ਸਨ। ਹੁਣ ਫੜੇ ਜਾਣ ਵਾਲੇ ਸਮਗਲਰਾਂ ਖਿ੍ਰਲਾਫ ਮਾਮਲਾ ਦਰਜ ਕਰਨ ਦਾ ਅਧਿਕਾਰ ਦੇ ਕੇ ਸਰਹੱਦ ਪਾਰੋਂ ਆ ਰਹੀ ਨਸ਼ਿਆਂ ਦੀ ਸਪਲਾਈ ਨੂੰ ਕਿਸੇ ਹੱਦ ਤੱਕ ਰੋਕਿਆ ਜਾ ਸਕੇਗਾ। ਪਾਕਿਸਤਾਨ ਦੀ ਸਰਹੱਦੀ ਰੇਖਾ ਨਾਲ ਜੁੜਿਆ ਹੋਣ ਕਾਰਨ ਪੰਜਾਬ ਇਸ ਨਸ਼ਾ ਤਸਕਰੀ ਤੋਂ ਬਹੁਤ ਪ੍ਰਭਾਵਿਤ ਹੈ ਕਿਉਂਕਿ ਉਥੋਂ ਕਿਸੇ ਨਾ ਕਿਸੇ ਰੂਪ ਵਿਚ ਲਗਾਤਾਰ ਭਾਰਤ ਵਿਰੋਧੀ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਵਿਚ ਨਸ਼ਿਆਂ ਦੀ ਸਪਲਾਈ ਨੂੰ ਇਕ ਕਾਰਗਰ ਹਥਿਆਰ ਵਜੋਂ ਵਰਤਿਆ ਜਾਂਦਾ ਹੈ। ਜਿਸ ਕਾਰਨ ਪੰਜਾਬ ਦੇ ਹਰ ਗਲੀ ਮੁਹੱਲੇ ਤੋਂ ਨਸ਼ਿਆਂ ਦੀ ਸਪਲਾਈ ਦੇ ਮਾਮਲੇ ਲੰਬੇ ਸਮੇਂ ਤੋਂ ਅਕਸਰ ਸੁਣਨ ਨੂੰ ਮਿਲਦੇ ਹਨ। ਜਦੋਂ ਵੀ ਨਸ਼ਿਆਂ ਬਾਰੇ ਕੋਈ ਵੱਡਾ ਖੁਲਾਸਾ ਹੁੰਦਾ ਹੈ ਜਾਂ ਕੋਈ ਘਟਨਾ ਸਾਹਮਣੇ ਆਉਂਦੀ ਹੈ ਤਾਂ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਲੜਾਈ ਲਈ ਕਦਮ ਚੁੱਕੇ ਜਾਣ ਦੀਆਂ ਸਖਤ ਹਦਾਇਤਾਂ ਹੋਣ ਤੇ ਪੁਲਿਸ ਵੱਡੀ ਪੱਧਰ ਤੇ ਛਾਪੇਮਾਰੀ ਸ਼ੁਰੂ ਕਰ ਦਿੰਦੀ ਹੈ। ਜੇਕਰ ਹੁਣ ਤੱਕ ਪੁਲਿਸ ਰਿਕਾਰਡ ਦੇ ਇਨ੍ਹਾਂ ਛਾਪਿਆਂ ਦੀ ਪੜਤਾਲ ਕਰਵਾਈ ਜਾਵੇ ਤਾਂ ਅਜਿਹੇ ਛਾਪਿਆਂ ਦੌਰਾਨ ਕਦੇ ਵੀ ਕੋਈ ਵੱਡਾ ਤਸਕਰ ਪੁਲਿਸ ਦੀ ਗ੍ਰਿਫਤ ਵਿੱਚ ਨਹੀਂ ਆ ਸਕਿਆ। ਜਦੋਂ ਪੁਲਿਸ ਨੇ ਇਸ ਤਰ੍ਹਾਂ ਦੀ ਛਾਪੇਮਾਰੀ ਸ਼ੁਰੂ ਕੀਤੀ ਤਾਂ ਉਸ ਦੌਰਾਨ ਵੀ ਵੱਡੇ ਸਮਗਲਰ ਗਿਰਫਤਾਰ ਕਰਨ ਦੀ ਬਜਾਏ। ਜਿਹੜੇ ਮਾਮੂਲੀ ਨਸ਼ੇੜੀ ਖੁਦ ਨਸ਼ਾ ਕਰਦੇ ਹਨ ਅਤੇ ਆਪਣੇ ਉਸੇ ਹੀ ਨਸ਼ੇ ਵਿਚੋਂ ਅੱਗੇ ਥੋੜਾ ਵੇਚ ਕੇ ਅਗਲੀ ਡੋਜ ਲਈ ਜੁਗਾੜ ਕਰਦੇ ਹਨ ਅਤੇ ਅੱਗੇ ਨਸ਼ਾ ਥੋੜਾ ਹੋਰ ਵੇਚ ਕੇ ਆਪਣਾ ਸਮਾਂ ਲੰਘਾਉਂਦੇ ਹਨ। ਉਨ੍ਹਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 1 ਗ੍ਰਾਮ, 2 ਗ੍ਰਾਮ, 5 ਗ੍ਰਾਮ ਤੱਕ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ। ਸਰਕਾਰੀ ਜੇਲਾਂ ਵਧੇਰੇਤਰ ਅਜਿਹੇ ਹੀ ਨਸ਼ੇੜੀਆਂ ਨਾਲ ਭਰੀਆਂ ਹੋਈਆਂ ਹਨ। ਜਦੋਂ ਤੋਂ ਨਸ਼ਿਆਂ ਦਾ ਬੋਲਬਾਲਾ ਹੋਣਾ ਸ਼ੁਰੂ ਹੋਇਆ ਹੈ, ਉਦੋਂ ਤੋਂ ਹੀ ਇਕ ਦੋ ਮਾਮਲਿਆਂ ਨੂੰ ਛੱਡ ਕੇ ਕੋਈ ਵੀ ਵੱਡਾ ਤਸਕਰ ਅੱਜ ਤੱਕ ਪੁਲਿਸ ਦੇ ਹੱਥ ਨਹੀਂ ਆਇਆ। ਕੀ ਜ਼ਮੀਨੀ ਪੱਧਰ ਨਾਲ ਜੁੜੀ ਸੂਬਾ ਪੁਲਿਸ ਨੂੰ ਸੂਬੇ ਭਰ ਵਿਚ ਨਸ਼ਿਆਂ ਦੇ ਵੱਡੇ ਤਸਕਰਾਂ ਬਾਰੇ ਕੋਈ ਜਾਣਕਾਰੀ ਹੈ ? ਇਹ ਬਹੁਤ ਵੱਡਾ ਸਵਾਲ ਹੈ, ਜਿਸ ਦਾ ਹਰ ਕੋਈ ਸਾਦਾ ਜਿਹਾ ਜਵਾਬ ਦਿੰਦਾ ਹੈ ਕਿ ਪੁਲਿਸ ਚਾਹੇ ਤਾਂ ਨਸ਼ੇ ਦੀ ਇੱਕ ਗੋਲੀ ਵੀ ਨਹੀਂ ਵਿਕ ਸਕਦੀ। ਇਸ ਲਈ ਨਸ਼ੇ ਦੇ ਮਾਮਲੇ ਵਿਚ ਕਿਸੇ ਕਿਸਮ ਦੀ ਕੋਈ ਲਿਹਾਜ ਨਹੀਂ ਹੋਣੀ ਚਾਹੀਦੀ। ਜੇਕਰ ਦੇਸ਼ ਭਰ ਦੇ ਨੌਜਵਾਨਾਂ ਨੂੰ ਨਸ਼ੇ ਦੀ ਦਲ ਦਲ ਵਿਚੋਂ ਬਾਹਰ ਕੱਢਣਾ ਹੈ ਅਤੇ ਨਸ਼ੇ ਨੂੰ ਰੋਕਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਬਿਨ੍ਹਾਂ ਕਿਸੇ ਦਬਾਅ ਦੇ ਨਸ਼ੇ ਦੇ ਵੱਡੇ ਤਸਕਰਾਂ ਨੂੰ ਫੜ ਕੇ ਉਨ੍ਹਾਂ ਨੂੰ ਅੰਜਾਮ ਤੱਕ ਪਹੁੰਚਾਉਣਾ ਪਏਗਾ। ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਸਿਆਸੀ ਦਖਲਅੰਦਾਜ਼ੀ ਹੈ ਤਾਂ ਉਸਨੂੰ ਜਨਤਕ ਤੌਰ ਤੇ ਨੰਗਾ ਕੀਤਾ ਜਾਵੇ। ਨਸ਼ੇ ਦੇ ਕੋਹੜ ਦਾ ਇਲਾਜ ਕਰਨ ਲਈ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਦਾ ਤਾਲਮੇਲ ਬਹੁਤ ਜ਼ਰੂਰੀ ਹੈ। ਇੱਕ ਦੂਜੇ ਨੂੰ ਨੀਵਾਂ ਦਿਖਾਉਣ ਅਤੇ ਇੱਕ ਦੂਜੇ ਦੀ ਨਿੰਦਾ ਕਰਨ ਨਾਲ ਨਾ ਤਾਂ ਨਸ਼ਿਆਂ ਨੂੰ ਠੱਲ ਪਾਈ ਜਾ ਸਕਦੀ ਹੈ ਅਤੇ ਨਾ ਹੀ ਕਿਸੇ ਨਸ਼ਾ ਤਸਕਰ ਨੂੰ ਉਦੋਂ ਤੱਕ ਫੜਿਆ ਜਾ ਸਕਦਾ ਹੈ, ਜਦੋਂ ਤੱਕ ਨਸ਼ਿਆਂ ਦੇ ਖਿਲਾਫ ਸਾਂਝੇ ਤੌਰ ’ਤੇ ਇੱਕਜੁੱਟ ਹੋ ਕੇ ਲੜਿਆ ਨਹੀਂ ਜਾਵੇਗਾ ਅਤੇ ਵੱਡੇ ਸਮਗਲਰਾਂ ਖਿਲਾਫ ਬਿਨ੍ਹਾਂ ਕਿਸੇ ਸਿਫਾਰਸ਼ ਤੋਂ ਸਖਤ ਕਾਰਵਾਈ ਨਹੀਂ ਕੀਤੀ ਜਾਵੇਗੀ।
ਹਰਵਿੰਦਰ ਸਿੰਘ ਸੱਗੂ।