Home Punjab ਨਾਂ ਮੈਂ ਕੋਈ ਝੂਠ ਬੋਲਿਆ..?

ਨਾਂ ਮੈਂ ਕੋਈ ਝੂਠ ਬੋਲਿਆ..?

39
0


ਹੰਸਰਾਜ ਹੰਸ ਅਤੇ ਬਿੱਟੂ ਦੀ ਬੜ੍ਹਕ
ਇਸ ਵਾਰ ਹੋ ਰਹੀਆਂ ਲੋਕ ਸਭਾ ਚੋਣਾਂ ਵਿਚ ਕਈ ਥਾਵਾਂ ਤੇ ਕਾਫੀ ਦਿਲਚਸਪ ਸਤਿਤੀ ਦੇਖਣ ਨੂੰ ਮਿਲ ਰਹੀ ਹੈ। ਜਿਸ ਵਿਚ ਪੰਜਾਬ ਉਸ ਦਿਲਚਸਪੀ ਦਾ ਮੁੱਖ ਧੁਰਾ ਬਣਿਆ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਪੰਜਾਬ ਦੇ ਕਿਸਾਨਾਂ ਦੀ ਅਗਵਾਈ ਵਿਚ ਦੇਸ਼ ਭਰ ਦੇ ਕਿਸਾਨਾਂ ਵਲੋਂ ਕੇਂਦਰ ਦੀ ਮੋਦੀ ਸਰਕਾਰ ਵਲੋਂ ਲਿਆੰਦੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਇੱਕ ਸਾਲ ਤੋਂ ਵੱਧ ਸਮੇਂ ਤੱਕ ਦਿੱਲੀ ਦੇ ਬਾਰਡਰਾਂ ਤੇ ਸ਼ਾਂਤ ਮਈ ਢੰਦ ਨਾਲ ਸਫਲਤਾ ਪੂਰਵਕ ਅੰਦੋਲਨ ਕੀਤਾ ਗਿਆ। ਜਿਸ ਵਿੱਚ 700 ਦੇ ਕਰੀਬ ਕਿਸਾਨ ਆਪਣੀ ਜਾਨ ਗੁਵਾ ਗਏ। ਕੇਂਦਰ ਸਰਕਾਰ ਵੱਲੋਂ ਹਰ ਤਰ੍ਹਾਂ ਦੇ ਹੱਥਕੰਡੇ ਅਪਨਾਉਣ ਦੇ ਬਾਵਜੂਦ ਜਦੋਂ ਕਿਸਾਨ ਅੰਦੋਲਨ ਨੂੰ ਅਸਫਲ ਨਹੀਂ ਕੀਤਾ ਜਾ ਸਕਿਆ ਤਾਂ ਪ੍ਰਧਾਨ ਮੰਤਰੀ ਵੱਲੋਂ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ ਗਿਆ। ਉਸ ਸਮੇਂ ਪ੍ਰਧਾਨ ਮੰਤਰੀ ਨੇ ਕਿਸਾਨਾਂ ਨਾਲ ਕਈ ਵਾਅਦੇ ਕੀਤੇ ਸਨ ਜੋ ਬਾਅਦ ਵਿੱਚ ਪੂਰੇ ਨਹੀਂ ਹੋਏ ਅਤੇ ਫਿਰ ਕਿਸਾਨ ਅਤੇ ਕੇਂਦਰ ਆਹਮੋ-ਸਾਹਮਣੇ ਹੋ ਗਏ। ਜਦੋਂ ਕਿਸਾਨ ਵਿਰੋਧ ਕਰਨ ਲਈ ਫਿਰ ਤੋਂ ਦਿੱਲੀ ਵੱਲ ਕੂਚ ਕਰ ਰਹੇ ਸਨ ਤਾਂ ਹਰਿਆਣਾ ਦੀ ਭਾਜਪਾ ਦੀ ਖੱਟਰ ਵਲੋਂ ਪੰਜਾਬ ਹਰਿਆਣਾ ਦੇ ਬਾਰਡਰਾਂ ਨੂੰ ਭਾਰਤ ਪਾਕਿਸਤਾਨ ਦੇ ਬਾਰਡਰਾਂ ਤੋਂ ਵੀ ਵਧੇਰੇ ਸਖਤੀ ਨਾਲ ਸੀਲ ਕਰ ਦਿਤਾ ਗਿਆ। ਪੰਜਾਬ ਹਰਿਆਣਾ ਦੇ ਬਾਰਡਰਾਂ ਤੇ ਸੀਮਿੰਟ ਗੀਆਂ ਕੰਧਾਂ ਉਸਾਰਨ ਦੇ ਨਾਲ ਨਾਲ ਤਿੱਖੀਆਂ ਮੋਟੀਆਾਂ ਕਿੱਲਾਂ ਚਾਰੇ ਪਾਸੇ ਲਗਾ ਦਿਤੀਆਂ ਗਈਆਂ ਅਤੇ ਇਕ ਹੀ ਦੇਸ਼ ਦੇ ਵਸਨੀਕਾਂ ਨੂੰ ਦੂਸਰੇ ਸੂਬੇ ਵਿਚ ਜਾਣ ਦੀ ਮਨਾਹੀ ਕਰ ਦਿਤੀ ਗਈ। ਜਿਸ ਕਾਰਨ ਕਿਸਾਨਾਂ ਨੇ ਉੱਥੇ ਹੀ ਧਰਨਾ ਦਿੱਤਾ। ਜਿਸ ਤਰ੍ਹਾਂ ਭਾਜਪਾ ਨੇ ਕਿਸਾਨਾਂ ਨੂੰ ਹਰਿਆਣਾ ਦੀ ਸਰਹੱਦ ਤੋਂ ਅੱਗੇ ਨਹੀਂ ਜਾਣ ਦਿੱਤਾ ਹੁਣ ਲੋਕ ਸਭਾ ਚੋਣਾਂ ਵਿਚ ਕਿਸਾਨ ਭਾਜਪਾ ਦੇ ਉਮੀਦਵਾਰਾਂ ਨੂੰ ਪਿੰਡਾਂ ਵਿਚ ਨਹੀਂ ਵੜਣ ਦੇ ਰਹੇ। ਉਨਾਂ ਉਮੀਦਵਾਰਾਂ ਵਿਚੋਂ ਸਭ ਤੋਂ ਚਰਚਿਤ ਚੇਹਰਾ ਹੰਸ ਰਾਜ ਹੰਸ ਅਤੇ ਰਵਨੀਤ ਬਿੱਟੂ ਹਨ। ਵੈਸੇ ਤਾਂ ਪੰਜਾਬ ਵਿੱਚ ਭਾਜਪਾ ਦੇ ਸਾਰੇ ਉਮੀਦਵਾਰਾਂ ਦਾ ਪਿੰਡ ਪੱਧਰ ਤੱਕ ਵਿਰੋਧ ਕੀਤਾ ਜਾ ਰਿਹਾ ਹੈ ਪਰ ਹੰਸਰਾਜ ਹੰਸ ਜ਼ਿਆਦਾ ਚਰਚਾ ’ਚ ਹਨ ਅਤੇ ਉਨ੍ਹਾਂ ਦੇ ਵਿਰੋਧ ਦਾ ਵੀਡੀਓ ਹਰ ਰੋਜ਼ ਸੋਸ਼ਲ ਮੀਡੀਆ ’ਤੇ ਕਿਤੇ ਨਾ ਕਿਤੇ ਵਾਇਰਲ ਹੋ ਰਿਹਾ ਹੈ। ਕਿਧਰੇ ਉਹ ਖੁਦ ਆਪਣੇ ਵੀਡੀਓ ਜਵਾਬ ਵਿਚ ਵਾਇਰਲ ਕਰਕੇ ਚਰਚਾ ਵਿਚ ਆ ਰਹੇ ਹਨ। ਹਾਲ ਹੀ ਵਿਚ ਹੰਸਰਾਜ ਹੰਸ ਦਾ ਇਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ’ਚ ਉਹ ਕਿਸਾਨਾਂ ’ਤੇ ਗਰਜਦੇ ਨਜ਼ਰ ਆ ਰਹੇ ਹਨ। ਇਕ ਜਨਸਭਾ ਵਿਚ ਪਾਰਟੀ ਵਰਕਰਾਂ ਨਾਲ ਗੱਲਬਾਤ ਕਰਦੇ ਹੋਏ ਉਹ ਕਹਿ ਰਹੇ ਹਨ ਹੁਣ ਪਰਲੋ ਆਉਣ ਵਾਲੀ ਹੈ। ਹੇਠਲੀ ਉੱਪਰ ਅਤੇ ਉੱਪਰਲੀ ਹੇਠਾਂ ਹੋ ਜਾਵੇਗੀ। ਤੁਸੀਂ ਇਕ ਜੂਨ ਨੂੰ ਉਨ੍ਹਾਂ ਨੂੰ ਵੋਟਾਂ ਪਾਓ ਅਤੇ ਦੋ ਤਾਰੀਖਾਂ ਤੋਂ ਬਾਅਦ, ਉਹ ਦੇਖਣਗੇ ਕਿ ਕਿਹੜਾ ਉੁਹਨਾਂ ਦੇ ਖਿਲਾਫ ਖੜ੍ਹਾ ਹੁੰਦਾ ਹੈ ਅਤੇ ਕੌਣ ਉਨ੍ਹਾਂ ਦੇ ਖਿਲਾਫ ਬੋਲਦਾ ਹੈ। ਉਹ ਆਪਣੇ ਇਕ ਸਾਥੀ ਨੂੰ ਕਹਿ ਰਹੇ ਹਨ ਕਿ ਵਿਰੋਧ ਕਰਨ ਵਾਲਿਆਂ ਦੇ ਨਾਮ ਪਤੇ ਨੋਟ ਕਰ ਲਓ ਫਿਰ ਦੋ ਤਾਰੀਖ ਤੋਂ ਬਾਅਦ ਉਹ ਤੁਹਾਡੇ ਅੱਗੇ ਨੱਕ ਰਗੜਦੇ ਨਜ਼ਰ ਆਉਣਗੇ। ਹੰਸ ਰਾਜ ਹੰਸ ਦੀ ਬੋਲੀ ਜਰੂਰ ਨਰਮ ਹੈ ਪਰ ਐਕਸ਼ਨ ਉਹ ਸਖਤ ਹੀ ਲੈਂਦੇ ਹਨ। ਇਸੇ ਤਰ੍ਹਾਂ ਲੁਧਿਆਣਾ ਲੋਕ ਸਭਾ ਹਲਕੇ ਤੋਂ ਰਵਨੀਤ ਬਿੱਟੂ ਦਾ ਇਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹ ਪੰਜਾਬ ਦੇ ਕਿਸਾਨਾਂ ਨੂੰ ਚੁਣੌਤੀ ਦੇ ਰਿਹਾ ਹੈ ਅਤੇ ਕਹਿ ਰਿਹਾ ਹੈ ਕਿ ਕਿਸੇ ਵਿਚ ਇੰਨੀ ਹਿੰਮਤ ਨਹੀਂ ਹੈ ਕਿ ਬਿੱਟੂ ਦਾ ਰਾਹ ਰੋਕ ਸਕੇ। ਹੁਣ ਜਦੋਂ ਬਿੱਟੂ ਕਾਂਗਰਸ ਵਿਚ ਸਨ ਤਾਂ ਉਨ੍ਹਾਂ ਨੂੰ ਕੇਂਦਰ ਸਰਕਾਰ ਕਿਸਾਨਾਂ ਨਾਲ ਵੱਡਾ ਧੱਕਾ ਕਰ ਰਹੀ ਨਜ਼ਰ ਆਉਂਦੀ ਸੀ ਅਤੇ ਉਹ ਕਿਸਾਨਾਂ ਦੇ ਹੱਕ ਵਿਚ ਬੋਲਦੇ ਵੀ ਰਹੇ ਪਰ ਜਿਉਂ ਹੀ ਉਹ ਭਾਜਪਾ ਵਿਚ ਸ਼ਾਮਲ ਹੋਏ ਤਾਂ ਉਨ੍ਹਾਂ ਨੂੰ ਕੇਂਦਰ ਦੀ ਮੋਦੀ ਸਰਕਾਰ ਦੀਆਂ ਸਾਰੀਆਂ ਨੀਤੀਆਂ ਇਕਦਮ ਪਸੰਦ ਆ ਗਈਆਂ ਅਤੇ ਕਿਸਾਨ ਗਲਤ ਨਜ਼ਰ ਆਉਣ ਲੱਗੇ। ਜਦੋਂ ਹਰਿਆਣਾ ਵਿਚ ਸਰਹੱਦ ’ਤੇ ਕਿਸਾਨਾਂ ’ਤੇ ਮੁਕੰਮਲ ਪਾਬੰਦੀ ਲਗਾਈ ਗਈ ਸੀ ਤਾਂ ਉਸ ਸਮੇਂ ਹੰਸਰਾਜ ਹੰਸ ਕੁਝ ਨਹੀਂ ਬੋਲੇ। ਉਨ੍ਹਾਂ ਇਸ ਗੱਲ ਦੀ ਵੀ ਉਮੀਦ ਨਹੀਂ ਸੀ ਕਿ ਭਾਜਪਾ ਇਸ ਵਾਰ ਉਨਾਂ ਨੂੰ ਫਿਰ ਟਿਕਟ ਦੇ ਦੇਵੇਗੀ ਕਿਉਂਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਦੀ ਇਕ ਵੀਡੀਓ ਵੀ ਵਾਇਰਲ ਹੋਈ ਸੀ, ਜਿਸ ਵਿਚ ਉਹ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਸਨ ਕਿ ਉਹ ਛੱਕਾ ਮਾਰਨਾ ਚਾਹੁੰਦੇ ਸਨ, ਉਹ ਉਨ੍ਹਾਂ ਨੇ ਐਮ ਪੀ ਬਣ ਕੇ ਮਾਰ ਲਿਆ ਹੈ। ਹੁਣ ਨਾਂ ਉਨ੍ਹਾਂ ਨੇ ਪੰਜਾਬ ਵਾਲਿਆਂ ਤੋਂ ਕੁਝ ਲੈਣਾ ਹੈ ਅਤੇ ਨਾਂ ਦਿੱਲੀ ਵਾਲਿਆਂ ਤੋਂ , ਨਾਂ ਉਨ੍ਹਾਂ ਪੰਜਾਬ ਵਿਚ ਵੋਟ ਮੰਗਣੀ ਹੈ ਅਤੇ ਨਾ ਦਿੱਲੀ ਵਿਚ। ਪਰ ਭਾਜਪਾ ਨੇ ਉਨਾਂ ਨੂੰ ਪੰਜਾਬ ਵਿਚ ਟਿਕਟ ਦੇ ਦਿੱਤੀ ਹੈ। ਹੁਣ ਕਿਸਾਨਾਂ ਦਾ ਰੋਸ ਜਾਇਜ਼ ਹੈ ਕਿਉਂਕਿ ਭਾਜਪਾ ਸਰਕਾਰ ਨੇ ਜਿਸ ਤਰ੍ਹਾਂ ਦੇਸ਼ ਵਿਚ ਇਕ ਸੂਬੇ ਤੋਂ ਦੂਜੇ ਸੂਬੇ ਵਿਚ ਜਾਣ ਵਿਚ ਅਜਿਹੀਆਂ ਸਖ਼ਤ ਪਾਬੰਦੀਆਂ ਅਤੇ ਰੁਕਾਵਟਾਂ ਖੜ੍ਹੀਆਂ ਕੀਤੀਆਂ ਹਨ। ਕਿਸਾਨ ਜੇਕਰ ਉਸ ਪਾਬੰਦੀ ਦਾ ਹਿਸਾਬ ਭਾਜਪਾ ਤੋਂ ਮੰਗ ਰਹੇ ਹਨ ਤਾਂ ਬਿੱਟੂ ਅਤੇ ਹੰਸ ਰਾਜ ਹੰਸ ਕਿਸਾਨਾਂ ਤੇ ਹੀ ਨਿਸ਼ਾਨਾ ਸਾਧ ਰਹੇ ਹਨ। ਇਹ ਵਿਰੋਧ ਜੋ ਪੰਜਾਬ ਭਰ ਵਿਚ ਕਿਸਾਨ ਕਰ ਰਹੇ ਹਨ ਉਹ ਹੰਸ ਰਾਜ ਹੰਸ ਅਤੇ ਬਿੱਟੂ ਜਾਂ ਹੋਰ ਉਮੀਦਵਾਰਾਂ ਦਾ ਨਿੱਜੀ ਵਿਰੋਧ ਨਹੀਂ ਬਲਕਿ ਭਾਜਪਾ ਦਾ ਵਿਰੋਧ ਹੈ। ਭਾਜਪਾ ਉਮੀਦਵਾਰਾਂ ਤੋਂ ਜਵਾਬ ਮੰਗਣਾਂ ਉਨ੍ਹੰ ਦਾ ਅਧਿਕਾਰ ਹੈ। ਹੰਸਰਾਜ ਹੰਸ ਦਾ ਇਹ ਕਹਿਣਾ ਹੈ ਕਿ ਉਹ 2 ਜੂਨ ਤੋਂ ਬਾਅਦ ਉਨ੍ਹਾਂ ਦਾ ਵਿਰੋਧ ਕਰ ਰਹੇ ਲੋਕਾਂ ਨੂੰ ਦੇਖਣਗੇ ਤਾਂ ਇਸ ਬਿਆਨ ਨੂੰ ਸਿਰਫ ਇੱਕ ਗਿੱਦੜ ਭਬਕੀ ਤੋਂ ਵੱਧ ਕੁਝ ਨਹੀਂ ਮੰਨਿਆ ਜਾ ਸਕਦਾ। ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਭਾਜਪਾ ਨੇ ਕਿਸਾਨਾਂ ਨਾਲ ਬਹੁਤ ਬੇਇਨਸਾਫੀ ਕੀਤੀ ਹੈ, ਇਸ ਲਈ ਉਨ੍ਹਾਂ ਦਾ ਗੁੱਸਾ ਜਾਇਜ਼ ਹੈ। ਜਿਵੇਂ ਪੰਜਾਬ ਭਰ ਦੇ ਹੋਰ ਭਾਜਪਾ ਉਮੀਦਵਾਰ ਘੀਰਜ ਰੱਖ ਕੇ ਵੋਟ ਮੰਗ ਰਹੇ ਹਨ ਠੀਕ ਉਸੇ ਤਰ੍ਹਾਂ ਹੀ ਬਿੱਟੂ ਅਤੇ ਹੰਸਰਾਜ ਹੰਸ ਨੂੰ ਵੀ ਸੰਜਮ ਤੋਂ ਕੰਮ ਲੈਣਾ ਚਾਹੀਦਾ ਹੈ। ਜੋ ਉਨ੍ਹਾਂ ਦੀ ਪਾਰਟੀ ਦਾ ਵੋਟ ਬੈਂਕ ਹੈ, ਉਹ ਤਾਂ ਤੁਹਾਨੂੰ ਪੈ ਹੀ ਜਾਏਗੀ। ਜੇਕਰ ਹੋਰ ਵੋਟ ਵੀ ਤੁਸੀਂ ਹਾਸਿਲ ਕਰਨੀ ਚਾਹੁੰਦੇ ਹੋ ਤਾਂ ਭੜਕਾਊ ਬਿਆਨਬਾਜ਼ੀ ਕਰਨ ਦੀ ਬਜਾਏ ਹੋਰ ਉਮੀਦਵਾਰਾਂ ਵਾਂਗ ਵੋਟ ਮੰਗਣ ਦੀ ਕੋਸ਼ਿਸ਼ ਕਰੋ। ਕਿਸੇ ਵੀ ਤਰ੍ਹਾਂ ਦਾ ਟਕਰਾਅ ਦੋਵਾਂ ਧਿਰਾਂ ਲਈ ਚੰਗਾ ਨਹੀਂ ਹੈ।
ਹਰਵਿੰਦਰ ਸਿੰਘ ਸੱਗੂ।

LEAVE A REPLY

Please enter your comment!
Please enter your name here