ਭਵਾਨੀਗੜ੍ਹ,18 ਮਈ (ਭਗਵਾਨ ਭੰਗੂ) : ਸ਼ਹਿਰ ‘ਚ ਬੀਤੀ ਰਾਤ 26 ਸਾਲਾ ਇਕ ਨੌਜਵਾਨ ਦੀ ਲੋਹੇ ਦੀ ਰਾਡ ਮਾਰ ਕੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਮਾਮਲਾ ਪੈਸਿਆਂ ਦੇ ਲੈਣ-ਦੇਣ ਦਾ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਮੌਕੇ ‘ਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।ਕਤਲ ਦੀ ਵਾਪਰੀ ਘਟਨਾ ਸਬੰਧੀ ਮ੍ਰਿਤਕ ਨੌਜਵਾਨ ਦੇ ਭਰਾ ਨਿਰਮਲ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਗੁਰੂ ਨਾਨਕ ਨਗਰ ਨੇ ਦੱਸਿਆ ਕਿ ਉਹ ਤਿੰਨ ਭਰਾਵਾਂ ‘ਚੋਂ ਸਭ ਤੋਂ ਵੱਡਾ ਹੈ ਤੇ ਉਹ ਥਾਣੇ ਨੇੜੇ ਹੇਅਰ ਕਟਿੰਗ ਦੀ ਦੁਕਾਨ ਕਰਦਾ ਹੈ। ਸਭ ਤੋਂ ਛੋਟਾ ਭਰਾ ਬਲਿਆਲ ਰੋਡ ‘ਤੇ ਦੁੱਧ ਵੇਚਣ ਦਾ ਕੰਮ ਕਰਦਾ ਹੈ ਜਦਕਿ ਉਸਦਾ ਵਿਚਕਾਰਲਾ 26 ਸਾਲਾ ਭਰਾ ਜਸਪਾਲ ਸਿੰਘ ਪੱਲੇਦਾਰੀ ਕਰਦਾ ਸੀ। ਨਿਰਮਲ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਕਰੀਬ 8 ਵਜੇ ਜਦੋਂ ਉਹ ਦੁਕਾਨ ਤੋਂ ਵਾਪਸ ਆ ਰਿਹਾ ਸੀ ਤਾਂ ਰਸਤੇ ‘ਚ ਉਸਨੂੰ ਉਸਦੇ ਲੜਕੇ ਦਾ ਫੋਨ ਆਇਆ ਕਿ ਮੁਹੱਲੇ ‘ਚ ਹਨੂੰਮਾਨ ਮੰਦਰ ਨੇੜੇ ਚਾਚੇ ਜਸਪਾਲ ਸਿੰਘ ਤੇ ਗੁਆਂਢ ‘ਚ ਰਹਿੰਦੇ ਗੁਰਧਿਆਨ ਸਿੰਘ ਦਾ ਝਗੜਾ ਹੋ ਗਿਆ ਹੈ। ਜਦੋਂ ਉਹ ਮੌਕੇ ‘ਤੇ ਪਹੁੰਚਿਆ ਤਾਂ ਦੇਖਿਆ ਕਿ ਜਸਪਾਲ ਦੀ ਖ਼ੂਨ ਨਾਲ ਲੱਥਪੱਥ ਲਾਸ਼ ਜ਼ਮੀਨ ‘ਤੇ ਪਈ ਸੀ ਜਿਸ ਨੂੰ ਗੁਰਧਿਆਨ ਨੇ ਲੋਹੇ ਦੀ ਰਾਡ ਨਾਲ ਸਿਰ ਤੇ ਮੂੰਹ ਉੱਪਰ ਕਈ ਵਾਰ ਕਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਨਿਰਮਲ ਸਿੰਘ ਅਨੁਸਾਰ ਉਸਦੇ ਭਰਾ ਜਸਪਾਲ ਸਿੰਘ ਨੇ ਉਕਤ ਗੁਰਧਿਆਨ ਸਿੰਘ ਤੋਂ ਪੈਸੇ ਲੈਣੇ ਸਨ। ਬੀਤੀ ਰਾਤ ਖਾਣਾ ਖਾਣ ਤੋਂ ਪਹਿਲਾਂ ਜਸਪਾਲ ਹਨੂੰਮਾਨ ਮੰਦਰ ਨੇੜੇ ਆਇਆ ਤਾਂ ਉੱਥੇ ਮੌਜੂਦ ਗੁਰਧਿਆਨ ਸਿੰਘ ਨੇ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ।ਓਧਰ, ਥਾਣਾ ਭਵਾਨੀਗੜ੍ਹ ਦੇ ਮੁਖੀ ਗੁਰਨਾਮ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਕਤਲ ਵਿੱਚ ਵਰਤਿਆ ਹਥਿਆਰ ਬਰਾਮਦ ਕਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਗੁਰਨਾਮ ਸਿੰਘ ਨੇ ਦੱਸਿਆ ਕਿ ਮੁਲਜ਼ਮ ਦਾ ਪਿਛੋਕੜ ਅਪਰਾਧਕ ਹੈ ਜਿਸ ਖ਼ਿਲਾਫ਼ ਪਹਿਲਾਂ ਵੀ ਮਾਮਲੇ ਦਰਜ ਹਨ।