Home Sports 83ਵਾਂ ਅਪੋਲੋ ਟਾਇਰਜ਼ ਰੂਰਲ ਸਪੋਰਟਸ ਫੈਸਟੀਵਲ ਕਿਲ੍ਹਾ ਰਾਏਪੁਰ ਧੁਮ-ਧੜੱਕੇ ਨਾਲ ਆਰੰਭ

83ਵਾਂ ਅਪੋਲੋ ਟਾਇਰਜ਼ ਰੂਰਲ ਸਪੋਰਟਸ ਫੈਸਟੀਵਲ ਕਿਲ੍ਹਾ ਰਾਏਪੁਰ ਧੁਮ-ਧੜੱਕੇ ਨਾਲ ਆਰੰਭ

61
0

 ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਕੀਤਾ ਉਦਘਾਟਨ, ਪਹਿਲੇ ਦਿਨ ਹੋਏ ਹਾਕੀ ਮੁਕਾਬਲੇ

ਲੁਧਿਆਣਾ 3 ਫਰਵਰੀ ( ਵਿਕਾਸ ਮਠਾੜੂ, ਮੋਹਿਤ ਜੈਨ) – ਪੰਜਾਬ ਦੇ ਖੇਡ ਇਤਿਹਾਸ ਤੇ ਸੱਭਿਆਚਾਰ ‘ਚ ਸੁਨਹਿਰੀ ਅੱਖਰਾਂ ਵਾਂਗ ਚਮਕਦੇ ਪਿੰਡ ਕਿਲ੍ਹਾ ਰਾਏਪੁਰ ਦਾ 83ਵਾਂ ਅਪੋਲੋ ਟਾਇਰਜ਼ ਰੂਰਲ ਸਪੋਰਟਸ ਫੈਸਟੀਵਲ, ਕਿਲ੍ਹਾ ਰਾਏਪੁਰ ਸਪੋਰਟਸ ਸੁਸਾਇਟੀ (ਪੱਤੀ ਸੁਹਾਵੀਆ) ਦੀ ਅਗਵਾਈ ‘ਚ ਪ੍ਰਵਾਸੀ ਵੀਰਾਂ, ਗ੍ਰਾਮ ਪੰਚਾਇਤ ਤੇ ਇਲਾਕੇ ਦੇ ਪਤਵੰਤੇ ਸੱਜਣਾਂ ਦੇ ਸਹਿਯੋਗ ਨਾਲ ਆਰੰਭ ਹੋ ਗਿਆ ਹੈ। ਸਵ. ਮਾਤਾ ਕੁਲਦੀਪ ਕੌਰ ਗਰੇਵਾਲ ਅਤੇ ਸਵ. ਕਮਲਜੀਤ ਸਿੰਘ ਗਰੇਵਾਲ (ਕਮਲ) ਨੂੰ ਸਮਰਪਿਤ ਇਸ ਖੇਡ ਦਾ ਉਦਘਾਟਨ ਹਲਕਾ ਗਿੱਲ ਤੋਂ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਕੀਤਾ। ਫੈਸਟੀਵਲ ਦੀ ਮੇਜ਼ਬਾਨ ਕਿਲ੍ਹਾ ਰਾਏਪੁਰ ਸੁਸਾਇਟੀ ਦੇ ਪ੍ਰਧਾਨ ਕਰਨਲ ਸੁਰਿੰਦਰ ਸਿੰਘ ਗਰੇਵਾਲ, ਜਨਰਲ ਸਕੱਤਰ ਗੁਰਵਿੰਦਰ ਸਿੰਘ ਗਰੇਵਾਲ, ਗੁਰਵਿੰਦਰ ਸਿੰਘ ਗਰੇਵਾਲ, ਸਰਪੰਚ ਗਿਆਨ ਸਿੰਘ, ਬਲਜੀਤ ਸਿੰਘ ਤੇ ਦਵਿੰਦਰ ਸਿੰਘ ਪੂਨੀਆ ਆਦਿ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ। ਮੁੱਖ ਮਹਿਮਾਨ ਵਿਧਾਇਕ ਜੀਵਨ ਸਿੰਘ ਗਿੱਲ ਨੇ ਉਦਘਾਟਨ ਮੌਕੇ ਹਾਕੀ ਮੈਚ ਦੀ ਸ਼ੁਰੂਆਤ ਕਰਵਾਈ ਅਤੇ ਹਵਾ ‘ਚ ਗੁਬਾਰੇ ਛੱਡ ਕੇ ਖੇਡਾਂ ਦਾ ਅਗਾਜ਼ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ‘ਚ ਸੂਬੇ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਲਈ ਖੇਡ ਸਰਗਰਮੀਆਂ ਨੂੰ ਮੁੜ ਸੁਰਜੀਤ ਕੀਤਾ ਜਾ ਰਿਹਾ ਹੈ, ਜਿਸ ਤਹਿਤ ਹਰ ਉਮਰ ਵਰਗ ਦੇ ਖਿਡਾਰੀਆਂ ਲਈ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਿਲ੍ਹਾ ਰਾਏਪੁਰ ਖੇਡਾਂ ਪੰਜਾਬ ਦੇ ਖੇਡ ਸੱਭਿਆਚਾਰ ਦੀਆਂ ਪ੍ਰਤੀਕ ਹਨ। ਇੰਨ੍ਹਾਂ ਖੇਡਾਂ ਨੂੰ ਹੋਰ ਅਮੀਰੀ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਮੱਦਦ ਕੀਤੀ ਜਾਵੇਗੀ। ਕਰਨਲ ਸੁਰਿੰਦਰ ਸਿੰਘ ਨੇ ਦੱਸਿਆ ਕਿ ਇੰਨ੍ਹਾਂ ਖੇਡਾਂ ਦੌਰਾਨ ਹਰ ਤਰ੍ਹਾਂ ਦੀਆਂ ਖੇਡ ਵੰਨਗੀਆਂ ਦੇ ਮੁਕਾਬਲੇ ਕਰਵਾਏ ਜਾਣਗੇ, ਜਿੰਨ੍ਹਾਂ ‘ਚ ਵਿਰਾਸਤੀ ਖੇਡਾਂ, ਉਲੰਪਿਕ ਲਹਿਰ ਨਾਲ ਜੁੜੀਆਂ ਖੇਡਾਂ ਅਤੇ ਪੰਜਾਬ ਦੀਆਂ ਮਾਰਸ਼ਲ ਖੇਡਾਂ ਸ਼ਾਮਲ ਹਨ। ਉਦਘਾਟਨੀ ਸਮਾਰੋਹ ਦੌਰਾਨ ਨਨਕਾਣਾ ਸਾਹਿਬ ਸਕੂਲ ਦੇ ਬੱਚਿਆਂ ਨੇ ਸਵਾਗਤੀ ਗੀਤ ਪੇਸ਼ ਕੀਤਾ ਅਤੇ ਭੰਗੜਾ ਪਾਇਆ। ਇਸ ਦੇ ਨਾਲ ਹੀ ਏਵਨ ਡਾਂਸਿੰਗ ਘੋੜੀ ਦਾ ਨਾਚ ਵੀ ਖਿੱਚ ਦਾ ਕੇਂਦਰ ਦਾ ਬਣਿਆ। ਲੋਕ ਰੰਗ ਮਲਵਈ ਗਿੱਧੇ ਦੀ ਟੀਮ ਨੇ ਪੰਜਾਬ ਦੇ ਲੋਕ ਨਾਚਾਂ ਦੀਆਂ ਵੰਨਗੀਆਂ ਪੇਸ਼ ਕੀਤੀਆਂ। ਮੀਰੀ-ਪੀਰੀ ਗਤਕਾ ਅਖਾੜਾ ਚਮਿੰਡਾ (ਲੁਧਿਆਣਾ) ਵੱਲੋਂ ਗਤਕੇ ਦੇ ਜੌਹਰ ਦਿਖਾਕੇ, ਮਾਹੌਲ ਨੂੰ ਜੋਸ਼ੀਲਾ ਬਣਾ ਦਿੱਤਾ। ਓਮਿਨੀ ਜੈੱਲ ਦੀ ਟੀਮ ਵੱਲੋਂ ਆਮ ਜ਼ਿੰਦਗੀ ‘ਚ ਤੰਦਰੁਸਤ ਰਹਿਣ ਲਈ ਨਾਚਾਂ ਤੇ ਕਸਰਤਾਂ ਰਾਹੀਂ ਗੁਰ ਦੱਸੇ। ਅਪੋਲੋ ਟਾਈਰਜ਼ ਵੱਲੋਂ ਤਾਕਤ ਤੇ ਵਰਜਿਸ਼ਾਂ ਨਾਲ ਸਬੰਧਤ ਇਨਾਮੀ ਮੁਕਾਬਲੇ ਕਰਵਾਏ। ਅੱਜ ਹੋਏ ਪਹਿਲੇ ਹਾਕੀ ਮੈਚ ਰਾਮਪੁਰ ਹਾਕੀ ਅਕੈਡਮੀ ਨੇ ਮੇਜ਼ਬਾਨ ਕਿਲ੍ਹਾ ਰਾਏਪੁਰ ਦੀ ਟੀਮ ਨੂੰ 2-1 ਗੋਲਾਂ ਨਾਲ ਹਰਾਕੇ ਜਿੱਤ ਦਰਜ ਕੀਤੀ। ਇਸ ਮੌਕੇ ਜਸਵਿੰਦਰ ਸਿੰਘ ਜੱਸੀ, ਰਵੀ ਝਮਟ, ਲਾਡੀ ਸੰਗੋਵਾਲ, ਯੂਥ ਆਗੂ ਆਪ ਸੋਨੀ ਗਿੱਲ ਤੇ ਸੀਨੀਅਰ ਆਗੂ ਚਰਨਜੀਤ ਸਿੰਘ ਬੁਲਾਰਾ ਵੀ ਹਾਜ਼ਰ ਸਨ। ਮੰਚ ਸੰਚਾਲਨ ਗੁਰਵਿੰਦਰ ਸਿੰਘ ਗਰੇਵਾਲ ਤੇ ਸੱਤਪਾਲ ਖਡਿਆਲ ਨੇ ਕੀਤਾ।

LEAVE A REPLY

Please enter your comment!
Please enter your name here